ਰਾਜਸਥਾਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਭੁੱਲ ਗਏ ਕਿ ਉਹ ਪ੍ਰਧਾਨ ਮੰਤਰੀ ਹਨ ਅਤੇ ਇਹ ਵੀ ਭੁੱਲ ਗਏ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਵੱਲੋਂ ਬਣਾਏ ਆਦਰਸ਼ ਚੋਣ ਜ਼ਾਬਤੇ (ਐੱਮ. ਸੀ. ਸੀ) ਦੀ ਪਾਲਣਾ ਕਰਨੀ ਹੈ। ਉਨ੍ਹਾਂ ਦੇ ਧੁਰ ਅੰਦਰਲੇ ਵਿਚਾਰਾਂ ਨੇ ਉਨ੍ਹਾਂ ਦੀ ਜ਼ੁਬਾਨ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਮੁਸਲਮਾਨਾਂ ’ਤੇ (ਉਨ੍ਹਾਂ ਦਾ ਨਾਂ ਲਏ ਬਿਨਾਂ) ਘੁਸਪੈਠ ਕਰਨ ਦਾ ਦੋਸ਼ ਲਗਾਇਆ ਜੋ ਕਿਸੇ ਸਮੇਂ ਭਾਰਤ ਵਿਚ ਲੁਕ ਕੇ ਦਾਖਲ ਹੋ ਗਏ ਸਨ। ਉਨ੍ਹਾਂ ਨੇ ਉਨ੍ਹਾਂ ’ਤੇ ਕਈ ਬੱਚੇ ਪੈਦਾ ਕਰਨ ਦਾ ਵੀ ਦੋਸ਼ ਲਾਇਆ।
ਉਨ੍ਹਾਂ ਨੂੰ ਕਿਸ ਚੀਜ਼ ਨੇ ਅਸਥਿਰ ਕੀਤਾ? ਮੇਰਾ ਅੰਦਾਜ਼ਾ ਇਹ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਦੀ ਆਪਣੀ ਹਰਮਨਪਿਆਰਤਾ, ਜੋ ਫੀਸਦੀ ਦੇ ਹਿਸਾਬ ਨਾਲ ਰਾਹੁਲ ਗਾਂਧੀ ਨਾਲੋਂ ਦੁੱਗਣੀ ਸੀ, ਘਟੀ ਹੈ ਅਤੇ ਰਾਹੁਲ ਦੀ ਹਰਮਨਪਿਆਰਤਾ ਵਧੀ ਹੈ। ਮੋਦੀ ਦੇ ਹੱਕ ਵਿਚ ਅਜੇ ਵੀ ਇਕ ਫਰਕ ਹੈ ਪਰ ਇਹ ਕਿਤੇ ਵੀ ਓਨਾ ਸੁਖਾਵਾਂ ਨਹੀਂ ਹੈ ਜਿੰਨਾ ਪਹਿਲਾਂ ਸੀ। ਇਹ ਗਿਆਨ ਉਨ੍ਹਾਂ ਨੂੰ ਚਿੜਚਿੜਾ ਅਤੇ ਪ੍ਰੇਸ਼ਾਨ ਕਰ ਰਿਹਾ ਹੈ।
ਆਪਣੇ ਅੰਦਰਲੇ ਪੂਰਵ-ਅਨੁਮਾਨਾਂ ਉੱਤੇ ਗੌਰਵਮਈ ਕਾਬੂ ਰੱਖਣ ਦੀ ਬਜਾਏ, ਉਨ੍ਹਾਂ ਨੇ ਡੂੰਘੇ ਸੰਕਟ ਅਤੇ ਗੁੱਸੇ ਦੇ ਪਲ ਵਿਚ ਕਿਹਾ ਕਿ ਗਾਂਧੀ ਪਰਿਵਾਰ ਦੀ ਕਾਂਗਰਸ ਪਾਰਟੀ ਅਮੀਰਾਂ ਦੀਆਂ ਪਤਨੀਆਂ ਦੇ ਸੋਨੇ ਦੇ ਗਹਿਣੇ ਖੋਹਣ ਅਤੇ ਘੁਸਪੈਠੀਆਂ ਨੂੰ ‘ਵੰਡਣ’ ਦੀ ਯੋਜਨਾ ਬਣਾ ਰਹੀ ਹੈ, ਜੋ ਕਈ ਬੱਚੇ ਪੈਦਾ ਕਰਦੇ ਹਨ। ਇਸ ਗਲਤੀ ਦਾ ਅਹਿਸਾਸ ਕਰਦੇ ਹੋਏ, ਅਗਲੇ ਦਿਨ ਉਨ੍ਹਾਂ ਦੀ ਪ੍ਰਚਾਰ ਮਸ਼ੀਨ ਵਲੋਂ ਘੁਸਪੈਠੀਆਂ ਅਤੇ ਵੱਡੇ ਪਰਿਵਾਰਾਂ ਦੇ ਸੰਦਰਭ ਨੂੰ ਉਨ੍ਹਾਂ ਦੇ ਭਾਸ਼ਣ ਦੇ ਸਰਕਾਰੀ ਐਡੀਸ਼ਨ ਤੋਂ ਹਟਾ ਦਿੱਤਾ ਗਿਆ।
ਪਿਛਲੇ ਸਮੇਂ ਦਾ ਚੋਣ ਕਮਿਸ਼ਨ, ਜਿਸ ਨੇ ਭਾਰਤੀ ਚੋਣਾਂ ਨੂੰ ਨਿਆਂ ਅਤੇ ਨਿਰਪੱਖਤਾ ਨਾਲ ਕਰਵਾਉਣ ਲਈ ਇੰਨੀ ਮਜ਼ਬੂਤ ਸਾਖ ਬਣਾਈ ਸੀ, ਜੇਕਰ ਐੱਮ. ਸੀ. ਸੀ. ’ਚ ਇਸ ਤਰ੍ਹਾਂ ਦੀਆਂ ਸਿਰੇ ਦੀਆਂ ਉਲੰਘਣਾਵਾਂ ਹੁੰਦੀਆਂ ਤਾਂ ਤੁਰੰਤ ਦਖਲ ਦਿੰਦਾ। ਸ਼ਰਮ ਦੀ ਗੱਲ ਹੈ ਕਿ ਅੱਜ ਦੇ ਈ. ਸੀ. ਆਈ. ਨੇ ਨਰਿੰਦਰ ਮੋਦੀ ਦੇ ਮਾਮਲੇ ਵਿਚ ਹੋਰ ਤੇਜ਼ ਅਤੇ ਫੈਸਲਾਕੁੰਨ ਕਾਰਵਾਈ ਕਰਨਾ ਉਚਿਤ ਨਹੀਂ ਸਮਝਿਆ। ਕਮਜ਼ੋਰੀ ਦੇ ਇਸ ਇਸ਼ਾਰੇ ਦਾ ਉਨ੍ਹਾਂ ਲੋਕਾਂ ਦੁਆਰਾ ਸ਼ੋਸ਼ਣ ਕੀਤਾ ਜਾਵੇਗਾ ਜੋ ਇਹ ਮੰਨਦੇ ਹਨ ਕਿ ਸ਼ਾਸਨ ਦੇ ਸਾਰੇ ਅਦਾਰੇ ਸੰਵਿਧਾਨ ਦੀ ਉਲੰਘਣਾ ਕਰ ਕੇ ਸੱਤਾਧਾਰੀ ਵਿਵਸਥਾ ਦੇ ਮੁਖੀ ਦੇ ਇਕਲੌਤੇ ਅਧਿਕਾਰ ਨੂੰ ਕਾਇਮ ਰੱਖਣ ਲਈ ਇਕ ਅਣਲਿਖਤ ਜ਼ਿੰਮੇਵਾਰੀ ਦੇ ਅਧੀਨ ਹਨ, ਜਿਸ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਅਤੇ ਡਰ ਜਾਂ ਪੱਖਪਾਤ ਤੋਂ ਬਿਨਾਂ ਕੰਮ ਕਰਨ ਦੀ ਆਸ ਕੀਤੀ ਹੈ।
ਆਓ ਪਹਿਲਾਂ ਮੋਦੀ ਵੱਲੋਂ ਮੁਸਲਿਮ ਘੱਟ-ਗਿਣਤੀਆਂ ਵਿਰੁੱਧ ਲਾਏ ਗਏ ਘੁਸਪੈਠੀਆ ਹੋਣ ਦੇ ਦੋਸ਼ਾਂ ਦਾ ਵੱਧ ਤੋਂ ਵੱਧ ਵਿਸ਼ਲੇਸ਼ਣ ਕਰੀਏ। ਸਾਡੇ ਵਰਗੇ ਵਿਸ਼ਾਲ ਦੇਸ਼ ਵਿਚ, ਸਰਹੱਦ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੋਵੇਗੀ। ਪੱਛਮੀ ਸਰਹੱਦ ਜਿੱਥੇ ਫੌਜ ਲੱਗੀ ਹੋਈ ਹੈ ਉਥੇ ਗਿਣਤੀ ਘੱਟ ਹੈ। ਉਹ ਤਬਾਹੀ ਮਚਾਉਣ ਲਈ ਮੁਸਲਿਮ ਬਹੁ-ਗਿਣਤੀ ਵਾਲੇ ਜੰਮੂ-ਕਸ਼ਮੀਰ ਵਿਚ ਦਾਖ਼ਲ ਹੋ ਜਾਂਦੇ ਹਨ। ਭਾਰਤ ਇਸ ਸਮੱਸਿਆ ਵੱਲ ਧਿਆਨ ਦੇ ਰਿਹਾ ਹੈ। ਇਨ੍ਹਾਂ ਖਾਸ ‘ਅਣਚਾਹੇ ਮਹਿਮਾਨਾਂ’ ਨੂੰ ਸੋਨੇ ਦੇ ਗਹਿਣਿਆਂ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਸਾਡੇ ਸੁਰੱਖਿਆ ਬਲਾਂ ਨੂੰ 24 ਘੰਟੇ ਚੌਕਸ ਰੱਖਣ ਲਈ ਆਏ ਹਨ।
ਘੁਸਪੈਠੀਏ ਸਾਡੀਆਂ ਪੂਰਬੀ ਸਰਹੱਦਾਂ ’ਤੇ ਇਕ ਜੀਵੰਤ ਸਮੱਸਿਆ ਹੈ। ਇਹ ਉਸ ਕਿਸਮ ਦੀ ਆਰਥਿਕ ਸਮੱਸਿਆ ਹੈ ਜਿਸਦਾ ਸਾਹਮਣਾ ਅਮਰੀਕਾ, ਕੈਨੇਡਾ ਅਤੇ ਯੂ. ਕੇ. ਨੂੰ ਉਦੋਂ ਕਰਨਾ ਪੈਂਦਾ ਸੀ ਜਦੋਂ ਪੰਜਾਬ ਜਾਂ ਇੱਥੋਂ ਤੱਕ ਕਿ ਗੁਜਰਾਤ ਤੋਂ ਸਾਡੇ ਮੁੰਡੇ ਹਰੀਆਂ-ਭਰੀਆਂ ਚਰਾਂਦਾਂ ਦੀ ਭਾਲ ਵਿਚ ਗੈਰ-ਕਾਨੂੰਨੀ ਢੰਗਾਂ ਨਾਲ ਵਧੇਰੇ ਖੁਸ਼ਹਾਲ ਪੱਛਮੀ ਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਸਨ।
ਪੱਛਮੀ ਬੰਗਾਲ ਜਾਂ ਅਸਾਮ ਵਿਚ ਬੰਗਲਾਦੇਸ਼ੀਆਂ ਦੀ ਆਮਦ ਇਕ ਵੱਡੀ ਸਮੱਸਿਆ ਸੀ, ਜੋ ਪਿਛਲੇ ਇਕ ਜਾਂ ਦੋ ਦਹਾਕਿਆਂ ਵਿਚ ਘੱਟ ਗਈ ਹੈ ਕਿਉਂਕਿ ਕੱਪੜਾ ਨਿਰਮਾਣ ਅਤੇ ਦਰਾਮਦ ਕਾਰਨ ਬੰਗਲਾਦੇਸ਼ ਦੀ ਆਰਥਿਕਤਾ ਵਿਚ ਸੁਧਾਰ ਹੋਇਆ ਹੈ। ਬੰਗਲਾਦੇਸ਼ੀ, ਹਿੰਦੂ ਅਤੇ ਮੁਸਲਮਾਨ ਦੋਵੇਂ, ਪਾਕਿਸਤਾਨੀ ਸ਼ਾਸਨ ਤੋਂ ਬੰਗਲਾਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਹੀ ਅਸਾਮ ਵਿਚ ਆ ਗਏ ਸਨ। ਇਸ ਆਮਦ ਨੇ ਅਸਾਮ ਵਿਚ ਇਕ ਵੱਡੀ ਆਰਥਿਕ ਅਤੇ ਸਮਾਜਿਕ ਸਮੱਸਿਆ ਪੈਦਾ ਕੀਤੀ, ਜਿਸ ਕਾਰਨ ਉਸ ਰਾਜ ਵਿਚ ਨਾਗਰਿਕਾਂ ਦਾ ਰਾਸ਼ਟਰੀ ਰਜਿਸਟਰ ਬਣਾਇਆ ਗਿਆ। ਉਹ ਮਾਮਲਾ ਅਜੇ ਸੁਲਝਿਆ ਨਹੀਂ ਹੈ ਕਿਉਂਕਿ ਬਾਅਦ ਦੀ ਮਰਦਮਸ਼ੁਮਾਰੀ ਵਿਚ ਮੁਸਲਮਾਨਾਂ ਨਾਲੋਂ ਵੱਧ ਹਿੰਦੂਆਂ ਨੂੰ ਘੁਸਪੈਠੀਆ ਕਰਾਰ ਦਿੱਤਾ ਗਿਆ ਸੀ। ਹਿੰਦੂ ਘੁਸਪੈਠੀਆਂ ਨੂੰ ਬਾਹਰ ਕੱਢਣਾ ਹਿੰਦੂਤਵ ਦੀ ਵਿਚਾਰਧਾਰਾ ਅਤੇ ਸੀ. ਏ. ਏ. ਦੀ ਰਚਨਾ ਦਾ ਕਾਰਨ ਬਣਿਆ।
ਜੇਕਰ ਮੋਦੀ ਸਾਰੇ ਮੁਸਲਮਾਨਾਂ ਦਾ ਜ਼ਿਕਰ ਕਰ ਰਹੇ ਹਨ, ਜਿਵੇਂ ਕਿ ਉਹ ਸੁਝਾਅ ਦਿੰਦੇ ਹਨ, ਤਾਂ ਉਨ੍ਹਾਂ ਦੀ ਨਿਰਾਸ਼ਾ ਦਾ ਕੋਈ ਕਾਨੂੰਨੀ ਜਾਂ ਨੈਤਿਕ ਆਧਾਰ ਨਹੀਂ ਹੈ। ਭਾਰਤ ’ਤੇ ਹਮਲਾ ਕਰਨ ਵਾਲੇ ਮੁਗਲਾਂ ਅਤੇ ਅਫਗਾਨਾਂ ਨੇ ਮਿਸ਼ਰਿਤ ਵੰਸ਼ਜਾਂ ਨੂੰ ਪਿੱਛੇ ਛੱਡ ਦਿੱਤਾ, ਪਰ ਅਲੈਗਜ਼ੈਂਡਰ (ਸਿਕੰਦਰ) ਵੀ ਅਜਿਹਾ ਹੀ ਸੀ, ਜਿਸ ਦੀ ਮੈਸੇਡੋਨੀਅਨ ਫੌਜ ਪਾਰਸੀਆਂ ਨੂੰ ਜਿੱਤਣ ਤੋਂ ਬਾਅਦ ਸਿੰਧ ਨਦੀ ਦੇ ਕੰਢੇ ਤੱਕ ਪਹੁੰਚੀ।
ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜੋ ਇਹ ਕਹਿ ਸਕੇ ਕਿ ਉਹ ‘ਘੁਸਪੈਠੀਆਂ’ ਤੋਂ ਮੁਕਤ ਹੈ। ਰਿਕਾਰਡ ਕੀਤੇ ਇਤਿਹਾਸ ਦੇ ਸਮੇਂ ਤੋਂ ਹੀ ਸਾਰੀਆਂ ਸੱਭਿਅਤਾਵਾਂ ਨੇ ਪ੍ਰਦੇਸੀਆਂ ਦੀਆਂ ਸਰਗਰਮੀਆਂ ਦਾ ਅਨੁਭਵ ਕੀਤਾ ਹੈ। ਭਾਰਤ ਵਿਚ ਆਰੀਅਨ ਲੋਕਾਂ ਨੇ ਦ੍ਰਾਵਿੜਾਂ ਅਤੇ ਮੂਲ ਕਬੀਲਿਆਂ ਦਾ ਅਨੁਸਰਨ ਕੀਤਾ, ਜਿਨ੍ਹਾਂ ਨੂੰ ਅਸੀਂ ਆਦਿਵਾਸੀ ਕਹਿੰਦੇ ਹਾਂ। ਸਾਡੇ ਦੇਸ਼ ਦੇ ਉੱਤਰ-ਪੂਰਬ ਵਿਚ ਰਹਿਣ ਵਾਲੇ ਮੰਗੋਲੋਇਡ ਕਬੀਲੇ ਇਸ ਦ੍ਰਿਸ਼ ਵਿਚ ਇਕ ਹੋਰ ਪਹਿਲੂ ਜੋੜਦੇ ਹਨ। ਆਰੀਅਨਾਂ ਬਾਰੇ ਗੱਲ ਕਰੀਏ ਤਾਂ ਅਡੌਲਫ ਹਿਟਲਰ ਨੇ ਯਹੂਦੀਆਂ ਅਤੇ ਜਿਪਸੀਆਂ ਤੋਂ ਛੁਟਕਾਰਾ ਪਾ ਲਿਆ ਕਿਉਂਕਿ ਉਹ ਆਰੀਅਨ ਨਸਲ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣਾ ਚਾਹੁੰਦਾ ਸੀ!
ਆਇਤੁੱਲਾ ਦੇ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਈਰਾਨ ਦੇ ਸ਼ਾਹ ਵਲੋਂ ਗ੍ਰਹਿਣ ਕੀਤੀਆਂ ਗਈਆਂ ਉਪਾਧੀਆਂ ’ਚੋਂ ਇਕ ਉਪਾਧੀ ‘ਆਰੀਆਮੇਹਰ’ ਸੀ। (ਕਿਰਪਾ ਕਰਕੇ ਨੋਟ ਕਰੋ ਕਿ ਮੇਰਾ ਆਰੀਅਨਾਂ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਮੇਰੇ ਆਪਣੇ ਪੂਰਵਜ ਉਸੇ ਵੰਸ਼ ਨਾਲ ਸਬੰਧਤ ਸਨ ਜੋ ਹਜ਼ਾਰਾਂ ਸਾਲ ਪਹਿਲਾਂ ਰਿਸ਼ੀ ਪਰਸ਼ੂਰਾਮ ਨਾਲ ਗੋਆ ਆਏ ਸਨ)।
ਮੋਦੀ ਦੇ ਗ੍ਰਹਿ ਰਾਜ ਗੁਜਰਾਤ ਵਿਚ, ਰਾਜਪੂਤ ਵੰਸ਼ ਦੇ ਮੁਸਲਮਾਨਾਂ ਦਾ ਇਕ ਭਾਈਚਾਰਾ ਹੈ, ਜਿਸ ਨੂੰ ‘ਮੁਸਲਿਮੀਨ ਘੇਰਾਸੀਆ’ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਮੁਗਲ ਸ਼ਾਸਨ ਦੌਰਾਨ ਇਸਲਾਮ ਕਬੂਲ ਕੀਤਾ ਸੀ। ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਮੁਸਲਮਾਨੀ ਨਾਂ ਰੱਖਦਾ ਹੈ ਪਰ ਦੂਜੇ ਪੁੱਤਰ ਅਤੇ ਧੀਆਂ ਹਿੰਦੂ ਨਾਂ ਰੱਖਣਾ ਜਾਰੀ ਰੱਖਦੇ ਹਨ। ਪੁਰਾਣੇ ਬੰਬਈ ਸੂਬੇ ਵਿਚ ਇਕ ਆਈ. ਏ. ਐੱਸ. ਅਧਿਕਾਰੀ ਫਤਹਿ ਸਿੰਘ ਰਾਣਾ ਸਨ, ਜੋ ਕਿਸੇ ਸਮੇਂ ਸੂਬੇ ਦੇ ਗ੍ਰਹਿ ਸਕੱਤਰ ਸਨ, ਉਹ ਮੁਸਲਮਾਨ ਘੇਰਾਸੀਆ ਸਨ।
ਮੈਂ ਮੋਦੀ ਜੀ ’ਤੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸਾਰੇ ਮੁਸਲਮਾਨ ਉਸ ਅਰਥ ਵਿਚ ਘੁਸਪੈਠੀਏ ਨਹੀਂ ਹਨ ਜਿਵੇਂ ਉਹ ਵਰਣਨ ਕਰ ਰਹੇ ਹਨ। ਜਿਨ੍ਹਾਂ ਕੋਲ ਮੁਗਲ, ਅਫ਼ਗਾਨ ਜਾਂ ਫ਼ਾਰਸੀ ਖ਼ੂਨ ਹੈ, ਉਹ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਏ ਹਨ, ਜਿਵੇਂ ਹਜ਼ਾਰਾਂ ਸਾਲ ਪਹਿਲਾਂ ਇੱਥੇ ਆ ਕੇ ਵਸੇ ਆਰੀਅਨ।
ਮੁਸਲਮਾਨਾਂ ’ਤੇ ਦੂਜਾ ਦੋਸ਼ ਇਹ ਹੈ ਕਿ ਉਨ੍ਹਾਂ ਦੇ ਅਣਗਿਣਤ ਬੱਚੇ ਹਨ। ਇਹ ਗਰੀਬੀ ਤੋਂ ਪੀੜਤ, ਘੱਟ ਪੜ੍ਹੇ-ਲਿਖੇ ਪਰਿਵਾਰਾਂ, ਮੁਸਲਮਾਨ ਅਤੇ ਹਿੰਦੂ ਦੋਵਾਂ ਵਿਚ ਇਕ ਆਮ ਲੱਛਣ ਹੈ। ਜਿੱਥੇ ਔਰਤਾਂ ਸਿੱਖਿਅਤ ਹਨ, ਜਾਂ ਮਹਿਜ਼ ਪੜ੍ਹੀਆਂ-ਲਿਖੀਆਂ ਹੋਣ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਸੁਖਾਵੀਂ ਹੋਵੇ, ਉੱਥੇ ਪ੍ਰਜਨਣ ਕਿਰਿਆਵਾਂ ਨੂੰ ਕਾਬੂ ਵਿਚ ਰੱਖਿਆ ਜਾਂਦਾ ਹੈ ਕਿਉਂਕਿ ਅਜਿਹੇ ਪਰਿਵਾਰਾਂ ਨੂੰ ਛੇਤੀ ਹੀ ਇਹ ਅਹਿਸਾਸ ਹੋ ਜਾਂਦਾ ਹੈ ਕਿ ਵੱਡੇ ਪਰਿਵਾਰ ਆਰਥਿਕ ਤਰੱਕੀ ਵਿਚ ਰੁਕਾਵਟ ਹਨ। ਕੇਰਲ ਵਿਚ, ਜਿੱਥੇ ਸਾਰੀਆਂ ਮੁਸਲਿਮ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਔਰਤਾਂ ਪੜ੍ਹੀਆਂ-ਲਿਖੀਆਂ ਹਨ ਅਤੇ ਉਨ੍ਹਾਂ ਦੇ ਮਰਦ ਖਾੜੀ ਦੇਸ਼ਾਂ ਵਿਚ ਨੌਕਰੀ ਕਰਦੇ ਹਨ, ਉਨ੍ਹਾਂ ਦੇ ਪਰਿਵਾਰਾਂ ਦਾ ਆਕਾਰ ਉਨ੍ਹਾਂ ਦੇ ਹਿੰਦੂ ਜਾਂ ਈਸਾਈ ਭਰਾਵਾਂ ਨਾਲੋਂ ਵੱਖਰਾ ਨਹੀਂ ਹੈ। ਧਰਮ ਦਾ ਪਰਿਵਾਰ ਦੇ ਆਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਨੂੰ ਯਕੀਨ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਸ ਤੱਥ ਨੂੰ ਜਾਣਦੇ ਹਨ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਚੋਣ ਵਿਚਾਰਾਂ ਜਾਂ ਸਿੱਧੇ ਤੌਰ ’ਤੇ ਪੂਰਵ-ਅਨੁਮਾਨਾਂ ਕਾਰਨ ਇਹ ਦੋਸ਼ ਲਾਇਆ ਹੈ।
ਯਹੂਦੀ ਅਤੇ ਈਸਾਈ ਧਰਮ ਵਾਂਗ, ਇਸਲਾਮ ਇਕ ਇਬਰਾਹੀਮ ਧਰਮ ਹੈ। ਬਾਈਬਲ ਇਹ ਵੀ ਕਹਿੰਦੀ ਹੈ, ‘ਬਾਹਰ ਜਾਓ ਅਤੇ ਗੁਣਾ ਕਰੋ’। ਉਦੋਂ ਇਹ ਲੋੜ ਸੀ। ਉਪਦੇਸ਼ ਹੁਣ ਢੁੱਕਵਾਂ ਨਹੀਂ ਰਿਹਾ। ਇੱਥੋਂ ਤੱਕ ਕਿ ਪੋਪ ਨੇ ਵੀ ਹਾਲ ਹੀ ਵਿਚ ਟਿੱਪਣੀ ਕੀਤੀ ਸੀ ਕਿ ਕਿਸੇ ਤੋਂ ਵੀ ‘ਖਰਗੋਸ਼ਾਂ ਵਾਂਗ’ ਪ੍ਰਜਨਣ ਦੀ ਉਮੀਦ ਨਹੀਂ ਕੀਤੀ ਜਾਂਦੀ ਕਿਉਂਕਿ ਜ਼ਿਆਦਾਤਰ ਮਸੀਹੀ ਔਰਤਾਂ ਪੜ੍ਹੀਆਂ-ਲਿਖੀਆਂ ਹਨ ਅਤੇ ਕਿਉਂਕਿ ਜ਼ਿਆਦਾਤਰ ਮਸੀਹੀ ਮਰਦ ਲਾਭਦਾਇਕ ਤੌਰ ’ਤੇ ਨੌਕਰੀ ਕਰਦੇ ਹਨ, ਇਸ ਲਈ ਬਹੁਤ ਸਾਰੇ ਬੱਚੇ ਪੈਦਾ ਕਰਨ ਦੇ ਸਵਾਲ ਨੂੰ ਲੰਬੇ ਸਮੇਂ ਤੋਂ ਤਿਆਗ ਦਿੱਤਾ ਗਿਆ ਹੈ। ਜਿਵੇਂ-ਜਿਵੇਂ ਸਿੱਖਿਆ ਫੈਲਦੀ ਹੈ, ਖਾਸ ਤੌਰ ’ਤੇ ਔਰਤਾਂ ਵਿਚ ਅਤੇ ਆਰਥਿਕ ਸਥਿਤੀਆਂ ਵਿਚ ਸੁਧਾਰ ਹੁੰਦਾ ਹੈ, ਇਸਲਾਮ ਆਪਣੀ ਪਕੜ ਬਣਾ ਲਵੇਗਾ।
ਜੇਕਰ ਈ. ਸੀ. ਆਈ. ਮੋਦੀ ਵਰਗੇ ਤਾਕਤਵਰ ਪ੍ਰਧਾਨ ਮੰਤਰੀ ਵਿਰੁੱਧ ਕਾਰਵਾਈ ਕਰਨ ਤੋਂ ਡਰਦਾ ਹੈ ਤਾਂ ਉਸ ਨੂੰ ਘੱਟੋ-ਘੱਟ ਉਨ੍ਹਾਂ ਦੀਆਂ ਬੇਤੁਕੀਆਂ ਟਿੱਪਣੀਆਂ ਲਈ ਤਾੜਨਾ ਕਰਨੀ ਚਾਹੀਦੀ ਹੈ। ਉਹ ਘੱਟੋ-ਘੱਟ ਇੰਨਾ ਤਾਂ ਕਰ ਸਕਦਾ ਹੈ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)
‘ਗਿਗ ਵਰਕਰਜ਼’ : ਆਪਣੇ ਬੌਸ ਖੁਦ ਬਣੋ
NEXT STORY