ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਿਹਤ ਮਾਹਿਰਾਂ ਵੱਲੋਂ ਵਾਇਰਸ ਦੀ ਲਾਗ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਨੂੰ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਇਸ ਦੀ ਵਰਤੋਂ ਕਰ ਕੇ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅਮਰੀਕਾ ’ਚ ਕੁਝ ਸਮਾਂ ਪਹਿਲਾਂ ਮਾਸਕ ਪਹਿਨਣ ’ਚ ਦਿੱਤੀ ਢਿੱਲ ਨਾਲ ਇਸ ਦੀ ਵਿਕਰੀ ਘਟ ਗਈ ਸੀ ਪਰ ਹੁਣ ਸੀ. ਡੀ. ਸੀ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਮਾਸਕਾਂ ਦੀ ਵਿਕਰੀ ’ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਾਰੋਬਾਰੀਆਂ ਅਨੁਸਾਰ ਹਾਲ ਹੀ ਦੇ ਹਫਤਿਆਂ ’ਚ ਮਾਸਕ ਦੀ ਵਿਕਰੀ ਵਧ ਰਹੀ ਹੈ ਕਿਉਂਕਿ ਅਮੇਰਿਕਨ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਤ ਹਨ।
ਇਹ ਵੀ ਪੜ੍ਹੋ : ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ
ਇਨ੍ਹਾਂ ਦੀ ਵਿਕਰੀ ’ਚ ਹੋਰ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਸੀ. ਡੀ. ਸੀ. ਦੇ ਮਾਸਕਿੰਗ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੁਝ ਵਾਇਰਸ ਪ੍ਰਭਾਵਿਤ ਖੇਤਰਾਂ ’ਚ ਕੋਰੋਨਾ ਟੀਕੇ ਲੱਗੇ ਹੋਏ ਲੋਕਾਂ ਨੂੰ ਵੀ ਮਾਸਕ ਪਾਉਣ ਦੀ ਜ਼ਰੂਰਤ ਹੈ। ਅਡੋਬ ਡਿਜੀਟਲ ਇਕਾਨਮੀ ਇੰਡੈਕਸ ਦੇ ਅਨੁਸਾਰ ਮਈ ਤੋਂ ਹਫਤਾਵਾਰੀ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਖਤਮ ਹੋਏ ਹਫਤੇ ’ਚ ਮਾਸਕ ਦੀ ਵਿਕਰੀ 24 ਫੀਸਦੀ ਵਧੀ ਹੈ। ਸਾਨ ਫ੍ਰਾਂਸਿਸਕੋ ਦੀ ਇੱਕ ਰਿਟੇਲ ਕੰਪਨੀ ਇੰਸਟਾ ਕਾਰਟ ਨੇ ਕਿਹਾ ਕਿ ਇਸ ਦੇ ਆਨਲਾਈਨ ਪਲੇਟਫਾਰਮ ਰਾਹੀਂ ਮਾਸਕ ਦੀ ਵਿਕਰੀ ਜੁਲਾਈ ਦੇ ਚੌਥੇ ਹਫਤੇ ਦੇ ਅੰਤ ਤੋਂ ਵਧੀ ਹੈ, ਜੋ ਅਪ੍ਰੈਲ ’ਚ ਘਟਣੀ ਸ਼ੁਰੂ ਹੋਈ ਸੀ। ਇਸ ਤੋਂ ਇਲਾਵਾ ਸਰਚ ਇੰਝਣ ਗੂਗਲ ਅਨੁਸਾਰ ਵੀ ਸੀ. ਡੀ. ਸੀ. ਦੇ ਐਲਾਨ ਤੋਂ ਬਾਅਦ ‘ਮਾਸਕ’ ਸ਼ਬਦ ਦੀ ਸਰਚ ਦੁੱਗਣੀ ਹੋ ਗਈ ਹੈ।
ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ
NEXT STORY