ਮੋਹਾਲੀ: ਮੋਹਾਲੀ ਵਿਚ ਏਅਰਪੋਰਟ ਚੌਕ ਨੇੜੇ ਭਾਰਤਮਾਲਾ ਰੋਡ 'ਤੇ ਸ਼ੁੱਕਰਵਾਰ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਪਿੰਡ ਮੱਛਲੀਕਲਾਂ ਦੇ ਰਹਿਣ ਵਾਲੇ ਪਰਮਪ੍ਰੀਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਤੋਂ ਬਾਅਦ ਉਹ ਸੜਕ ਕਿਨਾਰੇ ਜਾ ਡਿੱਗਿਆ ਅਤੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਘਟਨਾ ਵਾਲੀ ਥਾਂ ਦੇ ਆਲੇ-ਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।
ਪਰਮਪ੍ਰੀਤ ਜੀਰਕਪੁਰ ਦੇ ਇਕ ਹੋਟਲ ਵਿਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ। ਉਹ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਉੱਥੇ ਹੀ ਆਪਣੀ ਰਿਸ਼ਤੇਦਾਰੀ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਵਿਚ ਵੱਡਾ ਯੋਗਦਾਨ ਪਾ ਰਿਹਾ ਸੀ। ਸ਼ੁੱਕਰਵਾਰ ਸਵੇਰੇ ਕਰੀਬ 7:30 ਵਜੇ ਉਹ ਮੋਟਰਸਾਈਕਲ 'ਤੇ ਜੀਰਕਪੁਰ ਤੋਂ ਆਪਣੇ ਪਿੰਡ ਵੱਲ ਨਿਕਲਿਆ ਸੀ, ਜਦੋਂ ਏਅਰਪੋਰਟ ਰੋਡ 'ਤੇ ਭਾਰਤਮਾਲਾ ਪ੍ਰੋਜੈਕਟ ਨੇੜੇ ਇਹ ਹਾਦਸਾ ਵਾਪਰ ਗਿਆ।
ਟੱਕਰ ਤੋਂ ਬਾਅਦ ਡਿਵਾਈਡਰ ਦੇ ਐਂਗਲ ਨਾਲ ਸਿਰ ਵੱਜਣ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ ਸੀ। ਪਰਮਪ੍ਰੀਤ ਦੇ ਦੋਸਤ ਗੁਰਜੀਤ ਸਿੰਘ ਨੇ ਦੱਸਿਆ ਕਿ ਸਵੇਰ ਦਾ ਸਮਾਂ ਹੋਣ ਕਾਰਨ ਸੜਕ 'ਤੇ ਟ੍ਰੈਫਿਕ ਘੱਟ ਸੀ, ਜਿਸ ਕਾਰਨ ਕੁਝ ਦੇਰ ਤੱਕ ਕਿਸੇ ਦੀ ਨਜ਼ਰ ਉਸ 'ਤੇ ਨਹੀਂ ਪਈ। ਬਾਅਦ ਵਿੱਚ ਉੱਥੋਂ ਲੰਘ ਰਹੇ ਇੱਕ ਰਾਹਗੀਰ ਨੇ ਉਸਨੂੰ ਦੇਖਿਆ ਅਤੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ।
ਪਰਮਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਰੱਖੜੀ ਦੇ ਤਿਉਹਾਰ ਮੌਕੇ ਪਰਿਵਾਰ ਉਸ ਦੇ ਘਰ ਪਹੁੰਚਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ, ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰ ਨੂੰ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਮਿਲ ਗਈ। ਦੋਸਤਾਂ ਮੁਤਾਬਕ ਪਰਮਪ੍ਰੀਤ ਦੇ ਪਿਤਾ ਬਜ਼ੁਰਗ ਹਨ ਅਤੇ ਕੋਈ ਕੰਮ ਨਹੀਂ ਕਰ ਸਕਦੇ, ਜਿਸ ਕਾਰਨ ਪਰਮਪ੍ਰੀਤ ਹੀ ਘਰ ਦਾ ਮੁੱਖ ਸਹਾਰਾ ਸੀ। ਪੁਲਸ ਪੋਸਟਮਾਰਟਮ ਦੀ ਪ੍ਰਕਿਰਿਆ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰੇਗੀ।
ਪੰਜਾਬ: ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
NEXT STORY