ਜਲੰਧਰ (ਅਮਿਤ)-ਸੈਕਟਰੀ ਆਰ. ਟੀ. ਏ. ਕੰਵਲਜੀਤ ਸਿੰਘ ਅਤੇ ਏ. ਟੀ. ਏ. ਸੁਖਵਿੰਦਰ ਸਿੰਘ ਬਰਾੜ ਵਲੋਂ ਕੁਝ ਸਮਾਂ ਪਹਿਲਾਂ ਟਰੈਕ ਉੱਪਰ ਏਜੰਟਾਂ ਦੇ ਦਾਖਲੇ ਨੂੰ ਲੈ ਕੇ ਕਾਫੀ ਸਖਤੀ ਵਰਤੀ ਗਈ ਸੀ, ਜਿਸ ਤਹਿਤ ਏਜੰਟਾਂ ਨੂੰ ਟਰੈਕ ਤੋਂ ਬਾਹਰ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਕੁਝ ਦਿਨਾਂ ਤਕ ਤਾਂ ਇਸ ਹੁਕਮ ਦੀ ਬਹੁਤ ਚੰਗੀ ਤਰ੍ਹਾਂ ਪਾਲਣਾ ਹੁੰਦੀ ਰਹੀ ਪਰ ਇਥੇ ਕੰਮ ਕਰਨ ਵਾਲੇ ਕੁਝ ਲਾਲਚੀ ਕਿਸਮ ਦੇ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਦੀ ਮਿਲੀਭਗਤ ਨਾਲ ਟਰੈਕ ’ਤੇ ਆਉਣ ਵਾਲੇ ਏਜੰਟਾਂ ਦੇ ਦਾਖਲੇ ’ਤੇ ਰੋਕ ਲਗਾਉਣ ਲਈ ਜਾਰੀ ਇਸ ਆਦੇਸ਼ ਦਾ ਏਜੰਟਾਂ ਨੇ ਤੋੜ ਲੱਭ ਲਿਆ। ਮੌਜੂਦਾ ਸਮੇਂ ਅੰਦਰ ਵੱਡੀ ਗਿਣਤੀ ’ਚ ਏਜੰਟ ਲੁਕਣ-ਮੀਟੀ ਦੀ ਖੇਡ ਖੇਡ ਕੇ ਟਰੈਕ ’ਤੇ ਆਪਣਾ ਕੰਮ ਕਰਵਾ ਰਹੇ ਹਨ। ਜਿਵੇਂ ਹੀ ਏ. ਟੀ. ਏ. ਟਰੈਕ ’ਤੇ ਪ੍ਰਵੇਸ਼ ਕਰਦੇ ਹਨ ਤਾਂ ਉਹ ਫੌਰਨ ਚੁੱਪਚਾਪ ਬਾਹਰ ਨਿਕਲ ਜਾਂਦੇ ਹਨ, ਏ. ਟੀ. ਏ. ਦੇ ਜਾਣ ਤੋਂ ਬਾਅਦ ਬਾਹਰ ਘੁੰਮਦੇ ਹੋਏ ਏਜੰਟ ਸ਼ਾਨ ਨਾਲ ਅੰਦਰ ਪ੍ਰਵੇਸ਼ ਕਰ ਲੈਂਦੇ ਹਨ। ਇੰਨਾ ਹੀ ਨਹੀਂ, ਸਵੇਰੇ ਏ. ਟੀ. ਏ. ਦੇ ਆਉਣ ਤੋਂ ਪਹਿਲਾਂ ਏਜੰਟ ਟਰੈਕ ’ਤੇ ਪਹੁੰਚ ਜਾਂਦੇ ਹਨ ਅਤੇ ਆਪਣੇ ਕੰਮ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਹੀ ਏ. ਟੀ. ਓ. ਦਾ ਟਰੈਕ ’ਤੇ ਆਉਣ ਦਾ ਟਾਈਮ ਹੁੰਦਾ ਹੈ, ਜ਼ਿਆਦਾਤਰ ਏਜੰਟ ਬਾਹਰ ਚਲੇ ਜਾਂਦੇ ਹਨ। ਏ. ਟੀ. ਏ. ਦੇ ਕਿਸੇ ਕੰਮ ਦੇ ਸਿਲਸਿਲੇ ’ਚ ਆਰ. ਟੀ. ਏ. ਦਫਤਰ ਜਾਂ ਕਿਤੇ ਹੋਰ ਜਗ੍ਹਾ ਜਾਂਦੇ ਹੀ ਏਜੰਟ ਮੁੜ ਟਰੈਕ ’ਤੇ ਪ੍ਰਵੇਸ਼ ਕਰਦੇ ਹਨ ਅਤੇ ਆਪਣੇ ਕੰਮ ਕਰਵਾਉਣ ਲੱਗਦੇ ਹਨ। ਜੇਕਰ ਏ. ਟੀ. ਏ. ਸਾਰਾ ਦਿਨ ਦਫਤਰ ’ਚ ਬੈਠੇ ਰਹਿੰਦੇ ਹਨ ਤਾਂ ਉਹ ਸਵੇਰੇ ਦਫਤਰ ਦੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਦੁਪਹਿਰ ਨਿੱਜੀ ਕੰਪਨੀ ਦੇ ਸਟਾਫ ਕੋਲ ਆਪਣੇ ਦਸਤਾਵੇਜ਼ ਫੜਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਕੰਮ ’ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਇਸ ਤਰ੍ਹਾਂ ਏਜੰਟ ਆਪਣੇ ਸਾਰੇ ਕੰਮ ਬੜੇ ਆਰਾਮ ਨਾਲ ਬਿਨਾਂ ਕਿਸੇ ਰੁਕਾਵਟ ਕਰਵਾ ਰਹੇ ਹਨ ਅਤੇ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਟਰੈਕ ’ਤੇ ਹੋਵੇਗੀ ਛਾਪੇਮਾਰੀ, ਏਜੰਟਾਂ ਨੂੰ ਕੀਤਾ ਜਾਵੇਗਾ ਕਾਬੂ : ਸੈਕਟਰੀ ਆਰ. ਟੀ. ਏ.ਸੈਕਟਰੀ ਆਰ. ਟੀ. ਏ. ਕੰਵਲਜੀਤ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਟਰੈਕ ’ਤੇ ਛਾਪੇਮਾਰੀ ਕਰਨਗੇ ਤੇ ਉਥੇ ਹਾਲਾਤ ਦਾ ਜਾਇਜ਼ਾ ਲੈਣਗੇ। ਜੇਕਰ ਕੋਈ ਏਜੰਟ ਟਰੈਕ ’ਤੇ ਫੜਿਆ ਜਾਵੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਏਜੰਟ ਦਾ ਸਾਥ ਦੇਣ ਵਾਲੇ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਆਰ. ਟੀ. ਏ. ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਏ. ਟੀ. ਏ. ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਜਿਨ੍ਹਾਂ ਮੁਤਾਬਿਕ ਚੁੱਪ-ਚੁਪੀਤੇ ਢੰਗ ਨਾਲ ਏਜੰਟਾਂ ਤੇ ਨਿੱਜੀ ਕਰਮਚਾਰੀਆਂ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ, ਜਿਸ ਵਿਚ ਸਾਰੇ ਕਾਊਂਟਰਾਂ ’ਤੇ ਜਾ ਕੇ ਉਥੇ ਹੋਣ ਵਾਲੇ ਕੰਮਕਾਜ ਨੂੰ ਨਿੱਜੀ ਤੌਰ ’ਤੇ ਦੇਖਿਆ ਜਾਵੇਗਾ। ਆਮ ਜਨਤਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ’ਚੋਂ ਵੀ ਰੁਟੀਨ ਵਿਚ ਟਰੈਕ ’ਤੇ ਆਉਣ ਵਾਲੇ ਏਜੰਟਾਂ ਦੀ ਪਛਾਣ ਕਰ ਕੇ ਵਿਜੀਲੈਂਸ ਕੋਲ ਲਿਸਟ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਸੈਕਟਰੀ ਆਰ. ਟੀ. ਏ. ਨੇ ਕਿਹਾ ਕਿ ਉਹ ਵੀ ਰੁਟੀਨ ਵਿਚ ਟਰੈਕ ’ਤੇ ਆਉਂਦੇ ਰਹਿਣਗੇ ਤੇ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਆਮ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਦਫਤਰੀ ਸਮੇਂ ਦੌਰਾਨ ਟਰੈਕ ’ਤੇ ਗੇਟ ਨੂੰ ਬੰਦ ਰੱਖਿਆ ਜਾਵੇਗਾ ਅਤੇ ਸਿਰਫ ਬਿਨੇਕਾਰਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸਦੇ ਨਾਲ ਹੀ ਸੁਰੱਖਿਆ ਕਰਮਚਾਰੀਆਂ ਨੂੰ ਵੀ ਗੇਟ ’ਤੇ ਤਾਇਨਾਤ ਰਹਿਣ ਤੇ ਏਜੰਟਾਂ ਨੂੰ ਅੰਦਰ ਜਾਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਆਰ. ਟੀ. ਏ. ਨੇ ਕਿਹਾ ਕਿ ਜਲਦੀ ਹੀ ਟੈਸਟ ’ਤੇ ਆਉਣ ਵਾਲੇ ਵਾਹਨਾਂ ਨੂੰ ਅੰਦਰ ਦਾਖਲ ਹੋਣ ਲਈ ਵੱਖਰਾ ਗੇਟ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਿਰਫ ਸਹੀ ਬਿਨੇਕਾਰ ਹੀ ਟਰੈਕ ’ਤੇ ਅੰਦਰ ਦਾਖਲ ਹੋ ਸਕਣਗੇ।
‘ਆਪ’ ਦੇ ਝਾੜੂ ਵਾਂਗ ਤਿਨਕਾ-ਤਿਨਕਾ ਹੋ ਰਿਹੈ ਅਕਾਲੀ ਦਲ ਬਾਦਲ : ਜਗਜੀਤ ਲੱਕੀ
NEXT STORY