ਜਲੰਧਰ/ਬੀਜਿੰਗ (ਵੰਦਨਾ): ਅਸੀਂ ਸਾਲ 2020 ਨੂੰ ਜਲਦੀ ਹੀ ਅਲਵਿਦਾ ਕਹਿਣ ਵਾਲੇ ਹਾਂ। ਇਹ ਪੂਰਾ ਸਾਲ ਕੋਰੋਨਾਵਾਇਰਸ ਦੀ ਦਹਿਸ਼ਤ ਵਿਚ ਬੀਤਿਆ। ਆਸ ਕਰਦੇ ਹਾਂ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਪੂਰ ਹੋਵੇਗਾ।ਵਾਇਰਸ ਦੇ ਪ੍ਰਕੋਪ ਕਾਰਨ ਜਿੱਥੇ ਕਈ ਦੇਸ਼ ਇਕ ਦੂਜੇ ਦੇ ਕਰੀਬ ਆਏ ਉੱਥੇ ਇਸ ਮਹਾਮਾਰੀ ਦੇ ਜਨਕ ਮੰਨੇ ਜਾਣ ਵਾਲੇ ਚੀਨ ਦਾ ਕਈ ਦੇਸ਼ਾਂ ਨਾਲ ਟਕਰਾਅ ਹੋਇਆ ਅਤੇ ਇਹ ਟਕਰਾਅ ਫਿਲਹਾਲ ਜਾਰੀ ਹੈ। ਚੀਨ ਕੋਰੋਨਾਵਾਇਰਸ ਮੁੱਦੇ ਅਤੇ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਇਸ ਸਾਲ ਸ਼ਕਤੀਸ਼ਾਲੀ ਦੇਸ਼ਾਂ ਦੇ ਨਿਸ਼ਾਨੇ 'ਤੇ ਰਿਹਾ ਹੈ।ਇਹਨਾਂ ਦੇਸ਼ਾਂ ਵਿਚ ਮੁੱਖ ਤੌਰ 'ਤੇ ਭਾਰਤ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਆਦਿ ਦੇਸ਼ ਸ਼ਾਮਲ ਹਨ। ਚੀਨ ਦੇ ਇਹਨਾਂ ਦੇਸ਼ਾਂ ਨਾਲ ਟਕਰਾਅ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
1. ਆਸਟ੍ਰੇਲੀਆ-ਚੀਨ ਦਰਮਿਆਨ ਤਣਾਅ
ਚੀਨ-ਆਸਟ੍ਰੇਲੀਆ ਦੇ ਵਿਚ ਸੰਬੰਧ ਅਪ੍ਰੈਲ ਤੋਂ ਹੀ ਖਰਾਬ ਚੱਲ ਰਹੇ ਹਨ। ਇਸ ਦੌਰਾਨ ਜਦੋਂ ਆਸਟ੍ਰੇਲੀਆ ਨੇ ਕੋਰੋਨਾ ਮਹਾਮਾਰੀ ਦੀ ਉਤਪੱਤੀ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਤਾਂ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਨਾ ਸਿਰਫ ਰਾਜਨੀਤਿਕ ਸਗੋਂ ਆਰਥਿਕ ਮੋਰਚੇ 'ਤੇ ਵੀ ਤਣਾਅ ਵਧਿਆ। ਆਸਟ੍ਰੇਲੀਆ ਤੋਂ ਚਿੜ ਕੇ ਚੀਨ ਨੇ ਉਸ ਤੋਂ ਜੌਂ, ਬੀਫ ਅਤੇ ਹੋਰ ਸਮਾਨ ਦੀ ਦਰਾਮਦ ਉੱਤੇ ਪਾਬੰਦੀ ਲਗਾ ਦਿੱਤੀ। ਚੀਨ ਨੇ ਡੰਪਿੰਗ ਅਤੇ ਹੋਰ ਵਪਾਰ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਅਰਬਾਂ ਡਾਲਰ ਦੇ ਆਸਟ੍ਰੇਲੀਆਈ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ। ਇਸ ਵਿਚ ਬੀਫ, ਜੌਂ ਅਤੇ ਵਾਈਨ ਸ਼ਾਮਲ ਹਨ। ਮਈ ਵਿਚ, ਚੀਨ ਨੇ ਫਸਲਾਂ ਉੱਤੇ 80 ਫੀਸਦੀ ਤੋਂ ਵੱਧ ਦਾ ਟੈਰਿਫ ਲਗਾ ਦਿੱਤਾ।
ਚੀਨ ਨੇ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦਿਆਂ ਆਸਟ੍ਰੇਲੀਆਈ ਜੌਂ ਦੀ ਦਰਾਮਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ। ਆਸਟ੍ਰੇਲੀਆ ਨੇ ਇਹ ਕਹਿੰਦੇ ਹੋਏ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਕਿ ਉਹ ਚੀਨ ਨਾਲ ਵਪਾਰ ਯੁੱਧ ਨਹੀਂ ਕਰਨਾ ਚਾਹੁੰਦਾ, ਜੋ ਉਸ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਭਾਵੇਂਕਿ, ਚੀਨ ਨੇ ਪਾਬੰਦੀਆਂ ਲਗਾਉਣ ਨੂੰ ਜਾਰੀ ਰੱਖਿਆ ਅਤੇ ਬੀਫ ਅਤੇ ਹੋਰ ਚੀਜ਼ਾਂ ਦੇ ਆਯਾਤ 'ਤੇ ਰੋਕ ਲਗਾ ਦਿੱਤੀ।ਹੁਣ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਿਆ ਮਹੁਤਾ ਨੇ 15 ਦਸੰਬਰ ਨੂੰ ਕਿਹਾ ਕਿ ਉਹ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਵਿਚ ਮਦਦ ਕਰ ਸਕਦੀ ਹੈ। 50 ਸਾਲਾ ਸੰਸਦ ਮੈਂਬਰ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਕੀਵੀ ਰਾਸ਼ਟਰ ਲਈ “ਵੱਖਰਾ ਮਾਹੌਲ” ਬਣਾਉਣ ਅਤੇ ਦੋਹਾਂ ਵਿਚਾਲੇ ਗੱਲਬਾਤ ਸ਼ੁਰੂ ਕਰਨ ਦਾ ਕਾਫ਼ੀ ਮੌਕਾ ਸੀ।
ਆਸਟ੍ਰੇਲੀਆਈ ਸੰਸਦ ਵਿਚ ਪਾਸ ਬਿੱਲ ਨੇ ਵਧਾਇਆ ਤਣਾਅ
ਆਸਟ੍ਰੇਲੀਆਈ ਸੰਸਦ ਵਿਚ ਇਕ ਅਜਿਹਾ ਬਿੱਲ ਪਾਸ ਹੋਇਆ, ਜਿਸ ਦੇ ਤਹਿਤ ਵਿਦੇਸ਼ ਨੀਤੀ ਦਾ ਹਵਾਲਾ ਦੇ ਕੇ ਵਿਦੇਸ਼ੀ ਦੇਸ਼ਾਂ ਦੇ ਨਾਲ ਸਮਝੌਤੇ ਨੂੰ ਰੱਦ ਕੀਤਾ ਜਾ ਸਕਦਾ ਹੈ। ਇਸ ਕਾਰਨ ਆਸਟ੍ਰੇਲੀਆ ਅਤੇ ਚੀਨ ਵਿਚ ਤਣਾਅ ਹੋਰ ਵੱਧ ਸਕਦਾ ਹੈ। ਨਵੇਂ ਕਾਨੂੰਨ ਮੁਤਾਬਕ, ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਹੋਰ ਰਾਸ਼ਟਰਾਂ ਅਤੇ ਉਪ ਰਾਸ਼ਟਰੀ ਬੌਡੀਆਂ ਜਿਹੇ ਰਾਜ ਅਤੇ ਖੇਤਰ ਸਰਕਾਰਾਂ, ਸਥਾਨਕ ਪਰੀਸ਼ਦਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਹੋਏ ਸਮਝੌਤਿਆਂ ਨੂੰ ਰੱਦ ਕਰਨ ਵਿਚ ਸਮਰੱਥ ਹੋਣਗੀਆਂ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨਾਲ ਵਿਦੇਸ਼ ਨੀਤੀ ਪ੍ਰਭਾਵਿਤ ਹੋ ਰਹੀ ਹੈ।
ਗ੍ਰਾਫਿਕ ਤਸਵੀਰ 'ਤੇ ਵਿਵਾਦ
ਆਸਟ੍ਰੇਲੀਆ ਅਤੇ ਚੀਨ ਦਰਮਿਆਨ ਇਕ ਗ੍ਰਾਫਿਕ ਟਵੀਟ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਰਹੀ। ਮੌਰੀਸਨ ਨੇ ਚੀਨ ਸਰਕਾਰ ਨੂੰ ਕਿਹਾ ਸੀ ਕਿ ਉਹ ਉਸ ਵਿਵਾਦਿਤ ਤਸਵੀਰ ਨੂੰ ਟਵੀਟ ਕਰਨ ਲਈ ਮੁਆਫੀ ਮੰਗੇ, ਜਿਸ ਵਿਚ ਇਕ ਆਸਟ੍ਰੇਲੀਆਈ ਸੈਨਿਕ ਕਥਿਤ ਤੌਰ 'ਤੇ ਇਕ ਬੱਚੇ ਦਾ ਕਤਲ ਕਰਦਾ ਦਿਸ ਰਿਹਾ ਹੈ। ਮੌਰੀਸਨ ਨੇ ਚੀਨ ਦੇ ਵਿਦੇਸ਼ ਮੰਤਰਾਲੇ ਨੂੰ ਫਰਜ਼ੀ ਟਵੀਟ ਹਟਾਉਣ ਦੀ ਵੀ ਮੰਗ ਕੀਤੀ ਸੀ, ਜਿਸ ਵਿਚ ਅਫਗਾਨਿਸਤਾਨ ਵਿਚ ਸੰਘਰਸ਼ ਦੇ ਦੌਰਾਨ ਆਸਟ੍ਰੇਲੀਆਈ ਬਲਾਂ ਵੱਲੋਂ ਕਥਿਤ ਗੈਰ ਕਾਨੂੰਨੀ ਕਤਲ ਅਤੇ ਸ਼ੋਸ਼ਣ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।
'ਵੀਚੈਟ' ਐਫ ਦਾ ਸੰਚਾਲਨ ਕਰਨ ਵਾਲੀ ਕੰਪਨੀ ਨੇ ਮੌਰੀਸਨ ਦੀ ਪੋਸਟ ਡਿਲੀਟ ਕਰ ਦਿੱਤੀ ਸੀ।ਜ਼ਿਕਰਯੋਗ ਹੈ ਕਿ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਇਕ ਗ੍ਰਾਫਿਕ ਤਸਵੀਰ ਟਵੀਟ ਕੀਤੀ, ਜਿਸ ਵਿਚ ਇਕ ਮੁਸਕੁਰਾਉਂਦੇ ਹੋਏ ਆਸਟ੍ਰੇਲੀਆਈ ਸੈਨਿਕ ਨੇ ਚਾਕੂ ਇਕ ਬੱਚੇ ਦੇ ਗਲੇ 'ਤੇ ਰੱਖਿਆ ਹੋਇਆ ਹੈ। ਬੱਚਾ ਇਕ ਮੇਮਨੇ ਨੂੰ ਗੋਦੀ ਵਿਚ ਚੁੱਕਿਆ ਹੋਇਆ ਹੈ। ਚੀਨ ਨੇ ਇਸ ਮੁੱਦੇ 'ਤੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ।
2. ਭਾਰਤ-ਚੀਨ ਦਰਮਿਆਨ ਤਣਾਅ
ਕੋਰੋਨਾਵਾਇਰਸ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ ਵੀ ਤਣਾਅ ਦੀ ਸਥਿਤੀ ਬਣੀ ਹੋਈ ਹੈ। ਭਾਰਤ ਨੇ ਕਾਰਵਾਈ ਕਰਦਿਆਂ ਚੀਨ ਦੀਆਂ ਹੋਰ 43 ਨਵੀਆਂ ਚੀਨੀ ਮੋਬਾਈਲ ਐਪਲੀਕੇਸ਼ਨਾਂ ਨੂੰ ਵੀ ਦੇਸ਼ ਵਿਚ ਬੈਨ ਕਰ ਦਿੱਤਾ। ਇਹ ਕਾਰਵਾਈ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਦੇ ਪੱਖਪਾਤ ਨੂੰ ਦੇਖਦਿਆਂ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਪ੍ਰਾਪਤ ਵਿਆਪਕ ਰਿਪੋਰਟਾਂ ਦੇ ਅਧਾਰ 'ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਭਾਰਤ ਵਿਚ ਯੂਜ਼ਰਾਂ ਵਲੋਂ ਇਨ੍ਹਾਂ ਐਪਸ ਦੀ ਪਹੁੰਚ ਰੋਕਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ 28 ਜੂਨ, 2020 ਨੂੰ ਕੇਂਦਰ ਨੇ 59 ਚੀਨੀ ਮੋਬਾਈਲ ਐਪਸ ਨੂੰ ਬੈਨ ਕੀਤਾ ਸੀ ਤੇ 2 ਸਤੰਬਰ, 2020 ਨੂੰ 118 ਹੋਰ ਐਪਸ ਨੂੰ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਤਹਿਤ ਪਾਬੰਦੀਸ਼ੁਦਾ ਕੀਤਾ ਸੀ। ਸਰਕਾਰ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਅਤੇ ਸਾਰੇ ਮੋਰਚਿਆਂ 'ਤੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਉਹ ਹਰ ਸੰਭਵ ਕਦਮ ਚੁੱਕੇਗੀ।
3. ਅਮਰੀਕਾ-ਚੀਨ ਦਰਮਿਆਨ ਤਣਾਅ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਕੋਰੋਨਾ ਮਾਮਲੇ ਵਧਣ ਦੇ ਬਾਅਦ ਚੀਨ 'ਤੇ ਜੰਮ ਕੇ ਨਿਸਾਨਾ ਵਿੰਨ੍ਹਿਆ।ਉਹਨਾਂ ਨੇ ਸਖਤ ਕਦਮ ਚੁੱਕਦੇ ਹੋਏ ਚੀਨੀ ਵਿਦਿਆਰਥੀਆਂ ਅਤੇ ਕਈ ਉੱਚ ਅਧਿਕਾਰੀਆਂ ਦੇ ਦੇਸ਼ ਵਿਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਇਲਾਵਾ ਚੀਨ ਦੀ ਸਭ ਤੋਂ ਵੱਡੀ ਪ੍ਰੋਸੈਸਰ ਚਿੱਪ ਨਿਰਮਾਤਾ ਕੰਪਨੀ SMIC ਅਤੇ ਤੇਲ ਦੀ ਦਿੱਗਜ਼ ਕੰਪਨੀ CNOOC ਸਮੇਤ 4 ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਚੱਲ ਰਹੀਆਂ ਇਹ ਉਹ ਚੀਨੀ ਕੰਪਨੀਆਂ ਹਨ, ਜਿਨ੍ਹਾਂ ਦਾ ਸੰਚਾਲਨ ਚੀਨੀ ਫੌਜ ਸਿੱਧੇ ਅਤੇ ਅਸਿੱਧੇ ਤੌਰ 'ਤੇ ਕਰ ਰਹੀ ਹੈ ਜਾਂ ਫਿਰ ਇਹ ਉਨ੍ਹਾਂ ਦੇ ਕੰਟਰੋਲ ਵਿਚ ਹੈ।ਟਰੰਪ ਵੱਲੋਂ ਜੋਅ ਬਾਈਡੇਨ ਨੂੰ ਰਸਮੀ ਤੌਰ 'ਤੇ ਅਹੁਦਾ ਦੇਣ ਤੋਂ ਪਹਿਲਾਂ ਚੀਨ ਵਿਰੁੱਧ ਵਧੇਰੇ ਪਾਬੰਦੀਆਂ ਲਾਉਣ ਦੀ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ।
ਯੂ.ਐੱਸ. ਨੇ ਤਕਰੀਬਨ 60 ਚੀਨੀ ਕੰਪਨੀਆਂ ਨੂੰ ਬਲੈਕਲਿਸਟ ਕੀਤਾ। ਬਲੈਕਲਿਸਟ ਵਿਚ ਸ਼ਾਮਲ ਕੰਪਨੀਆਂ ਨੂੰ ਹੁਣ ਅਮਰੀਕੀ ਤਕਨਾਲੋਜੀ ਖ਼ਰੀਦ ਲਈ ਆਸਾਨ ਪਹੁੰਚ ਨਹੀਂ ਮਿਲੇਗੀ।ਅਮਰੀਕੀ ਕੰਪਨੀਆਂ ਨੂੰ ਇਨ੍ਹਾਂ ਨੂੰ ਤਕਨਾਲੋਜੀ ਵੇਚਣ ਤੋਂ ਪਹਿਲਾਂ ਲਾਇਸੈਂਸ ਲੈਣਾ ਪਵੇਗਾ।ਟਰੰਪ ਚੀਨ ਅਤੇ ਰੂਸ ਨੂੰ ਲਗਾਤਾਰ ਝਟਕੇ ਦਿੰਦੇ ਆ ਰਹੇ ਹਨ। ਪਿਛਲੇ ਇਕ ਸਾਲ ’ਚ ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਵਧਿਆ ਹੈ ਕਿਉਂਕਿ ਟਰੰਪ ਨੇ ਕੋਰੋਨਾ ਵਾਇਰਸ ਮਹਾਮਾਰੀ ਲਈ ਚੀਨ ਨੂੰ ਦੋਸ਼ ਠਹਿਰਾਇਆ ਹੈ। ਟਰੰਪ ਨੇ ਚੀਨ ਦੀਆਂ 60 ਕੰਪਨੀਆਂ ’ਤੇ ਪਾਬੰਦੀ ਲਾਉਣ ਤੋਂ ਬਾਅਦ ਹੁਣ ਫਿਰ 103 ਚੀਨੀ ਅਤੇ ਰੂਸੀ ਕੰਪਨੀਆਂ ਨੂੰ ਬੈਨ ਕਰ ਦਿੱਤਾ। ਟਰੰਪ ਪ੍ਰਸ਼ਾਸਨ ਨੇ ਇਕ ਸੂਚੀ ਪ੍ਰਕਾਸ਼ਤ ਕੀਤੀ ਹੈ ਜਿਸ ’ਚ ਚੀਨ ਅਤੇ ਅਮਰੀਕੀ ਵਸਤਾਂ ਅਤੇ ਤਕਨਾਲੋਜੀ ਦੀ ਇਕ ਵਿਸ਼ਾਲ ਲੜੀ ਨੂੰ ਖਰੀਦਣ ਵਾਲੀਆਂ ਕੰਪਨੀਆਂ ’ਤੇ ਪਾਬੰਦੀ ਲਾਈ ਹੈ।
ਅਮਰੀਕਾ ਨੇ ਮੰਗਲਵਾਰ (22 ਦਸੰਬਰ) ਸੰਸਦ ਵਿਚ ਬਿੱਲ ਪਾਸ ਕਰ ਕੇ ਤਿੱਬਤ ਦੇ ਦਲਾਈ ਲਾਮਾ ਦੇ ਅਗਲੇ ਉਤਰਾਧਿਕਾਰੀ ਨੂੰ ਚੁਣਨ ਦਾ ਰਾਹ ਸਾਫ ਕਰ ਦਿੱਤਾ। ਚੀਨ ਉਤਰਾਧਿਕਾਰੀ ਚੁਣਨ ਦੇ ਮਾਮਲੇ ਵਿਚ ਅੜਿੰਗਾ ਲਾ ਰਿਹਾ ਸੀ। ਅਮਰੀਕਾ ਦੀ ਸੰਸਦ ਨੇ ਤਿੱਬਤ ਪਾਲਿਸੀ ਐਂਡ ਸਪੋਰਟ ਐਕਟ 2020 ਨੂੰ ਪਾਸ ਕਰ ਦਿੱਤਾ। ਇਸ ਕਾਨੂੰਨ ਦੇ ਬਣਨ ਨਾਲ ਚੀਨ ਅਤੇ ਅਮਰੀਕਾ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਚੀਨ ਨੇ ਕਿਹਾ ਕਿ ਉਹ ਬਦਲੇ ਵਿਚ ਉਹਨਾਂ ਅਮਰੀਕੀ ਅਧਿਕਾਰੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ਼ ਕਦਮ ਚੁੱਕੇਗਾ ਜਿਹਨਾਂ ਦਾ ਤਿੱਬਤ 'ਤੇ ਅਮਰੀਕੀ ਕਾਂਗਰਸ ਨਾਲ ਕਾਨੂੰਨ ਪਾਸ ਕਰਾਉਣ ਵਿਚ ਹੱਥ ਹੈ। ਸੋਮਵਾਰ (28 ਦਸੰਬਰ) ਟਰੰਪ ਨੇ ਇਕ ਅਜਿਹੇ ਬਿੱਲ 'ਤੇ ਦਸਤਖ਼ਤ ਕੀਤੇ ਹਨ ਜਿਸ ਵਿਚ ਅਗਲੇ ਦਲਾਈ ਲਾਮਾ ਦੀ ਚੋਣ ਸਿਰਫ ਤਿੱਬਤੀ ਬੌਧ ਭਾਈਚਾਰੇ ਦੇ ਲੋਕ ਕਰਨਗੇ ਅਤੇ ਇਸ ਵਿਚ ਚੀਨ ਦੀ ਕੋਈ ਦਖਲ ਅੰਦਾਜ਼ੀ ਨਹੀਂ ਹੋਵੇਗੀ।
4. ਕੈਨੇਡਾ-ਚੀਨ ਦਰਮਿਆਨ ਤਣਾਅ
ਹਾਲ ਹੀ ਵਿਚ ਗਲੋਬਲ ਅਫੇਅਰਜ਼ ਕੈਨੇਡਾ ਦੇ ਇਕ ਖੁਲਾਸੇ ਵਿਚ ਪਤਾ ਲੱਗਾ ਕਿ ਚੀਨ ਅਤੇ ਕੈਨੇਡਾ ਇਕੱਠੇ ਯੁੱਧ ਅਭਿਆਸ ਦੀ ਤਿਆਰੀਆਂ ਕਰ ਰਹੇ ਸਨ ਪਰ ਇਸ ਦਾ ਖੁਲਾਸਾ ਹੁੰਦੇ ਹੀ ਟਰੂਡੋ ਸਰਕਾਰ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ। ਟਰੂਡੋ ਦਾ ਇਹ ਚਿਹਰਾ ਹੈਰਾਨ ਕਰਨ ਵਾਲਾ ਹੈ। ਇਕ ਪਾਸੇ ਆਪਣੇ ਨਾਗਰਿਕਾਂ ਦੀ ਆਜ਼ਾਦੀ ਲਈ ਤੇ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਦੇ ਮੁੱਦੇ 'ਤੇ ਦੋਵਾਂ ਦੇਸ਼ਾਂ ਵਿਚਕਾਰ ਕੁੜੱਤਣ ਵਾਲਾ ਮਾਹੌਲ ਹੈ ਤੇ ਦੂਜੇ ਪਾਸੇ ਕੈਨੇਡਾ ਦੀ ਧਰਤੀ 'ਤੇ ਚੀਨ ਦੀ ਫ਼ੌਜ ਨੂੰ ਸਿਖਲਾਈ ਦੇਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਹ ਯੁੱਧ ਅਭਿਆਸ ਹੋਣ ਹੀ ਵਾਲਾ ਸੀ ਕਿ ਕੈਨੇਡਾ ਦੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਜੋਨਾਥਨ ਵੇਂਸ ਨੇ ਇਸ ਯੋਜਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੀਨ ਨੂੰ ਸਾਰੇ ਫ਼ੌਜੀ ਸਹਿਯੋਗ ਬੰਦ ਕਰ ਦੇਣੇ ਚਾਹੀਦੇ ਹਨ।
ਰਿਪੋਰਟ ਮੁਤਾਬਕ ਟਰੂਡੋ ਚੀਨ ਨਾਲ ਫ਼ੌਜੀ ਰੂਪ ਨਾਲ ਜੁੜਨਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਕੈਨੇਡਾ ਦੇ ਬਲਾਂ ਨਾਲ ਸਿਖਲਾਈ ਲਵੇ। ਇਸ ਦੇ ਇਲਾਵਾ ਦੱਖਣੀ ਚੀਨ ਸਾਗਰ ਵਿਚ ਵੀ ਚੀਨ ਵਿਵਾਦ ਪੈਦਾ ਕਰ ਰਿਹਾ ਹੈ ਤੇ ਆਪਣੇ ਨਜਾਇਜ਼ ਕਬਜੇ ਕਰ ਰਿਹਾ ਹੈ। ਕਈ ਸਾਲਾਂ ਤੋਂ ਚੀਨ ਆਪਣੀ ਫ਼ੌਜ ਨੂੰ ਹੋਰ ਤਾਕਤਵਰ ਬਣਾ ਰਿਹਾ ਹੈ ਤੇ ਇਸ ਦੀ ਵਰਤੋਂ ਏਸ਼ੀਆ ਦੇ ਕਈ ਦੇਸ਼ਾਂ ਨੂੰ ਧਮਕਾਉਣ ਲਈ ਕਰ ਰਿਹਾ ਹੈ। ਜੋਨਾਥਨ ਵੇਂਸ ਨੇ ਨੇ ਕਿਹਾ ਕਿ ਪੂਰੇ ਇੰਡੋ-ਪੈਸੀਫਿਕ ਵਿਚ ਅਜਿਹਾ ਕੋਈ ਦੇਸ਼ ਨਹੀਂ ਹੈ ਜੋ ਚੀਨ ਵਾਂਗ ਆਪਣੀ ਫ਼ੌਜ ਨੂੰ ਹਮਲਾਵਰ ਬਣਾ ਰਿਹਾ ਹੋਵੇ।
5. ਚੀਨ ਦਾ ਹੋਰ ਦੇਸ਼ਾਂ ਨਾਲ ਤਣਾਅ
ਦੱਖਣੀ ਕੋਰੀਆ ਦੀ ਦਿੱਗਜ ਕੰਪਨੀ ਸੈਮਸੰਗ ਭਾਰਤ ਵਿਚ ਓ.ਐਲ.ਈ.ਡੀ. ਮੋਬਾਈਲ ਡਿਸਪਲੇਅ ਯੂਨਿਟ ਸਥਾਪਤ ਕਰਨ ਜਾ ਰਹੀ ਹੈ। ਕੈਬਨਿਟ ਦੀ ਬੈਠਕ ਵਿਚ ਦੇਸ਼ 'ਚ ਸੈਮਸੰਗ ਦਾ ਓ.ਐਲ.ਈ.ਡੀ. ਡਿਸਪਲੇਅ ਯੂਨਿਟ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਯੂਨਿਟ ਨੂੰ ਸਥਾਪਤ ਕਰਨ ਲਈ ਸੈਮਸੰਗ ਨੇ ਭਾਰਤ ਵਿਚ 4825 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਧਿਆਨ ਯੋਗ ਹੈ ਕਿ ਇਹ ਯੂਨਿਟ ਪਹਿਲਾਂ ਚੀਨ ਵਿਚ ਸਥਾਪਤ ਕੀਤਾ ਜਾਣਾ ਸੀ ਪਰ ਕੰਪਨੀ ਨੇ ਚੀਨ ਤੋਂ ਆਪਣਾ ਕਾਰੋਬਾਰ ਸਮੇਟ ਕੇ ਯੂ.ਪੀ. ਵਿਚ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ।
ਇਸ ਯੂਨਿਟ ਦੇ ਲੱਗ ਜਾਣ ਤੋਂ ਬਾਅਦ ਭਾਰਤ ਓ.ਐਲ.ਈ.ਡੀ. ਤਕਨਾਲੋਜੀ ਨਾਲ ਨਿਰਮਿਤ ਮੋਬਾਈਲ ਡਿਸਪਲੇਅ ਤਿਆਰ ਕਰਨ ਵਾਲਾ ਵਿਸ਼ਵ ਦਾ ਤੀਜਾ ਦੇਸ਼ ਬਣ ਜਾਵੇਗਾ। ਵੀਅਤਨਾਮ ਅਤੇ ਦੱਖਣੀ ਕੋਰੀਆ ਤੋਂ ਬਾਅਦ ਨੋਇਡਾ ਵਿਚ ਇਹ ਸੈਮਸੰਗ ਦੀ ਤੀਜੀ ਇਕਾਈ ਹੋਵੇਗੀ। ਚੀਨ ਵਿਚ ਆਪਣੀ ਡਿਸਪਲੇਅ ਯੂਨਿਟ ਨੂੰ ਬੰਦ ਕਰਨ ਤੋਂ ਬਾਅਦ, ਸੈਮਸੰਗ ਨੇ ਇਸ ਨੂੰ ਭਾਰਤ ਲਿਆਉਣ ਦਾ ਫ਼ੈਸਲਾ ਕੀਤਾ ਹੈ।
6. ਤਾਇਵਾਨ-ਚੀਨ ਵਿਚਾਲੇ ਤਣਾਅ
ਤਾਇਵਾਨ ਦਾ ਵੀ ਚੀਨ ਨਾਲ ਤਣਾਅ ਬਰਕਰਾਰ ਹੈ। ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਜਦਕਿ ਤਾਇਵਾਨ ਆਪਣੇ ਖੇਤਰ ਵਿਚ ਚੀਨ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦਾ। ਅਸਲ ਵਿਚ ਮਾਓਤਸੇ ਤੁੰਗ ਦੀਆਂ ਕਮਿਊਨਿਸਟ ਤਾਕਤਾਂ ਤੋਂ ਯੁੱਧ ਹਾਰਨ ਦੇ ਬਾਅਦ 1949 ਵਿਚ ਤਾਇਵਾਨ ਦੀ ਸਥਾਪਨਾ ਚੀਨੀ ਗਣਰਾਜ ਦੇ ਰੂਪ ਵਿਚ ਕੀਤੀ ਗਈ ਸੀ। ਇਸ ਦੇ ਬਾਅਦ ਕਮਿਊਨਿਸਟ ਚੀਨ ਨੂੰ 'ਪੀਪਲਜ਼ ਰੀਪਬਲਿਕ ਆਫ ਚਾਈਨਾ' ਨਾਮ ਦਿੱਤਾ ਗਿਆ ਸੀ।
ਤਾਇਵਾਨ ਨੇ ਸਤੰਬਰ ਮਹੀਨੇ ਇਕ ਨਵਾਂ ਪਾਸਪੋਰਟ ਜਾਰੀ ਕੀਤਾ ਅਤੇ ਇਸ ਵਿਚੋਂ 'ਰੀਪਬਲਿਕਨ ਆਫ ਚਾਈਨਾ' ਸ਼ਬਦਾਂ ਨੂੰ ਹਟਾ ਦਿੱਤਾ। ਇਸ ਦੇ ਇਲਾਵਾ ਪਾਸਪੋਰਟ 'ਤੇ ਲਿਖੇ 'ਤਾਈਵਾਨ' ਸ਼ਬਦ ਦੇ ਫੋਂਟ ਸਾਈਜ ਨੂੰ ਵਧਾ ਦਿੱਤਾ।
ਤਾਈਵਾਨ ਦਾ ਇਹ ਕਦਮ ਪ੍ਰਭੂਸੱਤਾ ਦੀ ਦਿਸ਼ਾ ਵਿਚ ਵਧਣ ਸਬੰਧੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਚੀਨ ਦੇ ਤਾਇਵਾਨ ਪ੍ਰਤੀ ਰਵੱਈਏ ਦਾ ਬ੍ਰਿਟੇਨ ਸਮੇਤ ਆਸਟ੍ਰੇਲੀਆ ਅਤੇ ਕੈਨੇਡਾ ਨੇ ਵਿਰੋਧ ਕੀਤਾ ਹੈ।
ਭਾਵੇਂਕਿ ਚੀਨ ਦਾ ਸ਼ਕਤੀਸ਼ਾਲੀ ਦੇਸ਼ਾਂ ਨਾਲ ਟਕਰਾਅ ਜਾਰੀ ਹੈ। ਫਿਰ ਵੀ ਉਹ ਮਜ਼ਬੂਤ ਆਰਥਿਕ ਸ਼ਕਤੀ ਦੇ ਤੌਰ 'ਤੇ ਉਭਰ ਰਿਹਾ ਹੈ। ਥਿੰਕ ਟੈਂਕ ਮੁਤਾਬਕ, ਚੀਨ 2028 ਤੱਕ ਅਮਰੀਕਾ ਨੂੰ ਪਛਾੜ ਕੇ ਵੱਡੀ ਆਰਥਿਕ ਸ਼ਕਤੀ ਬਣ ਕੇ ਉਭਰੇਗਾ। ਚੀਨ ਨੇ ਤਕਨਾਲੋਜੀ ਦੇ ਖੇਤਰ ਵਿਚ ਵੀ ਉਪਲਬਧੀ ਹਾਸਲ ਕੀਤੀ ਹੈ।ਦਸੰਬਰ ਮਹੀਨੇ ਚੀਨ ਚੰਨ ਦੀ ਸਤਹਿ 'ਤੇ ਆਪਣਾ ਝੰਡਾ ਫਹਿਰਾਉਣ ਵਾਲਾ ਦੂਜਾ ਦੇਸ਼ ਬਣਿਆ। 44 ਸਾਲਾਂ ਵਿਚ ਚਾਂਗ ਈ-5 ਮਿਸ਼ਨ ਦੇ ਤਹਿਤ ਪਹਿਲੀ ਵਾਰ ਚੰਨ ਦੀ ਸਤਿਹ ਤੋਂ ਮਿੱਟੀ ਅਤੇ ਪੱਥਰ ਦੇ ਨਮੂਨੇ ਹਾਸਲ ਕੀਤੇ ਗਏ।
ਭਾਰਤ-ਸ਼੍ਰੀਲੰਕਾ ਸੰਬੰਧਾਂ ਦੇ ਲਿਹਾਜ ਨਾਲ ਕਾਫੀ ਮਹੱਤਵਪੂਰਨ ਰਿਹਾ ਸਾਲ 2020
NEXT STORY