ਲੰਡਨ(ਰਾਜਵੀਰ ਸਮਰਾ)— ਪੰਜਾਬੀ ਅਤੇ ਅੰਗਰੇਜ਼ੀ ਦੇ ਨਾਮਵਰ ਲੇਖਕ ਪ੍ਰੋ.ਸ਼ਿੰਗਾਰਾ ਸਿੰਘ ਢਿੱਲੋਂ ਦੀ ਲੈਸਟਰ ਦੇ ਭਾਈਚਾਰੇ ਬਾਰੇ -2017 ਵਿਚ ਪ੍ਰਕਾਸ਼ਿਤ ਹੋਈ ਪੁਸਤਕ (“66 Years of Panjabis in Leicester – A socio Analytical study”)ਜਿੱਥੇ ਸਮੁਚੇ ਪੰਜਾਬੀ ਭਾਈਚਾਰੇ ਵਿਚ ਪੂਰਾ ਸਾਲ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਭਰਵਾ ਹੁੰਗਾਰਾ ਮਿਲਿਆ, ਉੱਥੇ ਹੀ ਇਸ ਪੁਸਤਕ ਨੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਵਿਚ ਇਕ ਹੋਰ ਨਵਾਂ ਇਤਿਹਾਸ ਰਚਦਿਆਂ ਵਿਸ਼ਵ ਪ੍ਰਸਿੱਧ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਪ੍ਰੋ.ਢਿੱਲੋਂ ਦੀ ਇਹ ਪੁਸਤਕ ਬ੍ਰਿਟਿਸ਼ ਲਾਇਬ੍ਰੇਰੀਆਂ ਵਾਸਤੇ ਤਾਂ ਇੱਥੋਂ ਦੇ ਕਾਨੂੰਨ ਮੁਤਾਬਕ ਪਹਿਲਾਂ ਹੀ ਰਜਿਸਟਰਡ ਹੈ ਪਰ ਹੁਣ ਆਕਸਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ, ਟ੍ਰਿਨਿਟੀ ਕਾਲਜ, ਡਬਲਿਨ, ਨੈਸ਼ਨਲ ਲਾਇਬ੍ਰੇਰੀ ਸਕਾਟਲੈਂਡ, ਨੈਸ਼ਨਲ ਲਾਇਬ੍ਰੇਰੀ ਵੇਲਜ਼ ਅਤੇ ਹਾਊਸ ਆਫ ਕਾਮਨਜ਼ ਲੰਡਨ ਅਦਾਰਿਆਂ ਨੇ ਵੀ ਇਸ ਦੀ ਸਿਫਾਰਸ਼ ਆਪੋ-ਆਪਣੇ ਅਦਾਰਿਆਂ ਦੀਆਂ ਲਾਇਬ੍ਰੇਰੀਆਂ ਲਈ ਕਰ ਦਿੱਤੀ ਹੈ। ਜੋ ਸਮੁੱਚੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਖੁਸ਼ੀ ਵਿਚ ਖੀਵੇ ਹੋਏ ਪ੍ਰੋ.ਢਿੱਲੋਂ ਨੇ ਕਿਹਾ ਕਿ ਇਸ ਪੁਸਤਕ ਦੇ ਵਿਸ਼ਵ ਪ੍ਰਸਿੱਧ ਅਦਾਰਿਆਂ ਵਿਚ ਪਹੁੰਚਣ ਨਾਲ ਪੰਜਾਬੀਆਂ ਖਾਸ ਕਰਕੇ ਲੈਸਟਰ ਦੇ ਪੰਜਾਬੀਆਂ ਦੀ ਸੰਸਾਰ ਦੇ ਨਕਸ਼ੇ ਤੱਕ ਪਹੁੰਚ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਵਿਚ ਅਜਿਹੀ ਉੱਚ ਪੱਧਰੀ ਵਿਗਿਆਨਕ ਖੋਜ ਨਿੱਜੀ ਪੱਧਰ 'ਤੇ ਪਹਿਲੀ ਵਾਰੀ ਹੋਈ ਹੈ ਤੇ ਹੁਣ ਆਸ ਬਣੀ ਹੈ ਕਿ ਯੂਨੀਵਰਸਿਟੀ ਪੱਧਰ 'ਤੇ ਵੀ ਇਸ ਦਿਸ਼ਾ ਵੱਲ ਕਦਮ ਚੁੱਕੇ ਜਾਣਗੇ।|ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸੇ ਵਿਦਵਾਨ ਦੀ ਪੰਜਾਬ ਬਾਰੇ ਲਿਖੀ ਪੁਸਤਕ ''ਰੰਗਲਾ ਪੰਜਾਬ ਕਿ ਕੰਗਲਾ ਪੰਜਾਬ'' ਜਿਸ ਦੇ ਹੁਣ ਤੱਕ ਦੋ ਐਡੀਸ਼ਨ ਛੱਪ ਚੁੱਕੇ ਹਨ, ਪੰਜਾਬੀਆਂ ਦੇ ਇਤਿਹਾਸ ਵਿਚ ਪਹਿਲੀ ਪੁਸਤਕ ਹੈ ਜੋ ਬ੍ਰਿਟਿਸ਼ ਲਾਇਬ੍ਰੇਰੀ ਵਜੋਂ ਮਾਨਤਾ ਪ੍ਰਾਪਤ ਹੈ।
ਸਿਸਕਾਟੂਨ ’ਚ ਭਿਆਨਕ ਸੜਕ ਹਾਦਸੇ ’ਚ 1 ਦੀ ਮੌਤ
NEXT STORY