ਰੋਮ (ਦਲਵੀਰ ਸਿੰਘ ਕੈਂਥ, ਟੇਕ ਚੰਦ ਜਗਤਪੁਰ) : ਇਟਲੀ ਦੇ ਸੂਬੇ ਵੈਨੇਤੋ ਦੇ ਸ਼ਹਿਰ ਮੌਨਤੇਕਿਓ ਮਜੋਰੇ (ਵਿਚੈਂਸਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਇਟਲੀ ਦੀਆਂ ਸਮੂਹ ਸਤਿਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਤਿਗੁਰੂ ਰਵਿਦਾਸ ਨਾਮ ਲੇਵਾ ਇਟਲੀ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ, ਯੁੱਗ ਪੁਰਸ਼, ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬਹੁਤ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਗੁਰੂਘਰ ਵਿਖੇ ਨਤਮਸਤਕ ਹੋਈਆਂ। "ਹਰਿ" ਦੇ ਨਿਸ਼ਾਨ ਸਾਹਿਬ ਦੀ ਰਸਮ ਸਮੁੱਚੀਆਂ ਸੰਗਤਾਂ ਵੱਲੋਂ ਗੁਰੂ ਜੀ ਦੇ ਜੈਕਾਰਿਆਂ ਨਾਲ ਸਾਂਝੇ ਤੌਰ 'ਤੇ ਨਿਭਾਈ ਗਈ।

ਇਸ ਆਗਮਨ ਪੁਰਬ ਸਮਾਰੋਹ ਵਿਚ ਗਿਆਨੀ ਸਤਨਾਮ ਸਿੰਘ ਨੇ ਗੁਰੂ ਜੀ ਦੀ ਅੰਮ੍ਰਿਤਬਾਣੀ ਵਿੱਚੋਂ ਸ਼ਬਦ ਗਾਇਨ ਕਰਕੇ ਦਰਬਾਰ ਵਿੱਚ ਸ਼ਬਦਾਂ ਦੁਆਰਾ ਭਰਵੀਂ ਹਾਜ਼ਰੀ ਲਗਾਈ। ਇਸ ਮੌਕੇ 4 ਯੁੱਗੀ "ਹਰਿ" ਦੇ ਨਿਸ਼ਾਨੀਆਂ ਦੀ ਅਗਵਾਈ ਵਿੱਚ ਤੇ "ਅੰਮ੍ਰਿਤ ਬਾਣੀ" ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਕਿ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਮੌਨਤੇਕਿਓ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਸ਼ਾਮੀਂ ਗੁਰੂਘਰ ਪਹੁੰਚਿਆ। ਇਸ ਮੌਕੇ ਸੰਗਤਾਂ ਦੇ ਲਗਾਏ ਜੈਕਾਰੇ "ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ" ਨਾਲ ਗੂੰਜ ਉੱਠਿਆ। ਇਸ ਪ੍ਰਕਾਸ਼ ਦਿਵਸ ਸਮਾਗਮ ਵਿੱਚ ਇਟਲੀ ਦੇ ਵਿਰੋਨਾ, ਬੈਰਗਾਮੋ, ਬਰੇਸ਼ੀਆ, ਕਰੇਮੋਨਾ, ਮਾਨਤੋਵਾ, ਰਿਜੋਇਮਿਲੀਆ, ਤਰਵੀਜੋ, ਅਰੇਸ਼ੋ ਤੇ ਰੋਮ ਆਦਿ ਸ਼ਹਿਰਾਂ ਤੋਂ ਸੰਗਤਾਂ ਨੇ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਿਰਕਤ ਕੀਤੀ। ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਮੌਕੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਜਿੱਥੇ ਪ੍ਰਸ਼ਾਦ ਵਰਤਾਏ ਗਏ, ਉੱਥੇ ਮਿਸ਼ਨਰੀ ਜੱਥਿਆਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਪੂਰੇ ਉਤਸ਼ਾਹ ਅਤੇ ਬੁਲੰਦ ਆਵਾਜ਼ ਵਿੱਚ ਦਿੱਤਾ ਗਿਆ।
-ll.jpg)
ਇਟਲੀ ਦੇ ਵਿਚੈਂਸਾ ਵਿਖੇ ਗੁਰਪੁਰਬ ਸਬੰਧੀ ਸਜਿਆ ਇਹ ਨਗਰ ਇਟਲੀ ਭਰ ਵਿੱਚ ਵਿਸੇ਼ਸ ਤੌਰ ਤੇ ਸਮੁੱਚੀਆਂ ਸੰਗਤਾਂ ਲਈ ਖਿੱਚ ਦਾ ਕੇਂਦਰ ਹੈ ਕਿਉਂਕਿ ਇਹ ਨਗਰ ਕੀਰਤਨ ਮਿਸ਼ਨਰੀਆਂ ਦਾ ਗੜ੍ਹ ਜਲੰਧਰ ਦੀ ਬੂਟਾ ਮੰਡੀ ਦਾ ਭੁਲੇਖਾ ਪਾਉਂਦਾ ਹੈ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਬੂਟਾ ਮੰਡੀ ਵਿੱਚ ਸੰਗਤਾਂ ਦੇ ਵੱਡੇ ਇੱਕਠ ਵੱਲੋਂ ਠਾਠਾਂ ਮਾਰਦੇ ਅਲੌਕਿਕ ਨਜ਼ਾਰਿਆਂ ਨਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਦਾ ਨਜ਼ਾਰਾ ਵਿਚੈਂਸਾ ਦੇ ਸ਼ਹਿਰ ਮੌਨਤੇਕਿਓ ਮਜੋਰੇ ਵਿਖੇ ਨਗਰ ਕੀਰਤਨ ਦਾ ਦੇਖਣ ਯੋਗ ਹੁੰਦਾ ਹੈ। ਇਸ ਵਾਰ ਤਾਂ ਇਸ ਪ੍ਰਕਾਸ਼ ਦਿਵਸ ਸਮਾਗਮ ਨੂੰ ਹੋਰ ਵੀ ਚਾਰ ਚੰਦ ਉਦੋਂ ਲੱਗ ਗਏ, ਜਦੋਂ ਪੰਜਾਬ ਦੀ ਧਰਤੀ ਤੋਂ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ, ਮਿਸ਼ਨਰੀ ਪ੍ਰਚਾਰਕ ਸਾਈਂ ਪੱਪਲ ਸ਼ਾਹ ਤੇ ਮਿਸ਼ਨਰੀ ਪ੍ਰਚਾਰਕ ਸੰਤ ਗੁਰਦੀਪ ਗਿਰੀ ਪਠਾਨਕੋਟ ਵਾਲਿਆਂ ਨੇ ਇਸ ਗੁਰਪੁਰਬ ਸਮਾਗਮ ਮੌਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿੱਤੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਆਪਣੀ ਇਨਕਲਾਬੀ ਇਲਾਹੀ ਬਾਣੀ ਦੁਆਰਾ ਅੰਡਬਰਵਾਦ, ਪਾਖੰਡਵਾਦ, ਜਾਤਪਾਤ ਵਿਰੁੱਧ ਅਤੇ ਸਮਾਜਿਕ ਸਮਾਨਤਾ ਦੀ ਬਹਾਲੀ ਲਈ ਕੀਤੇ ਸੰਘਰਸ਼ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਤਾਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਇਨਕਲਾਬੀ ਸ਼ਬਦ ਦੁਆਰਾ ਸੰਗਤਾਂ ਨੂੰ ਜਾਗਰੂਕ ਕਰਦਿਆਂ ਮਿਸ਼ਨ ਨਾਲ ਜੁੜਨ ਦਾ ਹੋਕਾ ਵੀ ਦਿੱਤਾ। ਇਸ ਆਗਮਨ ਪੁਰਬ ਸਮਾਗਮ ਵਿੱਚ ਪ੍ਰਸਿੱਧ ਲੋਕ ਗਾਇਕ ਬਲਰਾਜ ਬਿਲਗਾ ਤੇ ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਵਿੱਚ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।

ਇਸ ਪ੍ਰਕਾਸ਼ ਦਿਹਾੜੇ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਸਮਾਰੋਹ ਮੌਕੇ ਹਾਜ਼ਰ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕਿਓ (ਵਿਚੈਂਸਾ) ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਮਾਜ ਅੰਦਰ ਮੌਕੇ ਦੇ ਮਨੂੰਵਾਦੀ ਸਰਮਾਏਦਾਰਾਂ ਅਤੇ ਜਾਤੀ ਅਭਿਮਾਨੀ ਹਾਕਮਾਂ ਦੀਆਂ ਮਨੁੱਖਤਾ ਵਿਰੋਧੀ ਗਤੀਵਿਧੀਆਂ ਦੇ ਵਿਰੁੱਧ ਕੀਤੀਆਂ ਘਾਲਣਾਵਾਂ ਦੀ ਬਦੌਲਤ ਹੀ ਦੁਨੀਆ ਭਰ ਵਿੱਚ ਦਲਿਤ ਸਮਾਜ ਸਮਾਨਤਾ ਅਤੇ ਸਨਮਾਨਿਤ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਵੇਰੇ-ਸਵੇਰੇ ਆਈ ਆਫ਼ਤ! ਬੰਦ ਕਰਵਾਉਣੇ ਪਏ ਸਕੂਲ
NEXT STORY