ਵਾਸ਼ਿੰਗਟਨ : ਅਮਰੀਕੀ ਕਿਰਤ ਵਿਭਾਗ (US Department of Labor) ਨੇ ਭਾਰਤੀ ਅਤੇ ਅਮਰੀਕੀ ਆਈ.ਟੀ. (IT) ਕੰਪਨੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਉਨ੍ਹਾਂ ਦੇ ਗ੍ਰੀਨ ਕਾਰਡ ਨਾਲ ਜੁੜੇ 'ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ' (PERM) ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਵਿੱਚ ਇਨਫੋਸਿਸ (Infosys), ਟੀ.ਸੀ.ਐੱਸ. (TCS), ਵਿਪਰੋ (Wipro), ਐੱਚ.ਸੀ.ਐੱਲ. (HCL), ਕੋਗਨੀਜ਼ੈਂਟ (Cognizant) ਅਤੇ ਕੈਪਜੈਮਿਨੀ (Capgemini) ਵਰਗੀਆਂ ਪ੍ਰਮੁੱਖ ਭਾਰਤੀ ਆਈ.ਟੀ. ਕੰਪਨੀਆਂ ਤੋਂ ਇਲਾਵਾ ਮਾਈਕ੍ਰੋਸਾਫਟ (Microsoft) ਅਤੇ ਅਡੋਬ (Adobe) ਵੀ ਸ਼ਾਮਲ ਹਨ। ਅਮਰੀਕੀ ਪ੍ਰਸ਼ਾਸਨ ਨੇ ਇਨ੍ਹਾਂ ਕੰਪਨੀਆਂ 'ਤੇ ਵਿਦੇਸ਼ੀ ਕਰਮਚਾਰੀਆਂ ਲਈ ਗ੍ਰੀਨ ਕਾਰਡ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ।
ਅਮਰੀਕਾ ਵਿੱਚ ਸਥਾਈ ਨੌਕਰੀ ਦੇ ਆਧਾਰ 'ਤੇ ਗ੍ਰੀਨ ਕਾਰਡ ਲੈਣ ਦੀ ਪ੍ਰਕਿਰਿਆ ਵਿੱਚ PERM ਪ੍ਰੋਗਰਾਮ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਪ੍ਰੋਗਰਾਮ ਤਹਿਤ ਕੰਪਨੀ ਨੂੰ ਅਮਰੀਕੀ ਕਿਰਤ ਵਿਭਾਗ ਕੋਲ ਇਹ ਸਾਬਤ ਕਰਨਾ ਹੁੰਦਾ ਹੈ ਕਿ ਸਬੰਧਤ ਅਹੁਦੇ ਲਈ ਕੋਈ ਯੋਗ ਅਮਰੀਕੀ ਨਾਗਰਿਕ ਉਪਲਬਧ ਨਹੀਂ ਹੈ, ਜਿਸ ਤੋਂ ਬਾਅਦ ਹੀ ਵਿਦੇਸ਼ੀ ਕਰਮਚਾਰੀ ਲਈ ਗ੍ਰੀਨ ਕਾਰਡ ਦੀ ਪ੍ਰਕਿਰਿਆ ਅੱਗੇ ਵਧਦੀ ਹੈ। ਅਮਰੀਕੀ ਕਿਰਤ ਮੰਤਰੀ ਕੀਥ ਸੋਂਡਰਲਿੰਗ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ 'ਤੇ ਇਸ ਵਿਵਸਥਾ ਦੀ ਗਲਤ ਵਰਤੋਂ ਦੇ ਦੋਸ਼ ਹਨ। ਉਨ੍ਹਾਂ ਮਾਈਕ੍ਰੋਸਾਫਟ 'ਤੇ ਸਭ ਤੋਂ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੀ ਸਭ ਤੋਂ ਵੱਧ ਦੁਰਵਰਤੋਂ ਮਾਈਕ੍ਰੋਸਾਫਟ ਵੱਲੋਂ ਕੀਤੀ ਗਈ ਹੈ।
ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਦੱਸਿਆ ਕਿ ਮਾਈਕ੍ਰੋਸਾਫਟ ਨੇ ਸਾਲ 2025 ਵਿੱਚ ਲਗਭਗ 6,000 ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਜਦਕਿ ਉਸੇ ਸਮੇਂ ਕੰਪਨੀ ਨੂੰ 6,000 ਤੋਂ ਵੱਧ H-1B ਵੀਜ਼ੇ ਮਨਜ਼ੂਰ ਹੋਏ ਅਤੇ 3,682 ਗ੍ਰੀਨ ਕਾਰਡਾਂ ਲਈ ਅਰਜ਼ੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਲਗਭਗ 1,000 ਅਰਜ਼ੀਆਂ ਉਨ੍ਹਾਂ ਹੀ ਅਹੁਦਿਆਂ ਲਈ ਸਨ ਜਿਨ੍ਹਾਂ ਤੋਂ ਅਮਰੀਕੀ ਕਾਮਿਆਂ ਨੂੰ ਹਟਾਇਆ ਗਿਆ ਸੀ। ਵੈਂਸ ਅਨੁਸਾਰ ਵੀਜ਼ਾ ਅਤੇ ਗ੍ਰੀਨ ਕਾਰਡ ਵਿਵਸਥਾ ਹੁਣ ਵੱਡੇ ਪੱਧਰ 'ਤੇ ਗੜਬੜੀਆਂ ਅਤੇ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੀ ਹੈ।
ਅਮਰੀਕੀ ਕਿਰਤ ਵਿਭਾਗ ਨੇ ਹਾਰਵਰਡ, ਯੇਲ ਅਤੇ ਸਟੈਨਫੋਰਡ ਵਰਗੀਆਂ 9 ਪ੍ਰਮੁੱਖ ਯੂਨੀਵਰਸਿਟੀਆਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਹੈ। ਦੋਸ਼ ਹੈ ਕਿ ਇਨ੍ਹਾਂ ਸੰਸਥਾਵਾਂ ਨੇ ਅਮਰੀਕੀ ਕਰਮਚਾਰੀਆਂ ਦੀਆਂ ਤਨਖਾਹਾਂ ਘੱਟ ਕਰਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ 'ਤੇ ਰੱਖਣ ਦੀ ਕੋਸ਼ਿਸ਼ ਕੀਤੀ।
ਇਸ ਕਾਰਵਾਈ ਨਾਲ ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਇਨ੍ਹਾਂ ਕੰਪਨੀਆਂ ਰਾਹੀਂ ਅਰਜ਼ੀ ਦੇਣ ਵਾਲੇ ਭਾਰਤੀ ਕਰਮਚਾਰੀਆਂ ਲਈ ਦੇਰੀ ਅਤੇ ਅਨਿਸ਼ਚਿਤਤਾ ਵਧ ਸਕਦੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪਹਿਲਾਂ ਤੋਂ ਮਨਜ਼ੂਰ ਹੋ ਚੁੱਕੇ ਗ੍ਰੀਨ ਕਾਰਡ ਰੱਦ ਨਹੀਂ ਹੋਣਗੇ, ਪਰ ਨਵੀਆਂ ਅਤੇ ਚੱਲ ਰਹੀਆਂ ਅਰਜ਼ੀਆਂ 'ਤੇ ਇਸ ਦਾ ਸਿੱਧਾ ਅਸਰ ਪਵੇਗਾ। ਅਮਰੀਕੀ ਸਰਕਾਰ ਅਨੁਸਾਰ ਇਸ ਪੂਰੀ ਕਾਰਵਾਈ ਦਾ ਮਕਸਦ ਅਮਰੀਕੀ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
400 ਸਾਲ ਉਮਰ ਤੇ 10 ਸਾਲ ਦਾ ਗਰਭਕਾਲ! ਇਨ੍ਹਾਂ ਮੱਛੀਆਂ ਨੂੰ ਕਿਉਂ ਮਾਰਨਾ ਚਾਹੁੰਦੇ ਹਨ ਲੋਕ?
NEXT STORY