ਜਾਫਨਾ (ਬਿਊਰੋ): ਸ਼੍ਰੀਲੰਕਾ ਦੇ ਜਾਫਨਾ ਸੂਬੇ ਵਿਚ ਇਕ ਪਤੰਗ ਮੁਕਾਬਲੇ ਦੌਰਾਨ ਬਹੁਤ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇੱਥੇ ਪਤੰਗ ਉਡਾਉਂਦੇ ਸਮੇਂ ਇਕ ਸ਼ਖਸ ਖੁਦ ਪਤੰਗ ਨਾਲ ਉੱਡਣ ਲੱਗ ਪਿਆ। ਇਹ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਕ ਸ਼ਖਸ ਪਤੰਗ ਦੀਆਂ ਰੱਸੀਆਂ ਨਾਲ ਹਵਾ ਵਿਚ ਲਟਕਿਆ ਹੋਇਆ ਹੈ ਅਤੇ ਜਾਨ ਬਚਾਉਣ ਲਈ ਡਰ ਨਾਲ ਚੀਕ ਰਿਹਾ ਹੈ।
ਚੱਲ ਰਿਹਾ ਸੀ ਪਤੰਗ ਮੁਕਾਬਲਾ
ਸ਼੍ਰੀਲੰਕਾ ਦੇ ਜਾਫਨਾ ਸੂਬੇ ਵਿਚ ਪੁਆਇੰਟ-ਪੇਟਰੋ ਖੇਤਰ ਵਿਚ ਸੋਮਵਾਰ 20 ਦਸੰਬਰ ਨੂੰ ਪਤੰਗ ਉਡਾਉਣ ਦਾ ਮੁਕਾਬਲਾ (kite flying game)ਆਯੋਜਿਤ ਕੀਤਾ ਗਿਆ ਸੀ। ਇਸ ਵਿਚ ਹਿੱਸਾ ਲੈਣ ਲਈ ਕਈ ਭਾਗੀਦਾਰ ਪਹੁੰਚੇ ਸਨ ਅਤੇ ਉਸੇ ਦੌਰਾਨ ਇਹ ਘਟਨਾ ਵਾਪਰੀ। ਮੁਕਾਬਲੇ ਦੌਰਾਨ ਇਕ ਭਾਗੀਦਾਰ ਦੀ ਜ਼ਿੰਦਗੀ ਉਸ ਸਮੇਂ ਮੁਸੀਬਤ ਵਿਚ ਪੈ ਗਈ, ਜਦੋਂ ਉਹ ਪਤੰਗ ਨਾਲ ਖੁਦ ਉੱਡਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਭਾਗੀਦਾਰ ਘੱਟੋ-ਘੱਟ 30 ਫੁੱਟ ਦੀ ਉੱਚਾਈ 'ਤੇ ਪਹੁੰਚ ਗਿਆ ਸੀ ਅਤੇ ਜਾਨ ਬਚਾਉਣ ਲਈ ਅਵਾਜ਼ਾਂ ਲਗਾ ਰਿਹਾ ਸੀ। ਉੱਥੇ ਮੌਜੂਦ ਲੋਕ ਵੀ ਘਬਰਾ ਗਏ ਸਨ ਕਿ ਆਖਿਰ ਸ਼ਖਸ ਦੀ ਜਾਨ ਕਿਵੇਂ ਬਚਾਈ ਜਾਵੇ।
ਚਸ਼ਮਦੀਦਾਂ ਮੁਤਾਬਕ 6 ਵਿਅਕਤੀਆਂ ਦਾ ਇਕ ਸਮੂਹ ਜੂਟ ਦੀਆਂ ਰੱਸੀਆਂ ਨਾਲ ਬੰਨ੍ਹੀ ਇਕ ਪਤੰਗ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਵੇਂ ਹੀ ਪਤੰਗ ਨਾਲ ਜੂਟ ਦੀ ਰੱਸੀ ਨੇ ਸਰਕਣਾ ਸ਼ੁਰੂ ਕੀਤਾ ਬਾਕੀ ਲੋਕਾਂ ਨੇ ਤਾਂ ਪਤੰਗ ਛੱਡ ਦਿੱਤੀ ਪਰ ਇਹ ਸ਼ਖਸ ਪਤੰਗ ਨਾਲ ਬੰਨ੍ਹੀ ਰੱਸੀ ਨੂੰ ਉਛਾਲਣ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਰੱਸੀ ਕਾਫੀ ਮਜ਼ਬੂਤੀ ਨਾਲ ਫੜੀ ਹੋਈ ਸੀ ਅਤੇ ਜਿਵੇਂ ਹੀ ਤੇਜ਼ ਹਵਾ ਨਾਲ ਪਤੰਗ ਨੇ ਉੱਡਣਾ ਸ਼ੁਰੂ ਕੀਤਾ ਸ਼ਖਸ ਵੀ ਪਤੰਗ ਨਾਲ ਹਵਾ ਵਿਚ ਅਟਕ ਗਿਆ ਅਤੇ ਕਰੀਬ 30 ਫੁੱਟ ਦੀ ਉੱਚਾਈ ਤੱਕ ਪਹੁੰਚ ਗਿਆ। ਇਸ ਦੌਰਾਨ ਸ਼ਖਸ ਇਕ ਮਿੰਟ ਤੱਕ ਹਵਾ ਵਿਚ ਲਟਕਿਆ ਰਿਹਾ। ਲੋਕਾਂ ਦੇ ਕਹਿਣ 'ਤੇ ਸ਼ਖਸ ਨੇ ਰੱਸੀ ਛੱਡ ਦਿੱਤੀ ਅਤੇ ਜ਼ਮੀਨ 'ਤੇ ਡਿੱਗ ਪਿਆ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇੰਝ ਵਾਪਰਿਆ ਹਾਦਸਾ
ਚਸ਼ਮਦੀਦਾਂ ਮੁਤਾਬਕ ਜਦੋਂ ਸ਼ਖਸ ਹਵਾ ਵਿਚ ਪਤੰਗ ਨੂੰ ਉਡਾਉਣ ਲਈ ਜ਼ੋਰ-ਜ਼ੋਰ ਨਾਲ ਛਾਲਾਂ ਮਾਰ ਰਿਹਾ ਸੀ, ਉਸ ਸਮੇਂ ਇਹ ਹਾਦਸਾ ਵਾਪਰਿਆ। ਰਿਪੋਰਟ ਮੁਤਾਬਕ ਮੁਕਾਬਲਾ ਖ਼ਤਮ ਹੋਣ ਦੇ ਬਾਅਦ ਇਹ ਘਟਨਾ ਵਾਪਰੀ ਜਦੋਂ ਟੀਮ ਦੇ ਬਾਕੀ ਮੈਂਬਰਾਂ ਦੇ ਜਾਣ ਦੇ ਬਾਅਦ ਇਕ ਭਾਗੀਦਾਰ ਪਤੰਗ ਦੀ ਰੱਸੀ ਨੂੰ ਫੜ ਕੇ ਉਸ ਨੂੰ ਹਵਾ ਵਿਚ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਪਤੰਗ ਉੱਡਣ ਲੱਗਾ ਅਤੇ ਸ਼ਖਸ ਪਤੰਗ ਦੀਆਂ ਰੱਸੀਆਂ ਨਾਲ ਟੰਗਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ : ਇਜ਼ਰਾਈਲ ਲਗਾਉਣ ਜਾ ਰਿਹਾ ਕੋਰੋਨਾ ਵੈਕਸੀਨ ਦੀ 'ਚੌਥੀ ਡੋਜ਼'
ਗੌਰਤਲਬ ਹੈ ਕਿ ਸ੍ਰੀਲੰਕਾ ਦੇ ਜਾਫਨਾ ਸੂਬੇ ਵਿਚ ਥਾਈ ਪੋਂਗਲ ਦੇ ਮੌਕੇ ਪਤੰਗਬਾਜ਼ੀ ਮੁਕਾਬਲੇ ਦਾ ਆਯੋਜਨ ਕੀਤਾ ਜਾਂਦਾ ਹੈ। ਸੈਂਕੜੇ ਦੀ ਗਿਣਤੀ ਵਿਚ ਦਰਸ਼ਕ ਇਹ ਮੁਕਾਬਲਾ ਦੇਖਣ ਆਉਂਦੇ ਹਨ। ਇਸ ਮੌਕੇ ਲਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਈਨ ਕੀਤੀਆਂ ਪਤੰਗਾਂ ਬਣਾਉਂਦੇ ਹਨ।
ਓਮੀਕਰੋਨ ਦੇ ਖ਼ੌਫ਼ ਦਰਮਿਆਨ WHO ਦੀ ਵੱਡੀ ਚਿਤਾਵਨੀ, ਯੂਰਪ ’ਚ ਆਉਣ ਵਾਲਾ ਹੈ ਇਕ ਹੋਰ ‘ਤੂਫ਼ਾਨ’
NEXT STORY