ਅਬੋਹਰ, (ਸੁਨੀਲ) – ਇਕ ਪਾਸੇ ਜਿਥੇ ਸਾਡੇ ਦੇਸ਼ ਦੇ ਆਗੂ ਸਮੁੱਚੇ ਦੇਸ਼ ਅਤੇ ਦੁਨੀਆ ’ਚ ਭਾਰਤ ਦੇ ਸਭ ਤੋਂ ਵਧ ਨੌਜਵਾਨ ਹੋਣ ਦੇ ਮਾਣ ਸਬੰਧੀ ਹੱਲਾਸ਼ੇਰੀ ਕਰਦੇ ਹਨ, ਉਥੇ ਹੀ ਜ਼ਮੀਨੀ ਹਕੀਕਤ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਤਾਂ ਦੂਰ ਦੀ ਗੱਲ ਵਿਕਾਸ ਦੀਅਾਂ ਮੁੱਢਲੀ ਸਹੂਲਤਾਂ ਵੀ ਮੁਹੱਈਆ ਨਹੀਂ ਹੋ ਰਹੀਆਂ ਹਨ, ਜਿਸ ਦਾ ਜਿਊਂਦਾ-ਜਾਗਦਾ ਪ੍ਰਮਾਣ ਅਬੋਹਰ ਦੇ ਡੀ. ਏ. ਵੀ. ਕੈਂਪਸ ਰੋਡ ਅਤੇ ਗੋਪੀਚੰਦ ਆਰੀਆ ਮਹਿਲਾ ਕਾਲਜ ਨੂੰ ਜਾਣ ਵਾਲੀਆਂ ਸਡ਼ਕਾਂ ਦੀ ਬੇਹੱਦ ਖਸਤਾ ਹਾਲਤ ਦੇ ਰੂਪ ਵਿਚ ਸਾਰਿਅਾਂ ਦੇ ਸਾਹਮਣੇ ਹੈ।
ਇਨ੍ਹਾਂ ਦੋਵਾਂ ਸਡ਼ਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਸਮਝ ਨਹੀਂ ਆਉਂਦਾ ਕਿ ਸਡ਼ਕ ਵਿਚ ਖੱਡੇ ਹਨ ਜਾਂ ਖੱਡਿਆਂ ਵਿਚ ਸਡ਼ਕ। ਪੂਰੀ ਰੋਡ ਦੀ ਹਾਲਤ ਇੰਨੀ ਜ਼ਿਆਦਾ ਬੁਰੀ ਹੈ ਕਿ ਇਥੋਂ ਬਿਨਾਂ ਕਿਸੇ ਪ੍ਰੇਸ਼ਾਨੀ ਵਾਹਨ ਚਲਾ ਕੇ ਨਿਕਲਣਾ ਤਾਂ ਦੂਰ ਦੀ ਗੱਲ ਕੋਈ ਪੈਦਲ ਤੱਕ ਨਹੀਂ ਲੰਘ ਸਕਦਾ। ਰੋਡ ’ਤੇ ਜਗ੍ਹਾ-ਜਗ੍ਹਾ ਖੱਡੇ ਅਤੇ ਗੰਦਾ ਪਾਣੀ ਖਡ਼੍ਹਾ ਹੈ ਅਤੇ ਕਈ ਜਗ੍ਹਾ ’ਤੇ ਤਾਂ ਰੋਡ ਹੀ ਨਹੀਂ ਹੈ ਅਤੇ ਸਾਰਾ ਦਿਨ ਇਥੇ ਧੂੜ ਉੱਡਦੀ ਰਹਿੰਦੀ ਹੈ, ਜਿਸ ਦੀ ਵਜ੍ਹਾ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਕ ਵਿਦਿਆਰਥੀ ਨੇ ਦੱਸਿਆ ਕਿ ਸਡ਼ਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਹੈ ਅਤੇ ਦਿਨੋ-ਦਿਨ ਇਸ ਦੀ ਹਾਲਤ ਹੋਰ ਵਿਗਡ਼ਦੀ ਜਾ ਰਹੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਗੋਪੀ ਚੰਦ ਆਰੀਆ ਮਹਿਲਾ ਕਾਲਜ ਨੂੰ ਜਾਣ ਵਾਲੀ ਸਡ਼ਕ ਦੀ ਹਾਲਤ ਤਾਂ ਇੰਨੀ ਵੱਧ ਭੈਡ਼ੀ ਹੈ ਕਿ ਕਾਲਜ ਦੇ ਮੁੱਖ ਦਰਵਾਜ਼ੇ ਮੂਹਰੇ ਹੀ ਪਾਣੀ ਨਾਲ ਭਰਿਆ ਖੱਡਾ ਮੁਸੀਬਤਾਂ ਦਾ ਕਾਰਨ ਬਣਿਆ ਹੋਇਆ ਹੈ, ਜਿਸ ਨੂੰ ਪਾਰ ਕਰ ਕੇ ਹੀ ਵਿਦਿਆਰਥੀਆਂ ਨੂੰ ਰੋਜ਼ ਕਾਲਜ ਜਾਣਾ ਪੈਂਦਾ ਹੈ। ਵਿਦਿਆਰਥੀਆਂ ਨੇ ਇਲਾਕੇ ’ਚ ਨਵੀਆਂ ਸਡ਼ਕਾਂ ਬਣਵਾ ਰਹੇ ਨੌਜਵਾਨ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸੰਦੀਪ ਜਾਖਡ਼ ਤੋਂ ਮੰਗ ਕੀਤੀ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਕਾਲਜ ਕੈਂਪਸ ਨੂੰ ਜਾਣ ਵਾਲੀਆਂ ਸਡ਼ਕਾਂ ਦੀ ਉਸਾਰੀ ਕਰਵਾਉਣ।
ਇਰਾਦਾ ਕਤਲ ਦਾ ਦੋਸ਼ੀ 15 ਸਾਲਾਂ ਬਾਅਦ ਏਅਰਪੋਰਟ 'ਤੇ ਕਾਬੂ
NEXT STORY