ਹੈਮਿਲਟਨ - ਅਮਰੀਕਾ ਵੈਨੇਜ਼ੁਏਲਾ ਵਿਰੁੱਧ ਕਾਰਵਾਈ ਕਰਨ ਲਈ ਦੱਖਣੀ ਕੈਰੇਬੀਅਨ ਖੇਤਰ ਵਿਚ ਆਪਣੀ ਮੌਜੂਦਗੀ ਤੇਜ਼ੀ ਨਾਲ ਵਧਾ ਰਿਹਾ ਹੈ। ਅਮਰੀਕਾ ਨੇ ਪੋਰਟੋ ਰੀਕੋ ਅਤੇ ਦੱਖਣੀ ਕੈਰੇਬੀਅਨ ਸਾਗਰ ਵਿਚ 10,000 ਫੌਜੀ ਅਤੇ 7 ਜੰਗੀ ਬੇੜੇ ਤਾਇਨਾਤ ਕੀਤੇ ਹਨ, ਜਿਸ ਨਾਲ ਵੈਨੇਜ਼ੁਏਲਾ ਘਿਰ ਗਿਆ ਹੈ। ਉੱਥੇ ਹੀ ਰੂਸ ਅਤੇ ਚੀਨ ਨੇ ਵਾਸ਼ਿੰਗਟਨ ’ਤੇ ਪੂਰੇ ਕੈਰੇਬੀਅਨ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ’ਚ ਪਾਉਣ ਦਾ ਦੋਸ਼ ਲਗਾਇਆ ਹੈ।
ਅਮਰੀਕਾ ਦੇ ਵੈਨੇਜ਼ੁਏਲਾ ਵੱਲ ਵਧ ਰਹੇ ਕਦਮਾਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਇਥੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ। ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵੈਸਿਲੀ ਨੇਬੇਂਜ਼ਿਆ ਨੇ ਕਿਹਾ ਕਿ ਇਕ ਪ੍ਰਭੂਸੱਤਾ ਸੰਪੰਨ ਦੇਸ਼ ਨੂੰ ਕਈ ਮਹੀਨਿਆਂ ਤੋਂ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਜਾ ਰਹੀ ਹੈ, ਜਿਸ ਨਾਲ ਸਥਿਤੀ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।
ਵੈਨੇਜ਼ੁਏਲਾ ’ਤੇ ਬਾਹਰੀ ਹਮਲੇ ਦੀ ਤਿਆਰੀ : ਸੰਯੁਕਤ ਰਾਸ਼ਟਰ ਵਿਚ ਵੈਨੇਜ਼ੁਏਲਾ ਦੇ ਰਾਜਦੂਤ ਸੈਮੂਅਲ ਮੋਂਕਾਡਾ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਬਾਹਰੋਂ ਵੈਨੇਜ਼ੁਏਲਾ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਸਮਝਦਾ ਹੈ ਕਿ ਉਹ ਦੁਨੀਆ ਦੇ ਸਾਰੇ ਸਰੋਤਾਂ ਦਾ ਮਾਲਕ ਹੈ। ਉਹ ਵੈਨੇਜ਼ੁਏਲਾ ਦੇ ਤੇਲ ਨੂੰ ਵੀ ਆਪਣਾ ਸਮਝ ਰਿਹਾ ਹੈ।
ਦੱਖਣੀ ਕੈਰੇਬੀਅਨ ਸਾਗਰ ਵਿਚ ਅਮਰੀਕਾ ਨੇ ਪਣਡੁੱਬੀਆਂ ਵੀ ਕੀਤੀਆਂ ਤਾਇਨਾਤ : ਅਮਰੀਕਾ ਨੇ ਦੱਖਣੀ ਕੈਰੇਬੀਅਨ ਖੇਤਰ ਵਿਚ 7 ਜੰਗੀ ਜਹਾਜ਼ ਤਾਇਨਾਤ ਕੀਤੇ ਹਨ, ਜਿਨ੍ਹਾਂ ਵਿਚ ਪ੍ਰਮਾਣੂ-ਸ਼ਕਤੀਸ਼ਾਲੀ ਸੰਪੰਨ ਪਣਡੁੱਬੀਆਂ ਵੀ ਸ਼ਾਮਲ ਹਨ, ਜਿਨ੍ਹਾਂ ’ਤੇ 4,500 ਤੋਂ ਵੱਧ ਨੇਵੀ ਦੇ ਕਰਮਚਾਰੀ ਤਾਇਨਾਤ ਹਨ। 8 ਅਕਤੂਬਰ ਤੱਕ ਦੱਖਣੀ ਕੈਰੇਬੀਅਨ ਸਾਗਰ ਅਤੇ ਪੋਰਟੋ ਰੀਕੋ ਵਿਚ 10,000 ਅਮਰੀਕੀ ਫੌਜੀ ਤਾਇਨਾਤ ਕਰ ਦਿੱਤੇ ਗਏ ਹਨ। ਅਮਰੀਕੀ ਨੇਵੀ ਨੇ ਇਲਾਕੇ ਵਿਚ ਐੱਫ.-35 ਲੜਾਕੂ ਜਹਾਜ਼, ਐੱਮ. ਕਿਊ.-9 ਰੀਪਰ ਡਰੋਨ ਤੇ ਖੁਫੀਆ ਅਤੇ ਕਾਰਗੋ ਜਹਾਜ਼ ਵੀ ਤਾਇਨਾਤ ਕਰ ਦਿੱਤੇ ਹਨ।
4,000 ਫੌਜੀ ਵੈਨੇਜ਼ੁਏਲਾ ਦੇ ਬਿਲਕੁਲ ਨੇੜੇ : ਰੂਸ
ਨੇਬੇਂਜ਼ੀਆ ਨੇ ਕਿਹਾ ਕਿ ਅਮਰੀਕੀ ਫੌਜ ਨੇ ਵੈਨੇਜ਼ੁਏਲਾ ਦੇ ਤੱਟ ਤੋਂ ਕੁਝ ਕਿਲੋਮੀਟਰ ਦੂਰ ਵੱਡੀ ਗਿਣਤੀ ’ਚ ਫੌਜੀ ਤਾਇਨਾਤ ਕਰ ਦਿੱਤੇ ਹਨ। 4,000 ਤੋਂ ਵੱਧ ਅਮਰੀਕੀ ਫੌਜੀ ਤਾਇਨਾਤ ਕੀਤੇ ਗਏ ਹਨ। ਇਹ ਹਮਲੇ ਦੀ ਤਿਆਰੀ ਨਹੀਂ ਤਾਂ ਹੋਰ ਕੀ ਹੈ? ਰੂਸ ਵੈਨੇਜ਼ੁਏਲਾ ਦੀਆਂ ਨਾਗਰਿਕ ਕਿਸ਼ਤੀਆਂ ’ਤੇ ਅਮਰੀਕੀ ਹਮਲੇ ਦੀ ਨਿੰਦਾ ਕਰਦਾ ਹੈ।
ਅਮਰੀਕੀ ਜੰਗੀ ਬੇੜੇ ਸ਼ਾਂਤੀ ਲਈ ਖ਼ਤਰਾ : ਚੀਨ
ਸੰਯੁਕਤ ਰਾਸ਼ਟਰ ਵਿਚ ਚੀਨ ਦੇ ਰਾਜਦੂਤ ਫੂ ਕੁਆਂਗ ਨੇ ਚਿੰਤਾ ਪ੍ਰਗਟ ਕੀਤੀ ਕਿ ਅਮਰੀਕੀ ਜੰਗੀ ਬੇੜੇ ਅੰਤਰਰਾਸ਼ਟਰੀ ਪਾਣੀਆਂ ਦੇ ਬਹਾਨੇ ਜਾਣਬੁੱਝ ਕੇ ਦੇਸ਼ ਨੂੰ ਘੇਰ ਰਹੇ ਹਨ। ਇਹ ਦੂਜਿਆਂ ਦੀ ਆਜ਼ਾਦੀ ਅਤੇ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ। ਚੀਨ ਅਮਰੀਕੀ ਜੰਗੀ ਬੇੜਿਆਂ ਦੁਆਰਾ ਸੰਯੁਕਤ ਰਾਸ਼ਟਰ ਚਾਰਟਰ ਦੀ ਕਿਸੇ ਵੀ ਉਲੰਘਣਾ ਦਾ ਵਿਰੋਧ ਕਰੇਗਾ।
ਸੀ-17 ਪੋਰਟੋ ਰੀਕੋ ’ਚ ਤਾਇਨਾਤ
ਇਸ ਮਹੀਨੇ ਅਮਰੀਕਾ ਨੇ ਇਕ ਸਹਾਇਤਾ ਮਿਸ਼ਨ ਦੇ ਹਿੱਸੇ ਵਜੋਂ ਆਪਣਾ ਫੌਜੀ ਕਾਰਗੋ ਸੀ-17 ਪੋਰਟੋ ਰੀਕੋ ਵਿਚ ਤਾਇਨਾਤ ਕੀਤਾ। ਪੋਰਟੋ ਰੀਕੋ ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਤੋਂ ਲੱਗਭਗ 800 ਕਿਲੋਮੀਟਰ ਦੂਰ ਹੈ।
ਕਤਰ ਕਰ ਰਿਹਾ ਮਨਾਉਣ ਦੀ ਕੋਸ਼ਿਸ਼
ਨਿਊਯਾਰਕ ਟਾਈਮਜ਼ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਜੋ ਰਿਪੋਰਟ ਦਿੱਤੀ ਹੈ, ਉਸ ਦੇ ਅਨੁਸਾਰ ਕੈਰੇਬੀਅਨ ਖੇਤਰ ਵਿਚ ਨਾਰਕੋ-ਅੱਤਵਾਦ ਅਤੇ ਨਿਕੋਲਸ ਮੁਦਰੋ ਨਾਲ ਜੁੜੇ ਸਮੂਹਾਂ ਵਿਰੁੱਧ ਸਿੱਧੀ ਕਾਰਵਾਈ ਕਰਨ ਦੇ ਨਿਰਦੇਸ਼ ਹਨ। ਕਤਰ ਇਸ ਮਾਮਲੇ ਵਿਚ ਅਮਰੀਕਾ ਅਤੇ ਵੈਨੇਜ਼ੁਏਲਾ ਵਿਚਕਾਰ ਵਿਚੋਲਗੀ ਕਰ ਰਿਹਾ ਹੈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੱਕ ਕਤਰ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਹੈ। ਅਮਰੀਕਾ ਪਹਿਲਾਂ ਹੀ ਕੈਰੇਬੀਅਨ ਖੇਤਰ ਵਿਚ ਵੈਨੇਜ਼ੁਏਲਾ ਦੇ 4 ਜਹਾਜ਼ਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ।
ਉੱਤਰੀ ਕੋਰੀਆ ਵੱਲੋਂ ਫੌਜੀ ਪਰੇਡ ’ਚ ਨਵੀਂ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਪ੍ਰਦਰਸ਼ਨ
NEXT STORY