ਅੰਮ੍ਰਿਤਸਰ (ਮਮਤਾ) : ਅੱਜ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਵਿਖੇ ਹੋਈ ਇਕੱਤਰਤਾ ਦੌਰਾਨ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਲੋਂ ਪਾਕਿਸਤਾਨ ਵਿਖੇ ਸਥਿਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਪਥਰਾਅ ਕਰ ਕੇ ਬੇਅਦਬੀ ਕਰਨ ਦੀ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਗਈ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਖੇ ਕੁਝ ਸ਼ਰਾਰਤੀ ਲੋਕਾਂ ਵਲੋਂ ਇਕ ਗਹਿਰੀ ਸਾਜ਼ਿਸ਼ ਅਧੀਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੀ ਤੋੜ-ਭੰਨ ਕਰਨਾ, ਸਿੱਖਾਂ ਦੇ ਘਰਾਂ 'ਤੇ ਪੱਥਰਬਾਜ਼ੀ ਕਰਨਾ ਅਤੇ ਸ਼ਰੇਆਮ ਸਿੱਖਾਂ ਵਿਰੁੱਧ ਨਫਰਤ ਭਰੀ ਨਾਅਰੇਬਾਜ਼ੀ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਕਾਰਣ ਸਮੁੱਚੇ ਸਿੱਖ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਕਿ ਵਿਖੇ ਸਿੱਖਾਂ ਦੀ ਸੁਰੱਖਿਆ ਦੇ ਹਾਲਾਤ ਬਾਰੇ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਨ੍ਹਾਂ ਚੀਫ ਖਾਲਸਾ ਦੀਵਾਨ ਵਲੋਂ ਪਾਕਿ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਵਿਖੇ ਵਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਨਾਗਰਿਕਤਾ ਦੀ ਰੱਖਿਆ ਕਰਨਾ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ। ਮੌਜੂਦਾ ਸਮੇਂ 'ਚ ਪਾਕਿ ਵਿਖੇ ਵਸਦੇ ਘੱਟ ਗਿਣਤੀ ਸਿੱਖ ਡਰ ਅਤੇ ਸਹਿਮ ਦੇ ਮਾਹੌਲ ਵਿਚ ਰਹਿ ਰਹੇ ਹਨ। ਮੀਟਿੰਗ 'ਚ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਡਾ. ਅਮਰਜੀਤ ਸਿੰਘ ਸਚਦੇਵਾ, ਮਨਮੋਹਨ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਡਾ. ਜਸਬੀਰ ਸਿੰਘ ਸਾਬਰ ਆਦਿ ਹਾਜ਼ਰ ਸਨ।
ਧੀ ਨੂੰ ਕਤਲ ਕਰਕੇ ਦਰੱਖਤ ਨਾਲ ਟੰਗਣ ਵਾਲਾ ਜ਼ਾਲਮ ਪਿਉ ਗ੍ਰਿਫਤਾਰ
NEXT STORY