ਜਲੰਧਰ, (ਅਮਿਤ)- 31 ਮਈ ਨੂੰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਇਹ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜ੍ਹੀ ਜਾ ਸਕੇ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਕਮਿਸ਼ਨਰ ਆਫ ਪੁਲਸ ਪ੍ਰਵੀਨ ਕੁਮਾਰ ਸਿਨ੍ਹਾ ਨੇ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਜਿਥੇ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਸਥਾਪਤ ਕੀਤੇ ਗਏ ਹਨ, ਦਾ ਦੌਰਾ ਕਰਨ ਉਪਰੰਤ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਸਾਰੇ ਕੰਮ ਨੂੰ ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 28 ਮਈ ਨੂੰ ਈ. ਵੀ. ਐੱਮ. ਅਤੇ ਵੀ. ਵੀ. ਪੈਟ ਮਸ਼ੀਨਾਂ ਗਿਣਤੀ ਕੇਂਦਰ 'ਤੇ ਪਹੁੰਚਣਗੀਆਂ, ਜਿਥੇ ਇਨ੍ਹਾਂ ਦੀ ਨਿਗਰਾਨੀ ਲਈ ਨੀਮ ਫੌਜੀ ਦਸਤੇ ਲਾਏ ਜਾਣਗੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰ ਦੀ ਨਿਗਰਾਨੀ ਲਈ 24 ਘੰਟੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ।
ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕਰੇਗਾ।
ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰ ਵਿਚ ਆਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਤੇ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨੂੰ ਵੀ ਪਛਾਣ ਪੱਤਰ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰ ਵਿਚ ਵੋਟਾਂ ਦੀ ਗਿਣਤੀ ਲਈ 70 ਮੁਲਾਜ਼ਮ ਲਾਏ ਜਾਣਗੇ ਅਤੇ ਇਨ੍ਹਾਂ ਦੀਆਂ 13 ਟੀਮਾਂ ਦਾ ਗਠਨ ਕਰ ਕੇ ਹਰ ਟੇਬਲ 'ਤੇ 3 ਕਰਮਚਾਰੀ ਲਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸਹਾਇਕ ਕੁਲੈਕਟਰ (ਟ੍ਰੇਨਿੰਗ ਅਧੀਨ) ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ ਪੁਲਸ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਸ ਡੀ. ਸੂਡਰਵਿਜੀ, ਉਪ ਮੰਡਲ ਮੈਜਿਸਟਰੇਟ ਜਸਜੀਤ ਸਿੰਘ, ਤਹਿਸੀਲਦਾਰ ਮਨਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਗਰਮੀ ਦਾ ਡਬਲ ਅਟੈਕ : 43 ਡਿਗਰੀ ਨੇ ਸੇਕਿਆ, ਸਾਰਾ ਦਿਨ ਲੂ ਨੇ ਸਤਾਇਆ
NEXT STORY