ਤਰਨਤਾਰਨ/ਹਰੀਕੇ ਪੱਤਣ, (ਰਮਨ, ਲਵਲੀ)- ਪਿਛਲੇ ਕੁੱਝ ਸਮੇਂ ਦੌਰਾਨ ਹਰੀਕੇ ਪੱਤਣ ਨਜ਼ਦੀਕ ਮੰਡ ਦਰਿਆ ਇਲਾਕੇ ਵਿਚ ਸ਼ਰਾਬ ਧੰਦੇਬਾਜ਼ਾਂ ਵੱਲੋਂ ਨਾਜਾਇਜ਼ ਤੌਰ ’ਤੇ ਸ਼ਰਾਬ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ । ਅੱਜ ਫਿਰ ਅੈਕਸਾਈਜ਼ ਵਿਭਾਗ ਦੀਆਂ ਦੋ ਜ਼ਿਲਿਆਂ ਦੀ ਇਕ ਸਾਂਝੀ ਟੀਮ ਵੱਲੋਂ ਮੰਡ ਖੇਤਰ ਅਧੀਨ ਆਉਂਦੇ ਮਰ੍ਹਡ਼ ਅਤੇ ਕਿਡ਼ੀਆਂ ਦੇ ਦਰਿਆਈ ਖੇਤਰ ਵਿਚ ਛਾਪੇਮਾਰੀ ਕਰਨ ਦੌਰਾਨ 70 ਹਜ਼ਾਰ ਲਿਟਰ ਲਾਹਨ, 16 ਡਰੰਮ, 40 ਤੋਡ਼ੇ ਗੁਡ਼ ਅਤੇ 45 ਤਰਪੈਲਾਂ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਵੇਂ ਟੀਮ ਦੇ ਹੱਥ ਕੋਈ ਦੋਸ਼ੀ ਨਹੀਂ ਲੱਗਾ ਪਰ ਦਰਿਆ ਅੰਦਰ ਚੱਲ ਰਹੇ ਇਸ ਗੋਰਖਧੰਦੇ ਦੌਰਾਨ ਤਿਆਰ ਕੀਤੀ ਜਾ ਰਹੀ ਸ਼ਰਾਬ ਨੂੰ ਟੀਮ ਨੇ ਮੌਕੇ ’ਤੇ ਹੀ ਨਸ਼ਟ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੈਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਦੀਆਂ ਹਦਾਇਤਾਂ ’ਤੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਜ਼ਿਲਾ ਫਿਰੋਜ਼ਪੁਰ ਦੇ ਈ.ਟੀ.ਓ. ਆਰ.ਐੱਸ. ਰਮਾਣਾ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਅਤੇ ਤਰਨਤਾਰਨ ਤੋਂ ਈ.ਟੀ.ਓ. ਸੁਨੀਲ ਗੁਪਤਾ ਅਤੇ ਇੰਸਪੈਕਟਰ ਹਰਭਜਨ ਸਿੰਘ ਮੰਡ ਸ਼ਾਮਲ ਸਨ, ਵੱਲੋਂ ਅੱਜ ਦੁਪਹਿਰ ਹਰੀਕੇ ਪੱਤਣ ਦੇ ਦਰਿਆ ਵਿਚ ਆਉਂਦੇ ਮਰ੍ਹਡ਼ ਅਤੇ ਕਿਡ਼ੀਆਂ ਖੇਤਰ ਜੋ ਜੰਗਲੀ ਇਲਾਕਾ ਹੈ, ਵਿਖੇ ਬਡ਼ੀ ਮੁਸ਼ਕਲ ਅਤੇ ਖਤਰੇ ਨੂੰ ਮੁੱਲ ਲੈਂਦੇ ਹੋਏ ਛਾਪੇਮਾਰੀ ਕੀਤੀ ਗਈ।
ਜਿਥੇ ਜ਼ਮੀਨ ਵਿਚ ਟੋਏ ਪੁੱਟ ਕੇ ਲਾਹਣ ਤਿਆਰ ਕੀਤੀ ਜਾ ਰਹੀ ਸੀ। ਮੰਡ ਨੇ ਦੱਸਿਆ ਕਿ ਮੌਕੇ ’ਤੇ ਪਾਈ ਗਈ ਕਰੀਬ 70 ਹਜ਼ਾਰ ਲਿਟਰ ਲਾਹਨ, 16 ਨਿੱਕੇ-ਵੱਡੇ ਡਰੰਮ, 45 ਤਰਪੈਲਾਂ ਜਿਨ੍ਹਾਂ ਵਿਚ ਲਾਹਨ ਤਿਆਰ ਕੀਤੀ ਜਾਂਦੀ ਸੀ ਸਮੇਤ 40 ਤੋਡ਼ੇ (35-40 ਕਿਲੋ ਪ੍ਰਤੀ ਤੋਡ਼ਾ ਵਜ਼ਨ) ਗੁਡ਼ ਨੂੰ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਟੀਮ ਦੀ ਹਾਜ਼ਰੀ ਵਿਚ ਇਸ ਲਾਹਣ ਅਤੇ ਗੁਡ਼ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਮੰਡ ਨੇ ਦੱਸਿਆ ਕਿ ਇਸ ਖੇਤਰ ਵਿਚ ਲਾਹਣ ਦਾ ਧੰਦਾ ਕਰਨ ਵਾਲੇ ਧੰਦੇਬਾਜ਼ਾਂ ਨੂੰ ਨੱਥ ਪਾਉਣ ਲਈ ਕੁਝ ਸਮੇਂ ਵਿਚ ਇਹ 5ਵੀਂ ਛਾਪੇਮਾਰੀ ਹੈ ਜਿਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਕੰਡਿਆਲੀ ਤਾਰ ਦੀ ਵਰਤੋਂ ਕਰਦੇ ਹੋਏ ਲਾਹਣ ਦਾ ਧੰਦਾ ਕੀਤਾ ਜਾ ਰਿਹਾ ਸੀ ਤਾਂ ਜੋ ਕੋਈ ਜਾਨਵਰ ਇਸ ਲਾਹਣ ਨੂੰ ਨਸ਼ਟ ਨਾ ਕਰ ਦੇਵੇ। ਤਿਆਰ ਹੋਣ ਤੋਂ ਬਾਅਦ ਇਸ ਲਾਹਣ ਨੂੰ ਆਸ-ਪਾਸ ਦੇ ਇਲਾਕੇ ਵਿਚ ਵੇਚਦੇ ਹੋਏ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ।
ਸਾਂਝੇ ਅਧਿਆਪਕ ਮੋਰਚੇ ਵੱਲੋਂ ਵਿਧਾਇਕ ਡਾ. ਅਗਨੀਹੋਤਰੀ ਦੇ ਘਰ ਦਾ ਘਿਰਾਓ
NEXT STORY