ਵਾਸ਼ਿੰਗਟਨ— ਅਮਰੀਕਾ ਤੇ ਕੈਨੇਡਾ ਨੇ ਵੈਨਕੂਵਰ 'ਚ ਗ੍ਰਿਫਤਾਰ ਚੀਨੀ ਅਧਿਕਾਰੀ ਦੇ ਲਈ ਨਿਰਪੱਖ ਨਿਆਇਕ ਪ੍ਰਕਿਰਿਆ ਅਪਣਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਚੀਨ ਨੂੰ ਹਿਰਾਸਤ 'ਚ ਲਏ ਗਏ ਦੋਵਾਂ ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ।
ਕੈਨੇਡਾ ਦੇ ਵਿਦੇਸ਼ ਤੇ ਰੱਖਿਆ ਮੰਤਰੀ ਨੇ ਇਥੇ ਆਪਣੇ ਅਮਰੀਕੀ ਹਮਰੁਤਬਾ ਮੰਤਰੀਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਅਧਿਕਾਰੀ ਚੀਨ ਦੀ ਟੈਲੀਕਾਮ ਕੰਪਨੀ ਹੁਵਾਵੇ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝੋਓ ਦੀ ਹਿਰਾਸਤ ਦੇ ਮਾਮਲੇ 'ਚ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਅਮਰੀਕਾ ਈਰਾਨ 'ਤੇ ਅਮਰੀਕੀ ਪਾਬੰਦੀਆਂ ਦੇ ਕਥਿਤ ਤੌਰ 'ਤੇ ਉਲੰਘਣ ਦੇ ਮਾਮਲੇ 'ਚ ਅਧਿਕਾਰੀ ਦੀ ਹਵਾਲਗੀ ਚਾਹੁੰਦਾ ਹੈ।
ਵਿਦੇਸ਼ ਮੰਤਰੀ ਨੇ ਸੰਯੁਕਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਜੋ ਸਭ ਤੋਂ ਮਹੱਤਵਪੂਰਨ ਕੰਮ ਅਸੀਂ ਕਰ ਸਕਦੇ ਹਾਂ ਉਹ ਇਹ ਹੈ ਕਿ ਸਹੀ ਤਰੀਕੇ ਨਾਲ ਕਾਨੂੰਨ ਬਰਕਰਾਰ ਰਹੇ। ਇਹ ਪੁਖਤਾ ਕੀਤਾ ਜਾਵੇ ਕਿ ਸਹੀ ਪ੍ਰਕਿਰਿਆ ਅਪਣਾਏ ਜਾਣ ਦਾ ਸ਼੍ਰੀਮਤੀ ਮੇਂਗ ਦਾ ਅਧਿਕਾਰ ਸੁਰੱਖਿਅਤ ਰਹੇ। ਨਾਲ ਹੀ ਕੈਨੇਡਾ 'ਚ ਵਰਤਮਾਨ ਨਿਆਇਕ ਪ੍ਰਕਿਰਿਆ ਸਿਆਸੀ ਰੂਪ ਨਾਲ ਬਣੀ ਰਹੇ। ਉਨ੍ਹਾਂ ਦੁਹਰਾਇਆ ਕਿ ਕੈਨੇਡਾ ਕਾਨੂੰਨ ਦੇ ਰਾਜ ਨਾਲ ਚੱਲਣ ਵਾਲਾ ਦੇਸ਼ ਹੈ, ਜਿਸ ਨੇ ਹਵਾਲਗੀ ਦੀ ਅਪੀਲ ਦਾ ਸਹੀ ਜਵਾਬ ਦਿੱਤਾ ਹੈ। ਫ੍ਰੀਲੈਂਡ ਨੇ ਕਿਹਾ ਕਿ ਕੈਨੇਡਾ 'ਚ ਇਸ ਮੁੱਦੇ 'ਤੇ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਈ ਹੈ। ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅਮਰੀਕਾ ਵੀ ਇਸ ਮਾਮਲੇ 'ਚ ਹਰ ਕਦਮ 'ਤੇ ਕਾਨੂੰਨ ਦਾ ਪਾਲਣ ਕਰ ਰਿਹਾ ਹੈ।
ਇਸ ਵਿਚਾਲੇ ਚੀਨ ਨੇ ਦੋਸ਼ ਲਾਇਆ ਕਿ ਕੈਨੇਡਾ ਤੇ ਅਮਰੀਕਾ ਆਪਣੇ ਦਾਇਰੇ ਤੋਂ ਅੱਗੇ ਵਧ ਰਹੇ ਹਨ। ਉਸ ਨੇ ਕਿਹਾ ਕਿ ਮੇਂਗ ਨੇ ਕੋਈ ਕਾਨੂੰਨ ਨਹੀਂ ਤੋੜਿਆ ਹੈ। ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਇਕ ਹੋਰ ਕੈਨੇਡੀਅਨ ਨਾਗਰਿਕ ਮਾਈਕਲ ਸਪੇਵੋਰ ਨੂੰ ਇਸ ਹਫਤੇ ਦੀ ਸ਼ੁਰੂਆਤ 'ਚ ਚੀਨ 'ਚ ਹਿਰਾਸਤ 'ਚ ਲਿਆ ਗਿਆ ਸੀ। ਉਸ ਦਾ ਕਹਿਣਾ ਹੈ ਕਿ ਕੈਨੇਡੀਅਨ ਨਾਗਰਿਕਾਂ ਨੂੰ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬੀਜਿੰਗ ਜਾਸੂਸੀ ਦੇ ਦੋਸ਼ ਲਾਉਣ ਦੌਰਾਨ ਅਕਸਰ ਇਸੇ ਮੁਹਾਵਰੇ ਦੀ ਵਰਤੋਂ ਕਰਦਾ ਹੈ। ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਜਿੰਗ 'ਚ ਉਸ ਦੇ ਰਾਜਦੂਤ ਜਾਨ ਮੈਕਲਮ ਨੂੰ ਕੋਵਰਿਗ ਤੱਕ ਵਣਜ ਦੂਤਘਰ ਪਹੁੰਚ ਮੁਹੱਈਆ ਕਰਵਾਈ ਗਈ ਤੇ ਸਪੇਵੋਰ ਤੱਕ ਪਹੁੰਚ ਮੁਹੱਈਆ ਕਰਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।
ਕੈਨੇਡੀਅਨ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਹਿਰਾਸਤ 'ਚ ਲਏ ਗਏ ਆਪਣੇ ਨਾਗਰਿਕਾਂ ਦੇ ਸਮਰਥਨ 'ਚ ਖੜ੍ਹੇ ਹੋਣ ਨੂੰ ਲੈ ਕੇ ਸਪੱਸ਼ਟ ਹਾਂ। ਅਸੀਂ ਇਸ ਗੱਲ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹਾ ਕਿਉਂ ਕੀਤਾ ਗਿਆ ਤੇ ਚੀਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਵਿਕਾਰਯੋਗ ਨਹੀਂ ਹੈ। ਉੱਧਰ ਪੋਂਪੀਓ ਨੇ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ।
ਪਾਕਿਸਤਾਨ 'ਚ ਅੱਤਵਾਦ ਰੋਕੂ ਮੁਹਿੰਮ ਦੌਰਾਨ 6 ਫੌਜੀਆਂ ਦੀ ਮੌਤ
NEXT STORY