ਨਵੀਂ ਦਿੱਲੀ — ਰੋਟੋਮੈਕ ਬੈਡ ਲੋਨ ਕੇਸ ਵਿਚ ਸੋਮਵਾਰ ਨੂੰ ਸੀ.ਬੀ.ਆਈ. ਨੇ ਪਹਿਲੀ ਚਾਰਜਸ਼ੀਟ ਦਾਇਰ ਕੀਤੀ। ਸੀ.ਬੀ .ਆਈ. ਨੇ ਲਖਨਊ ਕੋਰਟ ਵਿਚ ਰੋਟੋਮੈਕ ਕੰਪਨੀ, ਉਸ ਦੇ ਸੀ.ਐੱਮ.ਡੀ. ਵਿਕਰਮ ਕੋਠਾਰੀ ਅਤੇ ਡਾਇਰੈਕਟਰ ਰਾਹੁਲ ਕੋਠਾਰੀ ਵਿਰੁੱਧ ਵਿਸ਼ੇਸ਼ ਜੱਜ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਵਿਚ ਸੀ.ਬੀ.ਆਈ. ਨੇ ਬੈਂਕ ਆਫ਼ ਬੜੌਦਾ ਦੇ ਏ.ਜੀ.ਐੱਮ. / ਬ੍ਰਾਂਚ ਦੇ ਮੁਖੀ ਐੱਸ.ਕੇ. ਉਪਧਿਆਏ ਦਾ ਨਾਂ ਵੀ ਨਾਮਜਦ ਕੀਤਾ ਹੈ। ਇਸ ਤੋਂ ਇਲਾਵਾ, ਬੈਂਕ ਆਫ ਬੜੌਦਾ ਦੇ ਦੋ ਹੋਰ ਅਫਸਰਾਂ ਦੇ ਨਾਮ ਵੀ ਚਾਰਜਸ਼ੀਟ ਵਿਚ ਦਰਜ ਹਨ।
ਸੀ.ਬੀ.ਆਈ. ਨੇ ਆਪਣੀ ਚਾਰਜਸ਼ੀਟ ਵਿਚ ਕਿਹਾ ਹੈ ਕਿ ਦੋਸ਼ੀਆਂ ਕਾਰਨ ਬੈਂਕ ਨੂੰ 456.63 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਚਾਰਜਸ਼ੀਟ ਦੇ ਅਨੁਸਾਰ ਇਹ ਨੁਕਸਾਨ ਬਰਾਮਦ ਪੈਕਿੰਗ ਕਰੈਡਿਟ ਸੀਮਾ ਅਤੇ ਐੱਫ.ਐੱਚ.ਸੀ. ਦੀ ਦੁਰਵਰਤੋਂ ਕਰਕੇ ਹੋਇਆ ਸੀ। ਸੀ.ਬੀ.ਆਈ. ਨੇ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਅਤੇ ਉਸਦੇ ਬੇਟੇ ਰਾਹੁਲ ਨੂੰ ਗ੍ਰਿਫਤਾਰ ਕੀਤਾ ਸੀ। 19 ਫਰਵਰੀ ਨੂੰ ਏਜੰਸੀ ਨੇ ਰੋਟੋਮੈਕ ਪੈੱਨ ਕੰਪਨੀ ਅਤੇ ਉਸਦੇ ਨਿਰਦੇਸ਼ਕ ਦੇ ਵਿਰੁੱਧ ਧੋਖਾਧੜੀ ਅਤੇ ਜਾਣਬੁੱਝ ਕੇ ਕਰਜ਼ੇ ਦੀ ਅਦਾਇਗੀ ਨਾ ਕਰਨ ਦਾ ਕੇਸ ਦਾਇਰ ਕੀਤਾ ਸੀ।
ਵਿਕਰਮ ਕੋਠਾਰੀ, ਉਨ੍ਹਾਂ ਦੇ ਪੁੱਤਰ ਰਾਹੁਲ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਸਾਧਨਾ ਕੋਠਾਰੀ ਵੀ ਕੰਪਨੀ ਦੀ ਡਾਇਰੈਕਟਰ ਹੈ। ਸੀ ਬੀ ਆਈ ਨੇ ਇਨ੍ਹਾਂ ਸਾਰਿਆਂ ਦੇ ਖਿਲਾਫ ਬੈਂਕ ਆਫ ਬੜੌਦਾ ਦੀ ਅਗਵਾਈ ਵਾਲੇ ਸੱਤ ਬੈਂਕਾਂ ਦੇ ਗਰੁੱਪ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਇਹ ਮਾਮਲਾ 'ਅਣਪਛਾਤੇ ਬੈਂਕ ਅਧਿਕਾਰੀਆਂ ਅਤੇ ਪ੍ਰਾਈਵੇਟ ਵਿਅਕਤੀਆਂ' ਦੇ ਖਿਲਾਫ ਦਰਜ ਕੀਤਾ ਗਿਆ ਹੈ। ਏਜੰਸੀ ਨੇ ਵਿਕਰਮ ਕੋਠਾਰੀ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ਅਤੇ ਦਫਤਰਾਂ ਨੂੰ ਸੀਲ ਕਰ ਦਿੱਤਾ ਹੈ। ਬੈਂਕ ਆਫ ਬੜੌਦਾ ਦੀ ਸ਼ਿਕਾਇਤ 'ਤੇ ਸੀ.ਬੀ.ਆਈ ਨੇ ਇਹ ਅਪਰਾਧਕ ਕੇਸ ਦਰਜ ਕੀਤਾ ਸੀ। ਬੈਂਕ ਨੇ ਪਿਛਲੇ ਸਾਲ ਫਰਵਰੀ ਵਿਚ ਕੰਪਨੀ ਨੂੰ ਵਿੱਲਫੁੱਲ ਡਿਫਾਲਟਰ ਵਜੋਂ ਦੋਸ਼ੀ ਐਲਾਨ ਕੀਤਾ ਸੀ।
ਰੋਟੋਮੈਕ ਨੇ 5 ਪੀ.ਐੱਸ.ਯੂ. ਬੈਂਕਾਂ ਕੋਲੋਂ 800 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਲਿਆ ਸੀ। ਬੈਂਕ ਨੇ ਦੋਸ਼ ਲਗਾਇਆ ਹੈ ਕਿ ਪੈੱਨ ਬਣਾਉਣ ਵਾਲੀ ਇਸ ਕੰਪਨੀ ਨੇ ਆਪਣੇ ਡਾਇਰੈਕਟਰਾਂ ਦੇ ਜ਼ਰੀਏ ਉਨ੍ਹਾਂ ਦੇ ਅਤੇ ਹੋਰ ਬੈਂਕ ਅਧਿਕਾਰੀਆਂ ਦੇ ਖਿਲਾਫ ਅਪਰਾਧਿਕ ਸਾਜ਼ਿਸ਼ ਘੜ ਕੇ ਬੈਂਕ ਆਫ ਬੜੌਦਾ ਦੇ ਨਾਲ 616.69 ਕਰੋੜ ਰੁਪਏ ਦੀ ਧੋਖਾਧੜੀ ਕੀਤੀ। ਇਸ ਵਿਚ 456.63 ਕਰੋੜ ਰੁਪਏ ਦਾ ਲੋਨ ਅਤੇ 160.06 ਕਰੋੜ ਰੁਪਏ ਦਾ ਬਕਾਇਆ ਵਿਆਜ ਸ਼ਾਮਲ ਹੈ।
ਰੋਟੇਮੈਕ ਨੂੰ ਕਰਜ਼ੇ ਦੇਣ ਵਾਲੇ 7 ਬੈਂਕਾਂ ਦੇ ਸਮੂਹ ਵਿਚ ਬੈਂਕ ਆਫ਼ ਇੰਡੀਆ, ਬੈਂਕ ਆਫ ਬੜੌਦਾ, ਇੰਡੀਅਨ ਓਵਰਸੀਜ਼ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਅਲਾਹਾਬਾਦ ਬੈਂਕ, ਬੈਂਕ ਆਫ ਮਹਾਰਾਸ਼ਟਰ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਸ਼ਾਮਲ ਹਨ। ਏਜੰਸੀ ਨੇ ਕਿਹਾ ਕਿ ਇਨ੍ਹਾਂ ਸਾਰੇ ਬੈਂਕਾਂ ਦੀ ਕੁੱਲ ਬਕਾਇਆ ਰਕਮ 3695 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਵਿਚ ਬਕਾਇਆ ਵਿਆਜ ਵੀ ਸ਼ਾਮਲ ਹੈ।
ਬਾਲਾ ਜੀ ਕਾਲੋਨੀ ਦੀ ਕੰਧ ਤੋੜਨ 'ਤੇ ਹੋਇਆ ਵਿਵਾਦ, ਪੁਲਸ ਨੇ ਸ਼ੁਰੂ ਕੀਤੀ ਕਾਰਵਾਈ
NEXT STORY