ਅੰਮ੍ਰਿਤਸਰ (ਦਲਜੀਤ)- ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ’ਚ ਜ਼ਿਲੇ ਦੇ ਜ਼ਿਆਦਾਤਰ ਲੋਕ ਦਿਲਚਸਪੀ ਨਹੀਂ ਦਿਖਾ ਰਹੇ ਹਨ। ਜ਼ਿਲ੍ਹੇ ਵਿਚ ਕਰੀਬ 26 ਲੱਖ ਆਬਾਦੀ ਹੋਣ ਦੇ ਬਾਵਜੂਦ 2 ਲੱਖ 90 ਹਜ਼ਾਰ ਪਰਿਵਾਰਾਂ ’ਚੋਂ ਸਿਰਫ਼ 6 ਲੱਖ 30 ਹਜ਼ਾਰ ਲੋਕਾਂ ਨੇ ਹੀ ਇਸ ਸਕੀਮ ਤਹਿਤ ਕਾਰਡ ਬਣਾਏ ਹਨ। ਜਦਕਿ 8 ਲੱਖ ਦੇ ਕਰੀਬ ਅਜਿਹੇ ਲੋਕ ਹਨ, ਜਿਨ੍ਹਾਂ ਦੇ ਅਜੇ ਤੱਕ ਕਾਰਡ ਨਹੀਂ ਬਣੇ ਹਨ। ਸ਼ਹਿਰੀ ਖੇਤਰਾਂ ਤੋਂ ਇਲਾਵਾ ਲੋਪੋਕੇ ਅਤੇ ਰਮਦਾਸ ਬਲਾਕ ਅਜਿਹੇ ਹਨ, ਜਿੱਥੇ ਸਕੀਮ ਤਹਿਤ ਬਹੁਤ ਘੱਟ ਗਿਣਤੀ ’ਚ ਇਹ ਕਾਰਡ ਬਣਾਏ ਗਏ ਹਨ। ਸਿਹਤ ਵਿਭਾਗ ਨੇ ਹੁਣ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਧਾਇਕਾਂ ਨਾਲ ਸੰਪਰਕ ਕਰ ਕੇ ਲੋਕਾਂ ਦੇ ਵੱਧ ਤੋਂ ਵੱਧ ਕਾਰਡ ਬਣਾਉਣ ਲਈ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਜਾਣਕਾਰੀ ਅਨੁਸਾਰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਪੰਜਾਬ ਵਿਚ ਸਾਲ 2019 ’ਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਆਉਣ ਵਾਲਾ ਹਰ ਪਰਿਵਾਰ 5 ਲੱਖ ਰੁਪਏ ਤੱਕ ਦੀਆਂ ਸਿਹਤ ਸੇਵਾਵਾਂ ਲੈ ਸਕਦਾ ਹੈ। ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸਕੀਮ ’ਚ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਣ ਤੱਕ 2,90,000 ਪਰਿਵਾਰਾਂ ਦੇ 6,30,000 ਲੋਕਾਂ ਦੇ ਕਾਰਡ ਬਣ ਚੁੱਕੇ ਹਨ, ਜੋ ਕਿ ਵਿਭਾਗ ਵੱਲੋਂ ਅਜੇ ਵੀ ਲਗਾਤਾਰ ਬਣਾਏ ਜਾ ਰਹੇ ਹਨ। ਅਜੇ ਵੀ ਕਰੀਬ 8 ਲੱਖ ਲੋਕ ਅਜਿਹੇ ਹਨ ਜੋ ਕਾਰਡ ਬਣਵਾਉਣ ਲਈ ਦਿਲਚਸਪੀ ਨਹੀਂ ਦਿਖਾ ਰਹੇ ਜਾਂ ਅੱਗੇ ਨਹੀਂ ਆ ਰਹੇ। ਇਨ੍ਹਾਂ ਲੋਕਾਂ ਲਈ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਕੈਂਪ ਲਾਏ ਜਾ ਰਹੇ ਹਨ। ਇਸ ਸਕੀਮ ਦਾ ਵੱਧ ਤੋਂ ਵੱਧ ਲੋਕਾਂ ਤੱਕ ਲਾਭ ਪਹੁੰਚਾਉਣ ਲਈ ਵਿਭਾਗ ਨੇ ਹੁਣ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਵਿਧਾਇਕਾਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਿਧਾਨ ਸਭਾ ਹਲਕਿਆਂ ’ਚ ਵੱਧ ਤੋਂ ਵੱਧ ਇਹ ਮੁਹਿੰਮ ਚਲਾ ਕੇ ਇਸ ਸਕੀਮ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਣ। ਜ਼ਿਲ੍ਹੇ ਦੀ ਆਬਾਦੀ ਲਗਭਗ 26 ਲੱਖ ਹੈ, ਜਿਸ ’ਚੋਂ ਹੁਣ ਤੱਕ ਬਹੁਤ ਘੱਟ ਲੋਕਾ ਨੇ ਇਸ ਸਕੀਮ ਤਹਿਤ ਲਾਭ ਲੈਣ ’ਚ ਦਿਲਚਸਪੀ ਦਿਖਾਈ ਹੈ।
ਸ਼ਹਿਰੀ ਖੇਤਰਾਂ ਤੋਂ ਇਲਾਵਾ ਲੋਪੋਕੇ ਅਤੇ ਰਮਦਾਸ ’ਚ ਬਹੁਤ ਘੱਟ ਬਣੇ ਹਨ ਕਾਰਡ
ਸਿਹਤ ਵਿਭਾਗ ਅਨੁਸਾਰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿਚ ਹੁਣ ਤੱਕ ਬਹੁਤ ਘੱਟ ਕਾਰਡ ਬਣਾਏ ਗਏ ਹਨ। ਇਸ ਖੇਤਰ ’ਚ ਨਰਾਇਣਗੜ੍ਹ, ਹਰੀਪੁਰਾ, ਯੂਨੀਵਰਸਿਟੀ ਦੇ ਆਲੇ-ਦੁਆਲੇ ਦੇ ਇਲਾਕੇ ਅਤੇ ਬਲਾਕ ਰਾਮਦਾਸ, ਲੋਪੋਕੇ ਆਦਿ ਵੀ ਸ਼ਾਮਲ ਹਨ। ਇਹ ਉਹ ਖੇਤਰ ਹਨ ਜਿੱਥੇ ਸਕੀਮ ਅਧੀਨ ਨਿਰਧਾਰਤ ਮਾਪਦੰਡਾਂ ਅਨੁਸਾਰ ਵੱਡੀ ਗਿਣਤੀ ’ਚ ਲੋਕ ਰਹਿੰਦੇ ਹਨ। ਪਰ ਹੁਣ ਤੱਕ ਇਹ ਲੋਕ ਮੁਫਤ ਸਿਹਤ ਸੇਵਾਵਾਂ ਲੈਣ ਲਈ ਦਿੱਤੀ ਗਈ ਸਕੀਮ ਦਾ ਲਾਭ ਲੈਣ ਲਈ ਕਾਰਡ ਬਣਵਾਉਣ ’ਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਵਿਭਾਗ ਵੱਲੋਂ ਕਈ ਵਾਰ ਇਨ੍ਹਾਂ ਖੇਤਰਾਂ ’ਚ ਕੈਂਪ ਲਾਏ ਜਾ ਚੁੱਕੇ ਹਨ ਪਰ ਨਤੀਜੇ ਸਾਰਥਕ ਨਹੀਂ ਰਹੇ। ਇੱਥੋਂ ਤੱਕ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਵੀ ਆਪਣੇ ਬਲਾਕ ਅਧੀਨ ਪੈਂਦੇ ਇਲਾਕਿਆਂ ’ਚ ਕੈਂਪ ਲਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਕਾਰਡ ਬਣਵਾਉਣ ਲਈ ਸਮੇਂ-ਸਮੇਂ ’ਤੇ ਜਾਗਰੂਕ ਕਰ ਰਹੇ ਹਨ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਹਸਪਤਾਲਾਂ ’ਚ ਡਿਸਪਲੇ ਬੋਰਡ ਵੀ ਲਾਏ ਗਏ ਹਨ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਸਕੀਮ ਤਹਿਤ ਇਨ੍ਹਾਂ ਸ਼੍ਰੇਣੀਆਂ ਨੂੰ ਮਿਲਦਾ ਲਾਭ
ਸਿਹਤ ਵਿਭਾਗ ਅਨੁਸਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਨੀਲੇ ਕਾਰਡ ਧਾਰਕ, ਛੋਟੇ ਵਪਾਰੀ, ਛੋਟੇ ਕਿਸਾਨ, ਮਜ਼ਦੂਰ ਵਰਗ ਆਦਿ ਨੂੰ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭ ਲਈ ਸ਼ਾਮਲ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਸਹਿਯੋਗ ਨਾਲ ਸਬੰਧਿਤ ਵਿਭਾਗ ਨੇ ਲੋੜਵੰਦਾਂ ਦੀ ਸੂਚੀ ਵਿਭਾਗ ਨੂੰ ਸੌਂਪ ਦਿੱਤੀ ਹੈ ਪਰ ਬਹੁਤੇ ਸਬੰਧਿਤ ਲੋਕ ਕਾਰਡ ਬਣਵਾਉਣ ਲਈ ਅੱਗੇ ਨਹੀਂ ਆ ਰਹੇ। ਵਿਭਾਗ ਵੱਲੋਂ ਕਰੀਬ 8 ਲੱਖ ਲੋਕਾਂ ਦੇ ਕਾਰਡ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਵੀ ਵਿਭਾਗ ਦੀਆਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਮੁਫ਼ਤ ਸੇਵਾਵਾਂ ਦਾ ਲਾਭ ਲੈਣਾ ਚਾਹੀਦਾ ਹੈ।
ਸਾਰੇ ਸਰਕਾਰੀ ਹਸਪਤਾਲਾਂ ਅਤੇ 100 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ’ਚ ਯੋਜਨਾ ਅਧੀਨ ਮਿਲਦਾ ਲਾਭ
ਸਿਹਤ ਵਿਭਾਗ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹੇਠਲੇ ਪੱਧਰ ਤੱਕ ਮਰੀਜ਼ਾਂ ਤੱਕ ਪਹੁੰਚਾਉਣ ਲਈ ਸਾਰੇ ਸਰਕਾਰੀ ਹਸਪਤਾਲਾਂ ’ਚ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 100 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ’ਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਸਕੀਮ ਤਹਿਤ ਇਕ ਪਰਿਵਾਰ ਨੂੰ ਇਕ ਸਾਲ ਲਈ 5 ਲੱਖ ਰੁਪਏ ਦੀਆਂ ਸੇਵਾਵਾਂ ਲੈਣ ਲਈ ਇਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਗਿਆ ਹੈ। ਲੋਕਾਂ ਦੇ ਵੱਧ ਤੋਂ ਵੱਧ ਕਾਰਡ ਬਣਵਾਉਣ ਲਈ ਸ਼ਨੀਵਾਰ ਦਾ ਦਿਨ ਹੋਣ ਦੇ ਬਾਵਜੂਦ ਬਲਾਕ ਮਜੀਠਾ ਵਿਚ ਕੈਂਪ ਲਾਇਆ ਗਿਆ। ਛੁੱਟੀ ਹੋਣ ਦੇ ਬਾਵਜੂਦ ਕੈਂਪ ਲਾਏ ਜਾ ਰਹੇ ਹਨ। ਹਰ ਰੋਜ਼ ਕੈਂਪ ਲਾਏ ਜਾ ਰਹੇ ਹਨ। ਲੋੜਵੰਦ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਸਿਹਤ ਵਿਭਾਗ ਦੀ ਪਹਿਲ ਹੈ। ਜਿਨ੍ਹਾਂ ਨੇ ਅਜੇ ਤੱਕ ਇਸ ਸਕੀਮ ਅਧੀਨ ਕਾਰਡ ਨਹੀਂ ਬਣਾਏ ਹਨ ਅਤੇ ਵਿਭਾਗ ਦੀ ਸ਼੍ਰੇਣੀ ’ਚ ਆਉਂਦੇ ਹਨ, ਉਹ ਤੁਰੰਤ ਇਹ ਕਾਰਡ ਬਣਵਾ ਕੇ ਇਸ ਦਾ ਲਾਭ ਲੈਣ। ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਮੰਤਰੀ ਨੇ ਹਸਪਤਾਲ ’ਚ ਮਾਰਿਆ ਛਾਪਾ, ਮਰੀਜ਼ਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
NEXT STORY