ਜਲੰਧਰ (ਸ਼ਾਹ)¸ ਮੈਰੀਟੋਰੀਅਸ ਸਕੂਲ ਵਿਚ ਆਉਂਦੇ ਵਿਦਿਅਕ ਸੈਸ਼ਨ ਵਿਚ ਦਾਖਲਾ ਲੈਣ ਲਈ ਐਤਵਾਰ ਐਂਟਰੈਂਸ ਟੈਸਟ ਲਿਆ ਗਿਆ। ਇਸ ਮੰਤਵ ਲਈ ਸ਼ਹਿਰ ਵਿਚ ਦੋ ਸੈਂਟਰ ਬਣਾਏ ਗਏ ਸਨ। ਇਕ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਜੂਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਅਤੇ ਦੂਜਾ ਸੈਂਟਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਬਣਾਇਆ ਗਿਆ ਸੀ।
ਜਾਣਕਾਰੀ ਮੁਤਾਬਕ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲੈਣ ਲਈ ਕੁਲ 784 ਵਿਦਿਆਰਥੀਆਂ ਨੇ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿਚੋਂ 714 ਨੇ ਐਤਵਾਰ ਪ੍ਰੀਖਿਆ ਦਿੱਤੀ ਜਦ ਕਿ 70 ਵਿਦਿਆਰਥੀ ਗੈਰ-ਹਾਜ਼ਰ ਰਹੇ। ਪੇਪਰ ਦੇਣ ਪਿੱਛੋਂ ਸੈਂਟਰ ਤੋਂ ਬਾਹਰ ਆਏ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਗਰਮੀ ਦੇ ਬਾਵਜੂਦ ਕੇਂਦਰ ਵਿਚ ਪੱਖੇ ਤਕ ਨਹੀਂ ਚੱਲ ਰਹੇ ਸਨ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋਈ।
ਦਸਵੀਂ ਜਮਾਤ ਵਿਚ 50 ਤੋਂ 55 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਵੀ ਦਿੱਤੀ ਪ੍ਰੀਖਿਆ
ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲੈਣ ਲਈ ਕੱਟ ਆਫ ਵਿਚ ਵੀ ਕਟੌਤੀ ਕੀਤੀ ਗਈ ਸੀ। ਇਸ ਅਧੀਨ ਇਸ ਵਾਰ ਦਸਵੀਂ ਜਮਾਤ ਵਿਚ ਜਨਰਲ ਵਰਗ ਦੇ 55 ਅਤੇ ਐੱਸ. ਸੀ. ਵਰਗ ਦੇ 50 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਰੀਟੋਰੀਅਸ ਸਕੂਲ ਵਿਚ ਦਾਖਲੇ ਦਾ ਮੌਕਾ ਦਿੱਤਾ ਗਿਆ। ਇਸ ਤੋਂ ਪਹਿਲਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿਚ ਸ਼ੁਰੂ ਹੋਏ ਇਨ੍ਹਾਂ ਮੈਰੀਟੋਰੀਅਸ ਸਕੂਲਾਂ ਵਿਚ ਦਸਵੀਂ ਜਮਾਤ ਵਿਚ 80 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਦਾਖਲਾ ਮਿਲਦਾ ਰਿਹਾ ਹੈ ਪਰ ਕਾਂਗਰਸ ਸਰਕਾਰ ਨੇ ਆਪਣੇ ਦੂਜੇ ਸਾਲ ਵਿਚ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਦੀ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਹੈ।
ਮੈਰੀਟੋਰੀਅਸ ਸਕੂਲ 'ਚ ਹਨ 500 ਸੀਟਾਂ
ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਚ 11ਵੀਂ ਜਮਾਤ ਵਿਚ ਦਾਖਲਾ ਲੈਣ ਲਈ ਕੁਲ 500 ਸੀਟਾਂ ਹਨ ਜਿਨ੍ਹਾਂ ਨੂੰ ਹਾਸਲ ਕਰਨ ਲਈ ਵਿਦਿਆਰਥੀਆਂ ਨੇ ਆਪਣੀ ਕਿਸਮਤ ਅਜ਼ਮਾਈ। ਇਨ੍ਹਾਂ ਸੀਟਾਂ ਵਿਚ ਨਾਨ-ਮੈਡੀਕਲ 'ਚ 300, ਮੈਡੀਕਲ 'ਚ 100 ਅਤੇ ਕਾਮਰਸ ਸਟ੍ਰੀਮ ਲਈ 100 ਸੀਟਾਂ ਉਪਲਬਧ ਹਨ।
25 ਨੂੰ ਆਏਗਾ ਨਤੀਜਾ
ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ 25 ਮਈ ਨੂੰ ਆਵੇਗਾ। ਨਤੀਜੇ ਆਉਣ ਤੋਂ ਬਾਅਦ 30 ਮਈ ਤਕ ਕੌਂਸਲਿੰਗ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਸ ਤੋਂ ਬਾਅਦ ਕਲਾਸਾਂ ਸ਼ੁਰੂ ਹੋ ਜਾਣਗੀਆਂ।
ਹਰਦੇਵ ਸਿੰਘ ਨਾਗੋਕੇ ਦੇ ਕਰਮਚਾਰੀ ਦਲ ਦੇ ਸੂਬਾ ਮੀਤ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟ
NEXT STORY