ਜਲੰਧਰ (ਚੋਪੜਾ) - ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਬੇਤਹਾਸ਼ਾ ਵਾਧੇ ਅਤੇ ਮੋਦੀ ਸਰਕਾਰ ਦੇ 4 ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਵਿਰੋਧ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਸੜਕਾਂ 'ਤੇ ਉਤਰਦੇ ਹੋਏ ਕੇਂਦਰ ਸਰਕਾਰ ਵਿਰੁੱਧ ਭਾਰੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕੁਝ ਵੱਖਰੇ ਅੰਦਾਜ਼ ਨਾਲ ਵਿਰੋਧ ਜਤਾਉਂਦੇ ਹੋਏ ਜਾਖੜ, ਸਿੱਧੂ, ਰੰਧਾਵਾ ਬੈਲ ਗੱਡੀ 'ਤੇ ਸਵਾਰ ਹੋ ਕੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੇ ਅਤੇ ਉਕਤ ਨੇਤਾਵਾਂ ਨੇ ਕੜਕਦੀ ਧੁੱਪ ਵਿਚ 25 ਮਿੰਟ ਸੜਕ ਵਿਚਾਲੇ ਬਣੇ ਡਿਵਾਈਡਰ 'ਤੇ ਖੜ੍ਹੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਅਤੇ ਆਰ. ਐੱਸ. ਐੱਸ. ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਅਖੀਰ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਜਾਖੜ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਕਾਂਗਰਸ ਸੰਕੇਤਕ ਰੂਪ ਵਿਚ ਨਰਿੰਦਰ ਮੋਦੀ ਨੂੰ ਹੀ ਸਾੜ ਰਹੀ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੀ ਜਨਤਾ ਨਾਲ ਵਿਸ਼ਵਾਸਘਾਤ ਕੀਤਾ ਹੈ। ਜਨਤਾ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾਏ, ਭ੍ਰਿਸ਼ਟਾਚਾਰ ਨੂੰ ਖਤਮ ਕਰਨ, 80 ਲੱਖ ਕਰੋੜ ਰੁਪਏ ਦੇ ਵਿਦੇਸ਼ੀ ਧਨ ਨੂੰ ਵਾਪਸ ਲਿਆਉਣ, ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ, 15 ਲੱਖ ਰੁਪਏ ਹਰੇਕ ਬੈਂਕ ਖਾਤੇ ਵਿਚ ਜਮ੍ਹਾ ਹੋਣ ਸਮੇਤ ਅਨੇਕਾਂ ਝੂਠੇ ਵਾਅਦੇ ਕੀਤੇ, ਪਰ ਉਲਟਾ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੀਆਂ ਤਾਨਾਸ਼ਾਹੀ ਨੀਤੀਆਂ ਜਨਤਾ 'ਤੇ ਥੋਪ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ 26 ਮਈ ਨੂੰ ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋ ਰਹੇ ਹਨ। ਜਿਸ ਨੂੰ ਦੇਸ਼ ਭਰ ਵਿਚ ਕਾਂਗਰਸ ਵਿਸ਼ਵਾਸਘਾਤ ਦਿਵਸ ਦੇ ਤੌਰ 'ਤੇ ਮਨਾ ਰਹੀ ਹੈ। ਜਾਖੜ ਨੇ ਕਿਹਾ ਕਿ ਅੱਜ ਜਲੰਧਰ ਦੀ ਧਰਤੀ ਤੋਂ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਸਫਾਇਆ ਹੋ ਜਾਏਗਾ। ਇਸ ਮੌਕੇ ਸੰਸਦ ਮੈਂਬਰ ਸੰਤੋਖ ਚੌਧਰੀ , ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ, ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੌਧਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਹੋਰ ਵੀ ਮੌਜੂਦ ਸਨ।
2 ਸਮੱਗਲਰ ਗ੍ਰਿਫਤਾਰ, ਲੱਖਾਂ ਦੀ ਨਕਦੀ ਤੇ ਪਾਕਿਸਤਾਨੀ ਸਿਮ ਬਰਾਮਦ
NEXT STORY