ਨਵੀਂ ਦਿੱਲੀ (ਇੰਟ.)- ਦੁਨੀਆ ’ਚ ਬਹੁ-ਮੋਰਚੇ ’ਤੇ ਜੰਗ, ਸਾਈਬਰ ਹਮਲਿਆਂ ਅਤੇ ਵਿਦੇਸ਼ੀ ਸਪਲਾਈ ਚੇਨਾਂ ਦੇ ਵਿਘਨ ਦੇ ਖਦਸ਼ਿਆਂ ਵਿਚਾਲੇ ਅਮਰੀਕਾ ਆਪਣੀਆਂ ਫੌਜੀ ਤਿਆਰੀਆਂ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਵਿਚ ਜੁਟ ਗਿਆ ਹੈ। ਪੈਂਟਾਗਨ ਦੀ ‘ਫੋਰਟ੍ਰੈਸ ਅਮਰੀਕਾ’ ਯੋਜਨਾ ਤਹਿਤ ਮੁੱਖ ਫੌਜੀ ਅੱਡਿਆਂ ਨੂੰ 90 ਦਿਨਾਂ ਤੱਕ ਬਾਹਰੀ ਨਾਗਰਿਕ ਬੁਨਿਆਦੀ ਢਾਂਚੇ ਦੀ ਮਦਦ ਤੋਂ ਬਿਨਾਂ ਸੰਚਾਲਿਤ ਰੱਖਣ ਦੀ ਸਮਰੱਥਾ ਵਿਕਸਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਫੌਜੀ ਟਿਕਾਣਿਆਂ ’ਤੇ ਬਿਜਲੀ, ਪਾਣੀ, ਈਂਧਨ ਅਤੇ ਸੰਚਾਰ ਦੀ ਸੁਤੰਤਰ ਵਿਵਸਥਾ ਤਿਆਰ ਕੀਤੀ ਜਾਵੇਗੀ।
ਕੁਆਂਟਿਕੋ ’ਚ ਹੋਇਆ ਯੋਜਨਾ ਦਾ ਐਲਾਨ
ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ 30 ਸਤੰਬਰ, 2026 ਨੂੰ ਵਰਜੀਨੀਆ ਸਥਿਤ ਮਰੀਨ ਕਾਰਪਸ ਬੇਸ ਕੁਆਂਟਿਕੋ ’ਚ ਆਪਣੇ ‘ਸਟੇਟ ਆਫ ਦਿ ਫੋਰਸ’ ਸੰਬੋਧਨ ਦੌਰਾਨ ਇਸ ਯੋਜਨਾ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 6 ਅਕਤੂਬਰ ਨੂੰ ਰੱਖਿਆ ਮੰਤਰਾਲੇ ਦੇ ਪ੍ਰਾਪਤੀ ਅਤੇ ਰੱਖ-ਰਖਾਅ ਮਾਮਲਿਆਂ ਦੇ ਅਧੀਨ ਸਕੱਤਰ ਮਾਈਕਲ ਡਫੀ ਨੇ ਇਕ ਮੈਮੋਰੰਡਮ ਜਾਰੀ ਕਰ ਕੇ ਇਸ ਲਈ ਵੱਖਰਾ ਪ੍ਰੋਗਰਾਮ ਦਫ਼ਤਰ ਗਠਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਰਿਚਰਡ ‘ਮੈਟ’ ਓ’ਮੈਲੀ ਨੂੰ ਇਸ ਦਾ ਅੰਤ੍ਰਿਮ ਡਾਇਰੈਕਟਰ ਬਣਾਇਆ ਗਿਆ ਹੈ। 25 ਅਕਤੂਬਰ ਨੂੰ ਫਾਕਸ ਨਿਊਜ਼ ਨੇ ਪੈਂਟਾਗਨ ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਮੁੱਖ ਫੌਜੀ ਅੱਡਿਆਂ ਲਈ 90 ਦਿਨਾਂ ਦੀ ਆਤਮਨਿਰਭਰਤਾ ਦਾ ਟੀਚਾ ਸਾਹਮਣੇ ਰੱਖਿਆ।
ਪੰਜ ਮੋਰਚਿਆਂ ’ਤੇ ਮਜ਼ਬੂਤ ਹੋਵੇਗੀ ਸੁਰੱਖਿਆ
ਯੋਜਨਾ ਦੇ ਪੰਜ ਮੁੱਖ ਥੰਮ੍ਹ ਹਨ। ਇਨ੍ਹਾਂ ’ਚ ਊਰਜਾ ਆਤਮਨਿਰਭਰਤਾ, ਰੱਖਿਆ ਉਪਕਰਣਾਂ ਅਤੇ ਪੁਰਜ਼ਿਆਂ ਦੀ ਸਪਲਾਈ ਚੇਨ ਮਜ਼ਬੂਤ ਕਰਨਾ, ਪੁਲਾੜ ਅਤੇ ਸੰਚਾਰ ਪ੍ਰਣਾਲੀਆਂ ਦੀ ਸੁਰੱਖਿਆ, ਰਣਨੀਤਕ ਰੱਖਿਆ ਭੰਡਾਰ ਤਿਆਰ ਕਰਨਾ ਅਤੇ ਫੌਜੀ ਟਿਕਾਣਿਆਂ ਦੀ ਭੌਤਿਕ ਅਤੇ ਸਾਈਬਰ ਸੁਰੱਖਿਆ ਵਧਾਉਣਾ ਸ਼ਾਮਲ ਹੈ। ਇਸ ਦਾ ਉਦੇਸ਼ ਵਿਦੇਸ਼ੀ ਸਪਲਾਇਰਾਂ ਅਤੇ ਆਮ ਨਾਗਰਿਕ ਸਹੂਲਤਾਂ ’ਤੇ ਨਿਰਭਰਤਾ ਘਟਾਉਣਾ ਹੈ।
ਮਾਈਕ੍ਰੋ ਰਿਐਕਟਰ ਅਤੇ ਸੌਰ ਊਰਜਾ ਤੋਂ ਬਿਜਲੀ
ਫੌਜੀ ਅੱਡਿਆਂ ਨੂੰ ਬਿਜਲੀ ਗ੍ਰਿਡ ਤੋਂ ਵੱਖ ਹੋ ਕੇ ਵੀ ਕੰਮ ਕਰਨ ਯੋਗ ਬਣਾਉਣ ਲਈ ਪੋਰਟੇਬਲ ਪ੍ਰਮਾਣੂ ਮਾਈਕ੍ਰੋ ਰਿਐਕਟਰ, ਸੁਤੰਤਰ ਮਾਈਕ੍ਰੋਗ੍ਰਿਡ, ਵੱਡੇ ਬੈਟਰੀ ਭੰਡਾਰ, ਸੌਰ ਅਤੇ ਜੀਓਥਰਮਲ ਊਰਜਾ ਅਤੇ ਕੁਦਰਤੀ ਗੈਸ ’ਤੇ ਅਾਧਾਰਿਤ ਉਤਪਾਦਨ ਵਰਗੇ ਬਦਲਾਂ ’ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਪਾਣੀ ਅਤੇ ਸੰਚਾਰ ਲਈ ਵੀ ਬਦਲਵੀਂ ਵਿਵਸਥਾ ਵਿਕਸਿਤ ਹੋਵੇਗੀ। ਈਂਧਨ, ਗੋਲਾ-ਬਾਰੂਦ, ਇਲੈਕਟ੍ਰਾਨਿਕਸ, ਮਹੱਤਵਪੂਰਨ ਖਣਿਜਾਂ ਅਤੇ ਮੈਡੀਕਲ ਸਮੱਗਰੀ ਦਾ ਰਣਨੀਤਕ ਭੰਡਾਰ ਵਧਾਉਣ ਦੇ ਨਾਲ-ਨਾਲ ਐਮਰਜੈਂਸੀ ਦੀ ਸਥਿਤੀ ਵਿਚ ਰੱਖਿਆ ਉਤਪਾਦਨ ਲਈ ਘਰੇਲੂ ਕਾਰਖਾਨਿਆਂ ਦੀ ਪਛਾਣ ਵੀ ਕੀਤੀ ਜਾਵੇਗੀ।
‘ਜੰਗ ਸ਼ੁਰੂ ਹੋਣ ਤੋਂ ਬਾਅਦ ਤਿਆਰੀ ਕਰਨਾ ਦੇਰ ਹੋ ਜਾਵੇਗੀ’
ਪੈਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਦੇ ਅਨੁਸਾਰ, ਭਵਿੱਖ ਦੀਆਂ ਜੰਗਾਂ ਕਈ ਮੋਰਚਿਆਂ ’ਤੇ ਫੈਲ ਸਕਦੀਆਂ ਹਨ ਅਤੇ ਗਲੋਬਲ ਸਪਲਾਈ ਚੇਨਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਬਿਜਲੀ ਫੌਜੀ ਉਪਕਰਣਾਂ ਦੇ ਨਾਲ-ਨਾਲ ਸੰਚਾਰ, ਪਾਣੀ, ਰਾਸ਼ਣ, ਉਤਪਾਦਨ ਅਤੇ ਕਮਾਂਡ ਵਿਵਸਥਾ ਲਈ ਵੀ ਲਾਜ਼ਮੀ ਹੈ। ਇਸ ਲਈ ਜੰਗ ਸ਼ੁਰੂ ਹੋਣ ਤੋਂ ਬਾਅਦ ਤਿਆਰੀ ਕਰਨਾ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਇਸ ਯੋਜਨਾ ਨੂੰ ਅਮਰੀਕੀ ਮਾਤ ਭੂਮੀ ਦੀ ਸੁਰੱਖਿਆ ਲਈ ‘ਬੀਮਾ ਵਿਵਸਥਾ’ ਦੱਸਿਆ।
ਬਾਕਸ
ਯੂਰਪ ’ਚ ਵੀ ਐਮਰਜੈਂਸੀ ਤਿਆਰੀ ’ਤੇ ਜ਼ੋਰ
ਅਮਰੀਕਾ ਦੇ ਨਾਲ-ਨਾਲ ਯੂਰਪ ਵਿਚ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਤਿਆਰੀ ਵਧ ਰਹੀ ਹੈ। ਬ੍ਰਿਟੇਨ ਨੇ ਨਾਗਰਿਕਾਂ ਨੂੰ ਤਿੰਨ ਦਿਨਾਂ ਦਾ ਜ਼ਰੂਰੀ ਸਾਮਾਨ ਰੱਖਣ, ਜਰਮਨੀ ਨੇ 10 ਦਿਨਾਂ ਦੇ ਭੋਜਨ-ਪਾਣੀ ਦਾ ਭੰਡਾਰ ਬਣਾਉਣ ਅਤੇ ਯੂਰਪੀਅਨ ਕਮਿਸ਼ਨ ਨੇ 72 ਘੰਟਿਆਂ ਦੀ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਅਮਰੀਕੀ ਟਿੱਪਣੀਕਾਰ ਗਲੇਨ ਬੈਕ ਵੱਲੋਂ 2027 ਵਿਚ ਵੱਡੇ ਸੰਕਟ ਜਾਂ ਹਮਲਿਆਂ ਦਾ ਖਦਸ਼ਾ ਪ੍ਰਗਟਾਉਣਾ ਉਨ੍ਹਾਂ ਦਾ ਨਿੱਜੀ ਅੰਦਾਜ਼ਾ ਹੈ, ਕੋਈ ਐਲਾਨੀ ਅਧਿਕਾਰਤ ਭਵਿੱਖਬਾਣੀ ਨਹੀਂ।
ਬੁਲਗਾਰੀਆ 'ਚ ਰਾਸ਼ਟਰਪਤੀ ਚੋਣਾਂ ਦਾ ਦੂਜਾ ਗੇੜ ਸ਼ੁਰੂ
NEXT STORY