ਕਾਕਸ ਬਜ਼ਾਰ— ਰੋਹਿੰਗਿਆ ਬਾਗ਼ੀਆਂ ਵੱਲੋਂ 25 ਅਗਸਤ ਨੂੰ ਰਖਾਈਨ ਸੂਬੇ ਵਿੱਚ ਮਿਆਂਮਾਰ ਸੁਰੱਖਿਆ ਬਲਾਂ ਉਤੇ ਕੀਤੇ ਹਮਲੇ ਤੋਂ ਬਾਅਦ ਫ਼ੌਜ ਵੱਲੋਂ ਕੀਤੀ ਖੂਨੀ ਕਾਰਵਾਈ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਤਕਰੀਬਨ ਤਿੰਨ ਲੱਖ ਰੋਹਿੰਗੀਆ ਮੁਸਲਮਾਨ ਜਾਨ ਬਚਾ ਕੇ ਬੰਗਲਾਦੇਸ਼ ਨੂੰ ਭੱਜ ਚੁੱਕੇ ਹਨ। ਡਰ ਕਾਰਨ ਬੰਗਲਾਦੇਸ਼ ਵੱਲ ਕੂਚ ਕਰ ਰਹੇ ਇਸ ਭਾਈਚਾਰੇ ਦੇ ਬਹੁ ਗਿਣਤੀ ਲੋਕਾਂ ਤੱਕ ਮਦਦ ਪਹੁੰਚਾਉਣ ਲਈ ਸੁਰੱਖਿਆ ਬਲਾਂ ਅਤੇ ਇਸ ਭਾਈਚਾਰੇ ਦੇ ਲੋਕਾਂ ਨੇ ਸ਼ਾਂਤੀ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ 25 ਅਗਸਤ ਵਾਲੇ ਹਮਲੇ ਤੋਂ ਬਾਅਦ 294000 ਰੋਹਿੰਗੀਆ ਸ਼ਰਨਾਰਥੀ ਬੰਗਲਾਦੇਸ਼ ਵਿੱਚ ਪੁੱਜ ਚੁਕੇ ਹਨ।
ਕੌਣ ਹਨ ਰੋਹਿੰਗੀਆ ਮੁਸਲਮਾਨ
ਰੋਹਿੰਗੀਆ ਸ਼ਬਦ ਮਿਆਂਮਾਰ 'ਚ ਇਕ ਤਰ੍ਹਾਂ ਨਾਲ ਪਾਬੰਦੀਸ਼ੁਦਾ ਸ਼ਬਦ ਹੈ। ਰੋਹਿੰਗੀਆ ਮਿਆਂਮਾਰ 'ਚ ਰਹਿ ਰਹੇ ਘੱਟ ਗਿਣਤੀ ਮੁਸਲਮਾਨ ਹਨ। ਮਿਆਂਮਾਰ ਸਰਕਾਰ ਰਖਾਈਨ ਸੂਬੇ 'ਚ ਰਹਿਣ ਵਾਲੇ ਮੁਸਲਿਮ ਇਨ੍ਹਾਂ ਘੱਟ ਗਿਣਤੀ ਮੁਸਲਮਾਨਾਂ ਨੂੰ ਜੋ ਖੁਦ ਨੂੰ ਰੋਹਿੰਗੀਆ ਦੱਸਦੇ ਹਨ ਦੀ ਪਛਾਣ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਆਏ ਹੋਏ ਬੰਗਾਲੀ ਮੰਨਦੀ ਹੈ। ਮਿਆਂਮਾਰ ਦੇ 1982 ਨਾਗਰਿਕਤਾ ਕਾਨੂੰਨ ਤਹਿਤ ਰੋਹਿੰਗੀਆ ਨੂੰ 135 ਵੱਖ-ਵੱਖ ਜਾਤੀ ਸਮੂਹਾਂ 'ਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ।
ਰੋਹਿੰਗੀਆ ਮੁਸਲਿਮ ਇੰਡੋ-ਆਰਯਨ ਭਾਈਚਾਰੇ ਦੇ ਲੋਕ ਹਨ ਜੋ ਕਿ ਮੁੱਖ ਤੌਰ 'ਤੇ ਮਿਆਂਮਾਰ ਦੇ ਪੱਛਮੀ ਕੰਢੇ 'ਤੇ ਰਹਿੰਦੇ ਹਨ। ਰੋਹਿੰਗੀਆ ਭਾਈਚਾਰੇ ਦੇ ਲੋਕ ਭਾਰਤ, ਬੰਗਲਾਦੇਸ਼, ਸਾਊਦੀ ਅਰਬ ਅਤੇ ਹੋਰ ਕਈ ਦੇਸ਼ਾਂ 'ਚ ਹਨ ਪਰ ਮਿਆਂਮਾਰ 'ਚ ਇਨ੍ਹਾਂ ਦੀ ਆਬਾਦੀ ਸਭ ਤੋਂ ਵਧ ਹੈ। ਮਿਆਂਮਾਰ ਅੰਦਰ ਉਹ ਪੱਛਮੀ ਕੰਢੇ ਸਥਿਤ, ਰਖਾਈਨ ਸੂਬੇ 'ਚ ਕੇਂਦਰਿਤ ਹੈ। ਮਿਆਂਮਾਰ 'ਚ ਰਹਿਣ ਵਾਲੇ 520 ਲੱਖ ਲੋਕਾਂ 'ਚੋਂ ਲਗਭਗ 13 ਲੱਖ ਰੋਹਿੰਗੀਆ ਮੁਸਲਿਮ ਹਨ।
ਕਿਉਂ ਕਰ ਰਹੇ ਨੇ ਸੰਘਰਸ਼
ਦਰਅਸਲ ਰੋਹਿੰਗੀਆ ਮਿਆਂਮਾਰ 'ਚ ਪੂਰੀ ਤਰ੍ਹਾਂ ਨਾਗਰਿਕਤਾ ਦਾ ਦਰਜਾ ਚਾਹੁੰਦੇ ਹਨ ਅਤੇ ਸਰਕਾਰ ਤੇ ਬੁੱਧ ਵਧ ਗਿਣਤੀ ਭਾਈਚਾਰੇ ਦੇ ਲੋਕ ਇਨ੍ਹਾਂ ਨੂੰ ਆਪਣੇ ਦੇਸ਼ ਦਾ ਨਾਗਰਿਕ ਨਹੀਂ ਮੰਨਦੇ ਅਤੇ ਦੇਸ਼ ਤੋਂ ਬਾਹਰ ਭੇਜਣਾ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਨਜ਼ਰ 'ਚ ਇਹ ਲੋਕ ਦੇਸ਼ 'ਚ ਅੱਤਵਾਦ ਅਤੇ ਅਸਥਿਰਤਾ ਫੈਲਾਅ ਰਹੇ ਹਨ। ਇਹੀ ਤਣਾਅ ਦਾ ਮੁੱਖ ਕਾਰਨ ਹੈ।
ਮਿਆਂਮਾਰ 'ਚ ਫੌਜ ਅਤੇ ਅਰਾਕਾਨ ਰੋਹਿੰਗੀਆ ਰੱਖਿਆ ਫੌਜ ਦਰਮਿਆਨ ਲੜਾਈ ਜਾਰੀ ਹੈ। ਅਰਾਕਾਨ ਰੋਹਿੰਗੀਆ ਰੱਖਿਆ ਫੌਜ (ਅਰਸਾ) ਉੱਤਰੀ ਮਿਆਂਮਾਰ ਦੇ ਰਖਾਈਨ ਸੂਬੇ ਤੋਂ ਸਰਗਰਮ ਹੈ। ਰਖਾਈਨ ਸੂਬਾ ਰੋਹਿੰਗੀਆ ਮੁਸਲਮਾਨ ਵਧ ਗਿਣਤੀ ਇਲਾਕਾ ਹੈ, ਜਿੱਥੇ ਸਭ ਤੋਂ ਜ਼ਿਆਦਾ ਹਿੰਸਾ ਹੋਈ ਹੈ। ਇਥੇ ਬੰਗਲਾਦੇਸ਼ ਤੋਂ ਆਏ ਲੋਕਾਂ ਨੂੰ ਨਾਜਾਇਜ਼ ਪ੍ਰਵਾਸੀ ਐਲਾਨ ਦਿੱਤਾ ਹੈ।
ਆਈ. ਸੀ. ਜੀ. ਦੀ ਰਿਪੋਰਟ ਦੱਸਦੀ ਹੈ ਕਿ ਅਰਸਾ 'ਚ ਸ਼ਾਮਲ ਜ਼ਿਆਦਾਤਰ ਨੌਜਵਾਨ ਰੋਹਿੰਗੀਆ ਪੁਰਸ਼ ਹਨ। ਇਹ ਸਾਰੇ ਸਾਲ 2012 'ਚ ਹੋਏ ਦੰਗਿਆਂ ਤੋਂ ਬਾਅਦ ਸਰਕਾਰ ਦੀ ਹਿੰਸਕ ਪ੍ਰਤੀਕਿਰਿਆ ਤੋਂ ਨਾਰਾਜ਼ ਹਨ ਅਤੇ ਇਸ ਕਤਲੇਆਮ ਦਾ ਬਦਲਾ ਲੈਣਾ ਚਾਹੁੰਦੇ ਹਨ। ਸਾਲ 1962 'ਚ ਫੌਜ ਨੇ ਤਖਤਾਪਲਟ ਤੋਂ ਬਾਅਦ ਸਰਕਾਰ ਨੂੰ ਉਖਾੜ ਦਿੱਤਾ ਸੀ। ਦੇਸ਼ 'ਚ ਫੌਜੀ ਸ਼ਾਸਨ 2015 ਤੱਕ ਜਾਰੀ ਰਿਹਾ ਅਤੇ ਇਸ ਦੌਰਾਨ ਦੇਸ਼ 'ਚ ਕਈ ਦੰਗੇ, ਵਿਰੋਧ ਪ੍ਰਦਰਸ਼ਨ, ਕਰਫਿਊ, ਅੱਗ ਲਗਾਉਣ ਦੀਆਂ ਕਈ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਜੋ ਦੇਸ਼ ਨੂੰ ਮੁੜ ਲੋਕਤੰਤਰ ਦੇ ਰਸਤੇ ਲਿਆਂਦਾ ਜਾ ਸਕੇ। ਇਸ ਦੌਰਾਨ ਸਭ ਤੋਂ ਜ਼ਿਆਦਾ ਸ਼ਿਕਾਰ ਰੋਹਿੰਗੀਆ ਮੁਸਲਿਮ ਹੋਏ ਹਨ।
ਮਿਸਰ ਦੇ ਉੱਤਰੀ ਸਿਨਾਈ 'ਚ ਧਮਾਕਾ, 18 ਪੁਲਸ ਕਰਮਚਾਰੀਆਂ ਦੀ ਮੌਤ
NEXT STORY