ਜਲੰਧਰ (ਪੁਨੀਤ) : ਵਡਾਲਾ ਚੌਕ ਦੇ ਨੇੜੇ ਸਥਿਤ ਸਿਲਵਰ ਹਾਈਟ ਅਪਾਰਟਮੈਂਟ ਵੱਲੋਂ 6 ਲੱਖ ਤੋਂ ਜ਼ਿਆਦਾ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿਚ ਵਿਭਾਗ ਨੇ ਅੱਜ ਅਪਾਰਟਮੈਂਟ ਦੀਆਂ ਲਿਫ਼ਟਾਂ ਦੇ 5 ਬਿਜਲੀ ਕੁਨੈਕਸ਼ਨ ਕੱਟ ਦਿੱਤੇ ਅਤੇ ਮੀਟਰ ਉਤਾਰ ਲਏ, ਜਿਸ ਨਾਲ ਹੰਗਾਮਾ ਮਚ ਗਿਆ। ਅਪਾਰਟਮੈਂਟ ਨਿਵਾਸੀਆਂ ਅਤੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਪਾਵਰਕਾਮ ’ਤੇ ਧੱਕੇਸ਼ਾਹੀ ਨਾਲ ਮੀਟਰ ਕੱਟਣ ਦਾ ਦੋਸ਼ ਲਗਾਇਆ, ਜਦਕਿ ਵਿਭਾਗ ਦਾ ਤਰਕ ਹੈ ਕਿ ਨੋਟਿਸ ਦੇ ਬਾਵਜੂਦ ਬਿੱਲ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ ਸੀ, ਜਿਸ ਕਾਰਨ ਕਾਰਵਾਈ ਕਰਨੀ ਪਈ।
ਮਾਡਲ ਟਾਊਨ ਡਵੀਜ਼ਨ ਦੇ ਅਧੀਨ ਆਉਂਦੇ ਸਿਲਵਰ ਹਾਈਟ ਅਪਾਰਟਮੈਂਟ ਵਿਚ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਚੈਕਿੰਗ ਕਰਵਾਈ ਗਈ ਸੀ। ਇਸ ਵਿੱਚ ਤੱਥ ਸਾਹਮਣੇ ਆਏ ਸਨ ਕਿ ਅਪਾਰਟਮੈਂਟ 'ਚ ਲਿਫਟਾਂ ਦੀ ਵਰਤੋਂ ਘਰੇਲੂ ਬਿਜਲੀ ਤੋਂ ਕੀਤੀ ਜਾ ਰਹੀ ਹੈ। ਇਸ ’ਤੇ ਵਿਭਾਗ ਨੇ ਬਿਜਲੀ ਐਕਟ 2003 ਦੇ ਸੈਕਸ਼ਨ 126 ਤਹਿਤ ਬਿਜਲੀ ਦੀ ਗਲਤ ਢੰਗ ਨਾਲ ਵਰਤੋਂ ਕਰਨ ਦਾ ਕੇਸ ਬਣਾਇਆ ਸੀ। ਵਿਭਾਗ ਵੱਲੋਂ ਅਪਾਰਟਮੈਂਟ 'ਚ ਵਰਤੋਂ ਹੋਣ ਵਾਲੇ ਸਬੰਧਤ ਬਿਜਲੀ ਕੁਨੈਕਸ਼ਨਾਂ ’ਤੇ ਜੁਰਮਾਨਾ ਲਗਾਇਆ ਗਿਆ ਅਤੇ ਜੁਰਮਾਨੇ ਦੀ ਰਾਸ਼ੀ ਨੂੰ ਬਿੱਲ ਵਿਚ ਜੋੜ ਕੇ ਭੇਜ ਦਿੱਤਾ ਗਿਆ। ਲੰਮੇ ਅਰਸੇ ਤੋਂ ਵਿਭਾਗ ਵੱਲੋਂ ਬਿੱਲਾਂ ਦੀ ਰਿਕਵਰੀ ਲਈ ਚੱਕਰ ਲਗਾਏ ਜਾ ਰਹੇ ਸਨ ਪਰ ਬਿੱਲ ਜਮ੍ਹਾ ਨਾ ਹੋਣ ਦੀ ਸੂਰਤ ਵਿਚ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਅਤੇ ਪਿਛਲੇ ਦਿਨੀਂ ਕੁਨੈਕਸ਼ਨ ਕੱਟਣ ਬਾਰੇ ਫਾਈਨਲ ਨੋਟਿਸ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਪਹਿਲਕਦਮੀ, ਹੁਣ ਪਰਿਵਾਰ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣਗੇ ਕੈਦੀ
ਇਸ ਤਹਿਤ ਅੱਜ ਕਾਰਵਾਈ ਕਰਦਿਆਂ ਮਾਡਲ ਟਾਊਨ ਡਵੀਜ਼ਨ ਦੀ ਟੀਮ ਨੇ ਕੁਨੈਕਸ਼ਨ ਕੱਟ ਦਿੱਤੇ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਪਰ ਅਧਿਕਾਰੀਆਂ ਨੇ ਕਿਸੇ ਦੀ ਗੱਲ ਨਾ ਸੁਣਦਿਆਂ ਕਾਰਵਾਈ ਮੁਕੰਮਲ ਕੀਤੀ। ਲਿਫਟਾਂ ਬੰਦ ਹੋਣ ਤੋਂ ਬਾਅਦ ਲੋਕਾਂ ਵਿਚ ਹਾਹਾਕਾਰ ਮਚਣੀ ਸ਼ੁਰੂ ਹੋ ਗਈ ਕਿਉਂਕਿ ਬਹੁ-ਮੰਜ਼ਿਲਾ ਇਮਾਰਤ ’ਤੇ ਪੌੜੀਆਂ ਰਾਹੀਂ ਚੜ੍ਹਨਾ ਲੋਕਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਇਥੇ 200 ਦੇ ਲਗਭਗ ਪਰਿਵਾਰ ਰਹਿੰਦੇ ਹਨ ਅਤੇ ਲਿਫ਼ਟ ਦੇ ਬਿਨਾਂ ਰਹਿਣਾ ਸੰਭਵ ਨਹੀਂ ਹੈ। ਅਪਾਰਟਮੈਂਟ ਦੇ ਵਾਸੀ ਯੋਗੇਸ਼ ਗੁਪਤਾ, ਅਪਾਰਟਮੈਂਟ ਸੋਸਾਇਟੀ ਦੇ ਪ੍ਰੈਜ਼ੀਡੈਂਟ ਮਨੀਸ਼ ਸ਼ਰਮਾ, ਚੇਅਰਮੈਨ ਅਮਜਦ ਅਲੀ ਖਾਨ, ਗੁਲਸ਼ਨ ਕੁਮਾਰ, ਅਰਿੰਦਰਜੀਤ ਸਿੰਘ ਚੱਢਾ, ਡਾ. ਰਤਨ ਸ਼ਰਮਾ ਸਮੇਤ ਦਰਜਨਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕ ਬੂਟਾ ਮੰਡੀ ਸਥਿਤ ਪਾਵਰਕਾਮ ਦੀ ਮਾਡਲ ਟਾਊਨ ਡਵੀਜ਼ਨ ਦੇ ਦਫ਼ਤਰ ਪਹੁੰਚੇ ਅਤੇ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ। ਇਸ ਦੌਰਾਨ ਅਪਾਰਟਮੈਂਟ ਵਾਸੀਆਂ ਅਤੇ ਪਾਵਰਕਾਮ ਦੇ ਅਧਿਕਾਰੀਆਂ ਵਿਚ ਕਾਫੀ ਦੇਰ ਤੱਕ ਬਹਿਸਬਾਜ਼ੀ ਚੱਲਦੀ ਰਹੀ। ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਵੱਲੋਂ ਅਪਾਰਟਮੈਂਟ ਦੇ ਬਿਜਲੀ ਕੁਨੈਕਸ਼ਨਾਂ ਨੂੰ 7 ਦਿਨਾਂ ਲਈ ਜੋੜਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ 7 ਦਿਨਾਂ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਨੂੰ ਦੁਬਾਰਾ ਕੁਨੈਕਸ਼ਨ ਕੱਟਣੇ ਪੈਣਗੇ।
ਐਕਸੀਅਨ ਜਮਸ਼ੇਰ ਕੋਲ ਹੋਵੇਗੀ ਸੁਣਵਾਈ
ਬਿਜਲੀ ਐਕਟ ਦੇ ਸੈਕਸ਼ਨ 126 ਤਹਿਤ ਯੂ. ਈ. (ਬਿਜਲੀ ਦੀ ਗਲਤ ਵਰਤੋਂ) ਕਰਨ ਸਬੰਧੀ ਬਣੇ ਇਸ ਕੇਸ ਨੂੰ ਲੈ ਕੇ ਜਮਸ਼ੇਰ ਮਨਪ੍ਰੀਤ ਸਿੰਘ ਕੋਲ ਸੁਣਵਾਈ ਹੋਵੇਗੀ। ਅਪਾਰਟਮੈਂਟ ਵਾਸੀ ਅੱਜ ਸਬੰਧਤ ਐਕਸੀਅਨ ਨੂੰ ਮਿਲ ਕੇ ਆਏ ਹਨ ਪਰ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਕੇਸ ਬਾਰੇ ਨਹੀਂ ਜਾਣਦੇ। ਫਾਈਲ ਨੂੰ ਪੜ੍ਹਨ ਤੋਂ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ।
ਘਰੇਲੂ ਵਰਤੋਂ ਲਈ ਲਗਾਈਆਂ ਗਈਆਂ ਹਨ ਲਿਫ਼ਟਾਂ
ਸੋਸਾਇਟੀ ਅਪਾਰਟਮੈਂਟ ਦੀ ਸੋਸਾਇਟੀ ਦੇ ਯੋਗੇਸ਼ ਗੁਪਤਾ ਨੇ ਕਿਹਾ ਕਿ ਲਿਫ਼ਟਾਂ ਘਰੇਲੂ ਵਰਤੋਂ ਲਈ ਲਗਾਈਆਂ ਗਈਆਂ ਹਨ, ਜਿਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮਰਸ਼ੀਅਲ ਵਰਤੋਂ ਨਹੀਂ ਕੀਤੀ ਗਈ। ਵਿਭਾਗ ਅਧਿਕਾਰੀ ਖੁਦ ਮੌਕੇ ’ਤੇ ਆ ਕੇ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲਿਫ਼ਟਾਂ ਨਹੀਂ ਹੋਣਗੀਆਂ ਤਾਂ ਬਜ਼ੁਰਗਾਂ, ਬੱਚਿਆਂ ਸਮੇਤ ਲੋਕਾਂ ਨੂੰ ਚੌਥੀ-ਪੰਜਵੀਂ ਮੰਜ਼ਿਲ ’ਚ ਜਾਣ ਵਿਚ ਕਾਫੀ ਪ੍ਰੇਸ਼ਾਨੀ ਹੋਵੇਗੀ, ਇਸ ਲਈ ਵਿਭਾਗ ਨੂੰ ਭਵਿੱਖ ਵਿਚ ਧਿਆਨ ਰੱਖਣਾ ਚਾਹੀਦਾ ਹੈ।
ਝਾਰਖੰਡ ਤੋਂ 10 ਕਿਲੋ ਅਫ਼ੀਮ ਦੀ ਸਪਲਾਈ ਦੇਣ ਆਏ 2 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY