ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਬੀ. ਐੱਸ. ਐੱਫ. ਸਮੇਤ ਕੇਂਦਰ ਤੇ ਸੂਬਾ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ, ਜਿਨ੍ਹਾਂ ’ਚ ਏ. ਐੱਨ. ਟੀ. ਐੱਫ., ਸੀ. ਆਈ., ਐੱਸ. ਐੱਸ. ਓ. ਸੀ., ਸਿਟੀ ਤੇ ਦਿਹਾਤੀ ਪੁਲਸ ਸ਼ਾਮਲ ਹਨ, ਵੱਲੋਂ ਨਸ਼ਾ ਸਮੱਗਲਿੰਗ ਰੋਕਣ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਹੁਣ ਤੱਕ ਇਕੱਲੇ ਅੰਮ੍ਰਿਤਸਰ ਜ਼ਿਲੇ ’ਚ ਹੀ ਪੰਜ ਹਜ਼ਾਰ ਤੋਂ ਵੱਧ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ, ਉਥੇ ਹੀ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਸਮੱਗਲਿੰਗ ਦੇ ਅੰਕੜੇ ਕੁਝ ਹੋਰ ਹੀ ਬਿਆਨ ਕਰ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਅਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ
ਜਾਣਕਾਰੀ ਅਨੁਸਾਰ ਪਿਛਲੇ 6 ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵੱਲੋਂ 600 ਕਿਲੋ ਹੈਰੋਇਨ ਜ਼ਬਤ ਕੀਤੀ ਜਾ ਚੁੱਕੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਜਾ ਰਹੀ ਹੈ ਅਤੇ ਅਜੇ ਸਾਲ ਪੂਰਾ ਹੋਣ ’ਚ ਛੇ ਮਹੀਨੇ ਬਾਕੀ ਹਨ। ਜੇਕਰ ਸਾਲ 2025 ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ 12 ਮਹੀਨਿਆਂ ਦੌਰਾਨ 428 ਕਿਲੋ ਹੈਰੋਇਨ ਫੜੀ ਗਈ ਸੀ, ਜਦੋਂ ਕਿ ਸਾਲ 2024 ’ਚ 12 ਮਹੀਨਿਆਂ ਦੌਰਾਨ 283 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਸਾਲ 2025 ’ਚ ਅਗਲੇ-ਪਿਛਲੇ ਸਾਰੇ ਰਿਕਾਰਡ ਟੁੱਟ ਗਏ ਸਨ ਪਰ ਮੌਜੂਦਾ ਸਾਲ ’ਚ ਪਿਛਲਾ ਰਿਕਾਰਡ ਤਾਂ ਟੁੱਟ ਹੀ ਚੁੱਕਾ ਹੈ, ਉਥੇ ਹੀ ਇਕ ਅਜਿਹਾ ਨਵਾਂ ਰਿਕਾਰਡ ਬਣਨ ਜਾ ਰਿਹਾ ਹੈ ਜੋ ਕਦੇ ਨਹੀਂ ਟੁੱਟ ਸਕੇਗਾ।
ਇਹ ਵੀ ਪੜ੍ਹੋ-ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert
ਸਰਹੱਦੀ ਪਿੰਡਾਂ ’ਚ ਦਿਨ-ਦਿਹਾੜੇ ਨਜ਼ਰ ਆ ਰਹੇ ਡਰੋਨ
ਸਰਹੱਦ ਦੇ ਕੁਝ ਬਦਨਾਮ ਸਰਹੱਦੀ ਪਿੰਡਾਂ ’ਚ ਤਾਂ ਅਜਿਹਾ ਮਾਹੌਲ ਬਣ ਚੁੱਕਾ ਹੈ ਕਿ ਦਿਨ ਦੇ ਸਮੇਂ ਹੀ ਅਾਸਮਾਨ ’ਚ ਡਰੋਨ ਉੱਡਦੇ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਸੂਚਨਾ ਦੇ ਆਧਾਰ ’ਤੇ ਪਿੰਡ ਮੋਦੇ ਦੇ ਸ਼ਮਸ਼ਾਨਘਾਟ ’ਚ ਟ੍ਰੈਪ ਲਾ ਕੇ ਬੈਠੀ ਡੀ. ਆਰ. ਆਈ. ਦੀ ਟੀਮ ਨੇ ਦੁਪਹਿਰ ਵੇਲੇ ਡਰੋਨ ਦੀ ਹਰਕਤ ਦੇਖੀ ਅਤੇ ਡਰੋਨ ਰਾਹੀਂ ਸੁੱਟੇ ਗਏ ਪਿਸਤੌਲ ਜ਼ਬਤ ਕਰ ਲਏ। ਇਸੇ ਤਰ੍ਹਾਂ ਪੁਲਕੰਜਰੀ ’ਚ ਬੀ. ਐੱਸ. ਐੱਫ. ਦੀ ਪੋਸਟ ਦੇ ਬਿਲਕੁਲ ਨੇੜੇ ਹੀ ਡਰੋਨ ਦੀ ਹਰਕਤ ਦੇਖੀ ਗਈ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਵੱਲੋਂ ਇਕ ਸਮੱਗਲਰ ਨੂੰ ਹੈਰੋਇਨ ਦੀ ਖੇਪ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਸਮੱਗਲਰਾਂ ਵੱਲੋਂ ਮਿੰਨੀ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਕਿਉਂਕਿ ਜਦੋਂ ਐਂਟੀ-ਡਰੋਨ ਸਿਸਟਮ ਦੇ ਰਾਡਾਰ ’ਚ ਆਉਣ ਕਾਰਨ ਡਰੋਨ ਡਿੱਗ ਜਾਂਦਾ ਹੈ ਤਾਂ ਇਸ ਨਾਲ ਨੁਕਸਾਨ ਘੱਟ ਹੁੰਦਾ ਹੈ । ਮਿੰਨੀ ਡਰੋਨ ਸਿਰਫ਼ ਅੱਧਾ ਕਿੱਲੋ ਖੇਪ ਲੈ ਕੇ ਜਾਣ ਦੇ ਸਮਰੱਥ ਹੁੰਦੇ ਹਨ ਪਰ ਜਿਸ ਤਰ੍ਹਾਂ ਬੀ. ਐੱਸ. ਐੱਫ. ਵੱਲੋਂ ਪਿਛਲੇ ਮਹੀਨਿਆਂ ਦੌਰਾਨ ਪਿੰਡ ਡੱਲੇਕੇ ਤੇ ਹੋਰ ਇਲਾਕਿਆਂ ’ਚ 18 ਕਿਲੋ ਅਤੇ 12 ਕਿਲੋ ਹੈਰੋਇਨ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ, ਉਸ ਤੋਂ ਇਹ ਸਾਬਤ ਹੋ ਗਿਆ ਕਿ ਸਮੱਗਲਰ ਵੱਡੇ ਹੈਕਸਾਕਾਪਟਰ ਡਰੋਨ ਵੀ ਉਡਾ ਰਹੇ ਹਨ ਜੋ 15 ਕਿਲੋ ਜਾਂ ਇਸ ਤੋਂ ਵੀ ਵੱਧ ਭਾਰ ਚੁੱਕਣ ਦੇ ਸਮਰੱਥ ਹਨ।
ਇਹ ਵੀ ਪੜ੍ਹੋ- ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਡਰੋਨ ’ਤੇ ਕੀਤੀ ਜਾ ਚੁੱਕੀ ਹੈ ਵਰਕਸ਼ਾਪ, ਫਿਰ ਵੀ ਬੇਕਾਬੂ
ਮਿਡਲ ਈਸਟ ਜੰਗ ’ਚ ਜਿਸ ਤਰ੍ਹਾਂ ਈਰਾਨ ਦੇ ਸ਼ਾਹਿਦ ਡਰੋਨ ਅਮਰੀਕਾ, ਇਜ਼ਰਾਈਲ ਤੇ ਖਾੜੀ ਦੇਸ਼ਾਂ ਲਈ ਸਿਰਦਰਦੀ ਬਣੇ ਨਜ਼ਰ ਆਏ, ਉਸ ਨੂੰ ਦੇਖਦਿਆਂ ਕੇਂਦਰ ਸਰਕਾਰ ਵੀ ਡਰੋਨ ਦੇ ਮਾਮਲੇ ’ਚ ਕਾਫ਼ੀ ਗੰਭੀਰ ਨਜ਼ਰ ਆ ਰਹੀ ਹੈ। ਹਾਲ ਹੀ ’ਚ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਵੱਲੋਂ ਡਰੋਨ ਦੇ ਵਿਸ਼ੇ ’ਤੇ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ ਸੀ, ਜਿਸ ’ਚ ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਸਮੇਤ ਫ਼ੌਜ, ਐੱਨ. ਸੀ. ਬੀ., ਡੀ. ਆਰ. ਆਈ. ਅਤੇ ਪੁਲਸ ਦੀਆਂ ਹੋਰ ਏਜੰਸੀਆਂ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਸਨ। ਡਰੋਨ ਨਾਲ ਸਬੰਧਤ ਆਉਣ ਵਾਲੀਆਂ ਚੁਣੌਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ’ਤੇ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਡਰੋਨ ਬੇਕਾਬੂ ਨਜ਼ਰ ਆ ਰਹੇ ਹਨ।
16 ਤੋਂ 25 ਸਾਲ ਦੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੇ ਹਨ ਸਮੱਗਲਰ
ਪਿਛਲੇ ਤਿੰਨ ਮਹੀਨਿਆਂ ਦੌਰਾਨ ਬੀ. ਐੱਸ. ਐੱਫ. ਵੱਲੋਂ ਏ. ਐੱਨ. ਟੀ. ਐੱਫ., ਐੱਨ. ਸੀ. ਬੀ. ਤੇ ਹੋਰ ਏਜੰਸੀਆਂ ਨਾਲ ਮਿਲ ਕੇ ਜਿੰਨੇ ਵੀ ਸਾਂਝੇ ਆਪ੍ਰੇਸ਼ਨ ਕੀਤੇ ਗਏ, ਉਨ੍ਹਾਂ ’ਚ ਇਹ ਸਾਹਮਣੇ ਆਇਆ ਕਿ ਵਿਦੇਸ਼ਾਂ ਤੇ ਭਾਰਤ ’ਚ ਸਰਗਰਮ ਸਮੱਗਲਰ 16 ਤੋਂ 25 ਸਾਲ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਖ਼ਾਸ ਤੌਰ ’ਤੇ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਨੌਜਵਾਨ ਸਮੱਗਲਰਾਂ ਦੇ ਜਾਲ ’ਚ ਫਸ ਰਹੇ ਹਨ ਕਿਉਂਕਿ ਰੋਜ਼ਗਾਰ ਦੇ ਲੋੜੀਂਦੇ ਮੌਕੇ ਉਪਲਬਧ ਨਾ ਹੋਣ ਕਾਰਨ ਕਈ ਨੌਜਵਾਨ ਨਾ ਚਾਹੁੰਦੇ ਹੋਏ ਵੀ ਇਸ ਦਲਦਲ ’ਚ ਧਸ ਜਾਂਦੇ ਹਨ।
ਕਈ ਗੁਣਾ ਵਧੀ ਹਥਿਆਰਾਂ ਦੀ ਆਮਦ
ਹੈਰੋਇਨ ਦੇ ਨਾਲ-ਨਾਲ ਡਰੋਨਾਂ ਰਾਹੀਂ ਭਾਰੀ ਮਾਤਰਾ ’ਚ ਹਥਿਆਰਾਂ ਦੀ ਆਮਦ ਵੀ ਹੋ ਰਹੀ ਹੈ। ਸਾਲ 2025 ਦੌਰਾਨ 203 ਹਥਿਆਰ ਜ਼ਬਤ ਕੀਤੇ ਗਏ, ਜਿਨ੍ਹਾਂ ’ਚ ਏ. ਕੇ.-47 ਤੋਂ ਲੈ ਕੇ ਆਧੁਨਿਕ ਪਿਸਤੌਲ ਜਿਵੇਂ ਜ਼ਿਗਾਨਾ, 9 ਐੱਮ. ਐੱਮ., ਗਲੌਕ ਆਦਿ ਸ਼ਾਮਲ ਸਨ, ਜਦੋਂ ਕਿ ਇਸ ਤੋਂ ਕਈ ਗੁਣਾ ਵੱਧ ਕਾਰਤੂਸ ਜ਼ਬਤ ਕੀਤੇ ਗਏ। ਅੰਕੜਿਆਂ ਅਨੁਸਾਰ 3643 ਕਾਰਤੂਸ, 12 ਹੈਂਡ ਗ੍ਰਨੇਡ ਅਤੇ 12 ਡੈਟੋਨੇਟਰਾਂ ਦੇ ਨਾਲ ਲੱਗਭਗ 11 ਕਿਲੋ ਹਾਈ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ, ਜਿਸ ਦੀ ਵਰਤੋਂ ਪੰਜਾਬ ’ਚ ਅਸ਼ਾਂਤੀ ਫੈਲਾਉਣ ਅਤੇ ਗੈਂਗਵਾਰ ’ਚ ਕੀਤੀ ਜਾਣੀ ਸੀ। ਇਸ ਸਾਲ ਵੀ ਸਿਰਫ ਛੇ ਮਹੀਨਿਆਂ ’ਚ ਹੀ 155 ਡਰੋਨ, 168 ਪਿਸਤੌਲ, ਏ. ਕੇ.-47 ਤੇ ਹੋਰ ਹਥਿਆਰ, 1355 ਕਾਰਤੂਸ, ਦੋ ਗ੍ਰਨੇਡ ਅਤੇ 177 ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਪਿਛਲੇ ਪੂਰੇ ਸਾਲ ਗ੍ਰਿਫ਼ਤਾਰ ਕੀਤੇ ਗਏ ਸਮੱਗਲਰਾਂ ਦੀ ਗਿਣਤੀ 161 ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
5 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਪਿੰਡ ਪੱਡਾ ਦੀ ਨਹਿਰ ’ਚੋਂ ਮਿਲੀ
NEXT STORY