ਚੰਡੀਗੜ੍ਹ (ਸੁਸ਼ੀਲ) : ਕਰਨਲ ਬਣ ਕੇ 25 ਜਵਾਨਾਂ ਦਾ ਯੂਰੋਲੋਜੀ ਟੈਸਟ ਕਰਵਾਉਣ ਦੇ ਨਾਂ ’ਤੇ ਸੈਕਟਰ-40 ਦੇ ਰਹਿਣ ਵਾਲੇ ਡਾਕਟਰ ਨਾਲ 1 ਲੱਖ 48 ਹਜ਼ਾਰ 750 ਰੁਪਏ ਦੀ ਠੱਗੀ ਮਾਰੀ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਡਾ. ਪ੍ਰਕਾਸ਼ ਨਰਾਇਣ ਗੁਪਤਾ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਜਾਂਚ ਕਰ ਕੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। 70 ਸਾਲਾ ਯੂਰੋਲੋਜਿਸਟ ਡਾ. ਪ੍ਰਕਾਸ਼ ਨਰਾਇਣ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵ੍ਹਟਸਐਪ ਨੰਬਰ ਤੋਂ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਪੁੱਛਿਆ ਕਿ ਕੀ ਤੁਸੀ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ਈ.ਸੀ.ਐੱਚ.ਐੱਸ.) ਫ਼ੌਜੀ ਕਰਮਚਾਰੀ ਹੋ। ਇਸ ’ਤੇ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਕਿਸੇ ਹੋਰ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਨਾਂ ਸਤੀਸ਼ ਕੁਮਾਰ ਦੱਸਿਆ ਤੇ ਕਿਹਾ ਕਿ ਉਹ ਫ਼ੌਜ ’ਚ ਅਫ਼ਸਰ ਹੈ। ਸਤੀਸ਼ ਨੇ ਕਿਹਾ ਕਿ ਉਨ੍ਹਾਂ ਨੇ 25 ਜਵਾਨਾਂ ਦਾ ਯੂਰੋਲੋਜੀ ਚੈੱਕਅਪ ਕਰਵਾਉਣਾ ਹੈ। ਇਸ ’ਤੇ ਡਾਕਟਰ ਨੇ ਕਿਹਾ ਕਿ ਇਕ ਦਿਨ ’ਚ ਇਹ ਕੰਮ ਨਹੀਂ ਹੋ ਸਕਦਾ। ਹਰ ਰੋਜ਼ ਸਿਰਫ਼ ਪੰਜ ਜਵਾਨਾਂ ਦੀ ਜਾਂਚ ਤੇ ਟੈਸਟ ਕਰਾਂਗਾ। ਇਸ ਤੋਂ ਬਾਅਦ ਸਤੀਸ਼ ਨੇ ਹਸਪਤਾਲ ਦਾ ਪਤਾ ਤੇ ਓ. ਪੀ. ਡੀ. ਕਾਰਡ ਮੰਗਿਆ ਜੋ ਭੇਜ ਦਿੱਤਾ। ਇਸੇ ਦੌਰਾਨ ਵੀਡੀਓ ਕਾਲ ’ਚ ਕਰਨਨ ਰਾਵਤ ਨਾਂ ਦੇ ਵਿਅਕਤੀ ਨੇ ਡਾਕਟਰ ਨੂੰ ਐੱਚ. ਡੀ. ਐੱਫ਼. ਸੀ. ਬੈਂਕ ਦੇ ਕ੍ਰੈਡਿਟ ਕਾਰਡ ਦੀ ਫੋਟੋ ਭੇਜੀ ਜਿਸ ’ਤੇ ਰਾਵਤ ਲਿਖਿਆ ਸੀ।
ਰਾਵਤ ਨੇ ਕਿਹਾ ਕਿ ਵੈਰੀਫਿਕੇਸ਼ਨ ਲਈ ਖਾਤਾ ਨੰਬਰ ਚਾਹੀਦਾ ਹੈ ਤਾਂ ਜੋ ਚੈੱਕਅਪ ਦੀ ਰਕਮ ਭੇਜੀ ਜਾ ਸਕੇ। ਕਰਨਲ ਨੇ ਪ੍ਰਕਾਸ਼ ਨਰਾਇਣ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੋਬਾਇਲ ਐਪ ਖੋਲ੍ਹਣ ਲਈ ਕਿਹਾ, ਫਿਰ ਕ੍ਰੈਡਿਟ ਕਾਰਡ ਨੰਬਰ ਭਰਨ ਲਈ ਕਿਹਾ। ਇਹ ਗੱਲ ਮੰਨ ਕੇ ਡਾਕਟਰ ਨੇ ਐਪ ਖੋਲ੍ਹਿਆ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਖਾਤੇ ’ਚੋਂ ਦੋ ਲੈਣ-ਦੇਣ ਕੀਤੇ ਗਏ। ਕੁੱਲ 1 ਲੱਖ 48 ਹਜ਼ਾਰ 750 ਰੁਪਏ ਕੱਢਵਾ ਲਏ ਗਏ। ਜਦੋਂ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਡਾਕਟਰ ਨੇ ਪੁਲਸ ਨੂੰ ਸੂਚਨਾ ਦਿੱਤੀ। ਮਾਮਲੇ ’ਚ ਸਾਈਬਰ ਸੈੱਲ ਨੇ ਐੱਫ. ਆਈ. ਆਰ. ਦਰਜ ਕੀਤੀ।
ਵੱਡੀ ਖ਼ਬਰ: ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਵਿਰਸਾ ਸਿੰਘ ਵਲਟੋਹਾ ਨੂੰ ਦਿੱਤੀ ਟਿਕਟ
NEXT STORY