ਪਠਾਨਕੋਟ/ਭੋਆ/ਸੁਜਾਨਪੁਰ, (ਸ਼ਾਰਦਾ, ਅਰੁਣ, ਹੀਰਾ ਲਾਲ)- ਭੋਆ ਹਲਕੇ ਦੇ ਪਿੰਡ ਕੋਠੀ ਪੰਡਤਾਂ ਵਾਸੀ ਮਹਿੰਦਰ ਪਾਲ ਦੀ ਮੌਤ ਤੋਂ ਭੜਕੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਮਲਿਕਪੁਰ ਕਸਬੇ ਵਿਚ ਜੰਮੂ-ਜਲੰਧਰ ਨੈਸ਼ਨਲ ਹਾਈਵੇ 'ਤੇ 2 ਘੰਟਿਆਂ ਤੱਕ ਚੱਕਾ ਜਾਮ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਹਿੰਦਰ ਦੀ ਕਥਿਤ ਤੌਰ 'ਤੇ ਹੱਤਿਆ ਕੀਤੀ ਗਈ ਹੈ। ਇਸ ਲਈ ਵਿਸਥਾਰ ਨਾਲ ਜਾਂਚ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿੰਦਰ ਦਾ ਵਿਆਹ 15 ਸਾਲ ਪਹਿਲਾਂ ਯਮੁਨਾ ਨਗਰ ਵਾਸੀ ਸੁਮਨ ਨਾਲ ਹੋਇਆ ਸੀ ਅਤੇ ਕੁਝ ਸਮੇਂ ਬਾਅਦ ਪਰਿਵਾਰ ਤੋਂ ਵੱਖ ਰਹਿਣ ਲੱਗਾ। ਇਸਦੇ ਬਾਵਜੂਦ ਪਤੀ-ਪਤਨੀ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਯੋਜਨਾ ਤਹਿਤ ਮਹਿੰਦਰ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਹਿੰਦਰ ਦੀ ਪਤਨੀ ਪਿਛਲੇ 3 ਸਾਲਾਂ ਤੋਂ ਵੱਖਰੇ ਤੌਰ 'ਤੇ ਸੁਜਾਨਪੁਰ ਵਿਚ ਰਹਿ ਰਹੀ ਸੀ ਅਤੇ ਉਸ ਦੇ ਤਲਾਕ ਦਾ ਕੇਸ ਕੋਰਟ ਵਿਚ ਚੱਲ ਰਿਹਾ ਸੀ। ਅਦਾਲਤ ਵੱਲੋਂ ਸੁਮਨ ਨੂੰ ਆਪਣੇ ਪਤੀ ਨਾਲ 3 ਮਹੀਨੇ ਰਹਿਣ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਅਜੇ 20-25 ਦਿਨ ਹੀ ਹੋਏ ਸਨ ਕਿ ਮਹਿੰਦਰ ਦੀ ਮੌਤ ਹੋਣ ਸਬੰਧੀ ਸੂਚਨਾ ਮਿਲੀ।
ਪਰਿਵਾਰ ਨੇ ਦੋਸ਼ ਲਾਇਆ ਕਿ ਸੁਮਨ ਨੇ ਪਿਛਲੇ ਸੋਮਵਾਰ ਨੂੰ ਦੇਰ ਰਾਤ ਆਪਣੇ ਪਤੀ ਦੀ ਕੁਝ ਲੋਕਾਂ ਤੋਂ ਕੁੱਟ-ਮਾਰ ਕਰਵਾਈ ਸੀ ਅਤੇ ਜ਼ਖ਼ਮੀ ਹਾਲਤ ਵਿਚ ਕੋਠੇ ਪੰਡਤਾਂ ਛੱਡ ਗਈ ਸੀ। ਇਸ ਤੋਂ ਬਾਅਦ ਵੱਖ-ਵੱਖ ਸਥਾਨਾਂ 'ਤੇ ਮਹਿੰਦਰ ਦਾ ਇਲਾਜ ਚੱਲਿਆ ਪਰ ਦੇਰ ਰਾਤ ਪੀ. ਜੀ. ਆਈ. ਵਿਚ ਮਹਿੰਦਰ ਦੀ ਮੌਤ ਹੋ ਗਈ।
ਦੂਸਰੇ ਪਾਸੇ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਦੇ ਨਾਲ ਡੀ. ਐੱਸ. ਪੀ. ਕੁਲਦੀਪ, ਡੀ. ਐੱਸ. ਪੀ. ਰਣਜੀਤ ਅਤੇ ਸੁਜਾਨਪੁਰ ਪੁਲਸ ਸਟੇਸ਼ਨ ਇੰਚਾਰਜ ਇਕਬਾਲ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੈਸ਼ਨਲ ਡੇਂਗੂ ਦਿਵਸ ’ਤੇ ਜਾਗਰੂਕਤਾ ਰੈਲੀ ਕੱਢੀ
NEXT STORY