ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਤੇਜ਼ ਹੋ ਗਈ ਹੈ। ਅਮਰੀਕੀ ਫੌਜੀਆਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪ੍ਰਮੁੱਖ ਫੌਜੀ ਬੇਸ ਬਗਰਾਮ ਨੂੰ ਅਲਵਿਦਾ ਕਹਿ ਦਿੱਤਾ। ਅਮਰੀਕੀ ਫੌਜ ਨੇ ਤਾਲਿਬਾਨ ਨੂੰ ਬਾਹਰ ਕੱਢਣ ਤੇ 9/11 ਦੇ ਹਮਲੇ ਦੇ ਅਲ ਕਾਇਦਾ ਦੇ ਅੱਤਵਾਦੀਆਂ ਦਾ ਸ਼ਿਕਾਰ ਕਰਨ ਲਈ 20 ਸਾਲ ਤਕ ਬਗਰਾਮ ਏਅਰਫੀਲਡ ਨੂੰ ਆਪਣਾ ਫੌਜੀ ਅੱਡਾ ਬਣਾਇਆ ਸੀ। ਦੂਜੇ ਪਾਸੇ ਬਗਰਾਮ ਤੋਂ ਅਮਰੀਕੀ ਫੌਜੀ ਚਲੇ ਗਏ ਪਰ ਆਪਣੇ ਪਿੱਛੇ ਸੈਂਕੜੇ ਟਨਾਂ ਦੇ ਹਿਸਾਬ ਨਾਲ ਕਚਰਾ ਛੱਡ ਗਏ ਹਨ। ਇਸ ਨੂੰ ਲੈ ਕੇ ਅਫਗਾਨੀ ਅਧਿਕਾਰੀ ਦੱਸਦੇ ਹਨ ਕਿ ਅਮਰੀਕੀ ਫੌਜਾਂ ਕੋਲ ਜੋ ਸਾਜ਼ੋ-ਸਾਮਾਨ ਹੈ, ਉਸ ਨੂੰ ਜਾਂ ਤਾਂ ਉਹ ਲੈ ਜਾਣਗੇ ਜਾਂ ਫਿਰ ਸਾਨੂੰ ਦੇ ਦੇਣਗੇ ਪਰ ਉਦੋਂ ਅਜਿਹਾ ਬਹੁਤ ਕੁਝ ਬਚ ਜਾਵੇਗਾ, ਜੋ ਕਿਸੇ ਖਾਤੇ ਵਿਚ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਚੀਨ ਦੀ ਦਾਦਾਗਿਰੀ ! ਕੋਰੋਨਾ ਬਹਾਨੇ ਭਾਰਤ ਤੋਂ ਸੀ-ਫੂਡ ਦੀ ਦਰਾਮਦ 'ਤੇ ਲਾਈ ਰੋਕ
ਇਸ ਵਿਚ ਬਹੁਤ ਸਾਰਾ ਇਲੈਕਟ੍ਰਿਕ ਕਚਰਾ ਹੈ, ਜੋ 20 ਸਾਲ ਤਕ ਇਥੇ ਰਹੇ ਇਕ ਲੱਖ ਤੋਂ ਜ਼ਿਆਦਾ ਫੌਜੀਆਂ ਨੇ ਵਰਤ ਕੇ ਛੱਡਿਆ ਹੈ। ਇਸ ਨੂੰ ਸਾਫ ਕਰਨ ’ਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਹਾਲਾਂਕਿ ਬਗਰਾਮ ਦੇ ਜਿਸ ਇਲਾਕੇ ਵਿਚ ਕਚਰਾ ਪਿਆ ਹੈ, ਉਥੇ ਲੋਕਾਂ ਦੀ ਭੀੜ ਕੁਝ ਵਧੀਆ ਚੀਜ਼ਾਂ ਲੱਭਣ ਲਈ ਜੁੜਨੀ ਸ਼ੁਰੂ ਹੋ ਗਈ ਹੈ। ਕੁਝ ਲੋਕਾਂ ਨੂੰ ਕਈ ਕੰਮ ਦੀਆਂ ਚੀਜ਼ਾਂ ਵੀ ਮਿਲ ਰਹੀਆਂ ਹਨ, ਜਿਵੇਂ ਕਿ ਫੌਜੀਆਂ ਦੇ ਬੂਟ, ਰੇਡੀਓ, ਲੋਹੇ ਦਾ ਸਾਮਾਨ ਤੇ ਕੀਮਤੀ ਧਾਤੂਆਂ। ਲੋਕਾਂ ਨੂੰ ਕਚਰੇ ਵਿਚ ਕਈ ਅਜਿਹੀਆਂ ਚੀਜ਼ਾਂ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਉਹ ਨਿਸ਼ਾਨੀ ਵਜੋਂ ਆਪਣੇ ਕੋਲ ਸਾਂਭ ਕੇ ਰੱਖ ਰਹੇ ਹਨ।
1979 ਵਿਚ ਜਦੋਂ ਸੋਵੀਅਤ ਸੰਘ ਦੀ ਫੌਜ ਇਥੇ ਆਈ ਸੀ ਤਾਂ ਉਸ ਨੇ ਵੀ ਬਗਰਾਮ ਨੂੰ ਹੀ ਆਪਣਾ ਫੌਜੀ ਅੱਡਾ ਬਣਾਇਆ ਸੀ। ਹੁਣ ਫਿਰ ਲੋਕਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਇਸ ਜਗ੍ਹਾ ’ਤੇ ਤਾਲਿਬਾਨ ਦਾ ਕਬਜ਼ਾ ਨਾ ਹੋ ਜਾਵੇ ਕਿਉਂਕਿ ਜਿਵੇਂ-ਜਿਵੇਂ ਅਮਰੀਕੀ ਫੌਜੀ ਅਫਗਾਨਿਸਤਾਨ ਛੱਡ ਕੇ ਜਾ ਰਹੇ ਹਨ ਤਾਂ ਤਾਲਿਬਾਨ ਨੇ ਕਈ ਸ਼ਹਿਰਾਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ 1 ਮਈ ਤੋਂ ਫੌਜ ਵਾਪਸੀ ਦਾ ਫੈਸਲਾ ਲਿਆ ਸੀ। ਪੂਰੀ ਫੌਜ ਦੀ ਵਾਪਸੀ 11 ਸਤੰਬਰ 2021 ਤਕ ਹੋਵੇਗੀ। ਇਸੇ ਦਿਨ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਨੂੰ 20 ਸਾਲ ਹੋ ਜਾਣਗੇ। ਇਸ ਸਮੇਂ ਅਫਗਾਨਿਸਤਾਨ ਵਿਚ 2500 ਤੋਂ ਜ਼ਿਆਦਾ ਅਮਰੀਕੀ ਤੇ ਨਾਟੋ ਦੇਸ਼ਾਂ ਦੇ 7000 ਫੌਜੀ ਤਾਇਨਾਤ ਹਨ।
ਇੰਗਲੈਂਡ : ਵੇਲਜ਼ ਦੇ ਸਮੁੰਦਰੀ ਕੰਢੇ 'ਤੇ ਦੱਬੇ ਹੋਏ ਮਿਲੇ 200 ਮਨੁੱਖੀ ਪਿੰਜਰ
NEXT STORY