ਗੁਰਦਾਸਪੁਰ/ਲਾਹੌਰ, (ਵਿਨੋਦ)- ਲਾਹੌਰ ਹਾਈ ਕੋਰਟ ਨੇ ਲਾਹੌਰ ’ਚ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਵੇਲੇ ਮਹਾਨਗਰ ਵਿਚ ਫੈਲੇ ਧੂੰਏਂ ਅਤੇ ਪ੍ਰਦੂਸ਼ਣ ਕਾਰਨ ਅਜਿਹਾ ਕਰਨਾ ਪਿਆ ਹੈ। ਇਕ ਦਿਨ ਪਹਿਲਾਂ ਲਾਹੌਰ ਦਾ ਹਵਾ ਪ੍ਰਦੂਸ਼ਣ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਸਰਹੱਦ ਪਾਰ ਦੇ ਸਰੋਤਾਂ ਅਨੁਸਾਰ ਲਾਹੌਰ ਨੂੰ ਪਿਛਲੇ 48 ਘੰਟਿਆਂ ’ਚ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ ਕਿਉਂਕਿ ਸੰਘਣੀ ਧੁੰਦ ਨੇ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਨੂੰ ਢੱਕਿਆ ਹੋਇਆ ਹੈ। ਸ਼ਹਿਰ ਦਾ ਹਵਾ ਗੁਣਵੱਤਾ ਸੂਚਕਾਂਕ ਚਿੰਤਾਜਨਕ ਉੱਚੇ ਪੱਧਰ ’ਤੇ ਪਹੁੰਚ ਗਿਆ। ਕੁਝ ਖੇਤਰਾਂ ’ਚ 1,000 ਨੂੰ ਪਾਰ ਕਰ ਗਿਆ, ਇਹ ਪੱਧਰ ਜਨਤਕ ਸਿਹਤ ਅਤੇ ਸੁਰੱਖਿਆ ਲਈ ਖਤਰਨਾਕ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਕੂਲ ਬੰਦ ਕਰ ਦਿੱਤੇ ਸਨ ਅਤੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਜਾਣ ਤੋਂ ਰੋਕਿਆ ਸੀ।
ਅਦਾਲਤ ਨੇ ਪੁਲਸ, ਟ੍ਰੈਫਿਕ ਪੁਲਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਧੁੰਦ ਪੈਦਾ ਕਰਨ ਵਾਲੇ ਕਿਸੇ ਵੀ ਵਾਹਨ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਅਤੇ ਟਰਾਂਸਪੋਰਟ ਵਿਭਾਗ ਨੂੰ ਭਾਰੀ ਵਾਹਨਾਂ ਦੀ ਫਿਟਨੈਸ ਅਤੇ ਰੱਖ-ਰਖਾਅ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਲਾਰੀ ਜਾਂ ਬੱਸ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੜਕਾਂ ’ਤੇ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਅਗਲੇ ਪੰਦਰਵਾੜੇ ਐਤਵਾਰ ਨੂੰ ਬਾਜ਼ਾਰ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਗਏ ਹਨ।
ਪੰਜਾਬ 'ਚ ਪੁਲਸ ਤੇ ਬਦਮਾਸ਼ ਵਿਚਾਲੇ ਹੋਇਆ ਐਨਕਾ.ਊਂਟਰ, ਦੋਵਾਂ ਪਾਸਿਓਂ ਚੱਲ ਗਈਆਂ ਗੋ.ਲ਼ੀਆਂ
NEXT STORY