ਲੁਧਿਆਣਾ(ਸਲੂਜਾ)-ਵੈਸਟਰਨ ਡਿਸਟ੍ਰਬੈਂਸ ਕਾਰਨ ਤਾਪਮਾਨ ਦਾ ਇਕਦਮ ਦਬਾਅ ਵਧਣ ਨਾਲ ਅੱਜ ਸਥਾਨਕ ਮਹਾਨਗਰ 'ਚ ਬਾਅਦ ਦੁਪਹਿਰ ਦੇ 3.30 ਵਜੇ ਹਨੇਰੇ 'ਚ ਡੁੱਬ ਗਿਆ। ਪਹਿਲਾਂ ਧੂੜ ਭਰੀ ਹਨੇਰੀ ਨੇ ਦਸਤਕ ਦਿੱਤੀ ਅਤੇ ਉਸ ਤੋਂ ਬਾਅਦ 1 ਮਿਲੀਮੀਟਰ ਮੀਂਹ ਪਿਆ। ਕਹਿਰ ਦੀ ਗਰਮੀ ਤੋਂ ਲੁਧਿਆਣਾ ਵਾਸੀਆਂ ਨੂੰ ਰਾਹਤ ਤਾਂ ਜ਼ਰੂਰ ਮਿਲ ਗਈ ਪਰ ਕੁਦਰਤ ਦੇ ਬਦਲੇ ਰੰਗ ਤੋਂ ਸਹਿਮੇ ਲੋਕ ਜਿਥੇ ਵੀ ਸਨ, ਉਥੇ ਹੀ ਸਿਮਟ ਕੇ ਰਹਿ ਗਏ। ਸਵੇਰ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤਕ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41 ਡਿਗਰੀ ਸੈਲਸੀਅਸ ਰਹਿਣ ਨਾਲ ਲੂ ਦਾ ਕਹਿਰ ਵਰਸਾਉਣ ਵਾਲਾ ਰਿਹਾ। ਉਸ ਤੋਂ ਬਾਅਦ ਮੌਸਮ ਨੇ ਇਕਦਮ ਕਰਵਟ ਲਈ। ਪਹਿਲਾਂ 50 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਾਰੀ ਹਨੇਰੀ ਚੱਲੀ। ਕੁਝ ਹੀ ਮਿੰਟਾਂ ਵਿਚ ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾ ਗਿਆ ਤੇ ਮੀਂਹ ਪੈਣ ਲੱਗਾ। ਅਜਿਹਾ ਲੱਗਣ ਲੱਗਾ ਜਿਵੇਂ ਰਾਤ ਦੇ 9-10 ਵਜੇ ਦਾ ਸਮਾਂ ਹੋਵੇ। ਸੜਕਾਂ 'ਤੇ ਵਾਹਨ ਡਿਪਰਾਂ ਦੀ ਮਦਦ ਨਾਲ ਆਪਣੀ ਮੰਜ਼ਿਲ ਵੱਲ ਰੇਂਗਦੇ ਹੋਏ ਨਜ਼ਰ ਆਏ। ਫਿਰੋਜ਼ਪੁਰ ਰੋਡ 'ਤੇ ਤਾਂ ਹਾਲਾਤ ਇਹ ਸਨ ਕਿ ਕੁਝ ਮੀਟਰ ਦੂਰੀ ਤਕ ਵੀ ਕੁਝ ਨਹੀਂ ਨਜ਼ਰ ਆ ਰਿਹਾ ਸੀ, ਜਿਸ ਕਾਰਨ ਜਾਮ ਲੱਗਾ ਰਿਹਾ ਤੇ ਆਵਾਜਾਈ ਰੁਕ ਗਈ। ਧੂੜ ਭਰੀ ਹਨੇਰੀ ਕਾਰਨ ਬਿਜਲੀ ਲਾਈਨਾਂ 'ਤੇ ਰੁੱਖ ਡਿੱਗਣ ਨਾਲ ਲਾਈਨਾਂ ਤੇ ਟ੍ਰਾਂਸਫਾਰਮਰ ਟ੍ਰਿੱਪ ਕਰ ਗਏ, ਜਿਸ ਕਾਰਨ ਨਗਰ ਵਿਚ ਬਿਜਲੀ ਗੁਲ ਹੋ ਗਈ ਅਤੇ ਸਥਾਨਕ ਨਗਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਲੈਕ ਆਊਟ ਹੋ ਗਿਆ।
ਕੀ ਰਿਹਾ ਮੌਸਮ ਦਾ ਮਿਜ਼ਾਜ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਸਵੇਰ ਦੇ 7 ਵਜੇ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 26 ਡਿਗਰੀ ਸੈਲਸੀਅਸ ਸੀ, ਜੋ ਦੁਪਹਿਰ ਹੁੰਦੇ-ਹੁੰਦੇ 41 ਡਿਗਰੀ ਸੈਲਸੀਅਸ ਤਕ ਪੁੱਜ ਗਿਆ। ਉਸ ਤੋਂ ਬਾਅਦ 9.9 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣ ਲੱਗੀਆਂ। ਘੱਟੋ-ਘੱਟ ਤਾਪਮਾਨ ਦਾ ਪਾਰਾ 26 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 58 ਅਤੇ ਸ਼ਾਮ ਨੂੰ 24 ਫੀਸਦੀ ਰਹੀ ਜਦੋਂਕਿ ਦਿਨ ਦੀ ਲੰਬਾਈ 13 ਘੰਟੇ 39 ਮਿੰਟ ਰਹੀ।
ਪੀ. ਏ. ਯੂ. ਮੌਸਮ ਮਾਹਰਾਂ ਨੇ ਆਉਣ ਵਾਲੇ 48 ਘੰਟਿਆਂ ਦੌਰਾਨ ਲੁਧਿਆਣਾ ਸਮੇਤ ਨਾਲ ਲਗਦੇ ਇਲਾਕਿਆਂ ਵਿਚ ਧੂੜ ਭਰੀ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਅੱਪਰਾ 'ਚ ਤੂਫਾਨ ਤੇ ਅੱਗ ਨੇ ਮਚਾਈ ਤਬਾਹੀ
NEXT STORY