ਪਠਾਨਕੋਟ (ਸ਼ਾਰਦਾ)- ਤਿਉਹਾਰੀ ਸੀਜ਼ਨ ਦੌਰਾਨ ਆਨਲਾਈਨ ਖਰੀਦਦਾਰੀ ਵਿਚ ਵਾਧੇ ਨਾਲ ਸਾਈਬਰ ਠੱਗੀ ਦਾ ਖ਼ਤਰਾ ਵੀ ਵਧ ਜਾਂਦਾ ਹੈ। ਜ਼ਿਲਾ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਵਿਵੇਕ ਮਾਡੀਆ, ਡਾ. ਗੁਰਬਖਸ਼ ਚੌਧਰੀ ਅਤੇ ਪਵਨ ਮਹਾਜਨ ਰਿਸ਼ੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਜਾਅਲੀ ਵੈੱਬਸਾਈਟਾਂ 'ਤੇ ਭਾਰੀ ਛੋਟ ਦੇ ਲਾਲਚ ਵਿਚ ਆਉਣ ਤੋਂ ਬਚਣ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕਈ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਮੰਚਾਂ ’ਤੇ ਲੁਭਾਉਣ ਵਾਲੇ ਆਫ਼ਰ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਆਫ਼ਰ ਧੋਖਾਧੜੀ ਦਾ ਸਾਧਨ ਵੀ ਹੋ ਸਕਦੇ ਹਨ। ਲੋਕ ਬਿਨਾਂ ਜਾਂਚ-ਪੜਤਾਲ ਕੀਤੇ ਕਿਸੇ ਅਣਜਾਣ ਲਿੰਕ ’ਤੇ ਕਲਿੱਕ ਨਾ ਕਰਨ ਅਤੇ ਨਾ ਹੀ ਆਪਣੀ ਬੈਂਕ ਸਬੰਧੀ ਜਾਣਕਾਰੀ, ਓਟੀਪੀ, ਪਾਸਵਰਡ ਜਾਂ ਹੋਰ ਗੁਪਤ ਵੇਰਵੇ ਕਿਸੇ ਨਾਲ ਸਾਂਝੇ ਕਰਨ।
ਉਨ੍ਹਾਂ ਕਿਹਾ ਕਿ ਆਨਲਾਈਨ ਖਰੀਦਦਾਰੀ ਕਰਨ ਤੋਂ ਪਹਿਲਾਂ ਵੈੱਬਸਾਈਟ ਦੀ ਭਰੋਸੇਯੋਗਤਾ, ਵਿਕਰੇਤਾ ਦੀ ਜਾਣਕਾਰੀ ਅਤੇ ਭੁਗਤਾਨ ਦੀ ਸੁਰੱਖਿਆ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਕਿਸੇ ਵੀ ਵਸਤੂ ’ਤੇ ਬਾਜ਼ਾਰ ਮੁੱਲ ਨਾਲੋਂ ਬਹੁਤ ਜ਼ਿਆਦਾ ਛੋਟ ਮਿਲਣ ’ਤੇ ਸੁਚੇਤ ਰਹਿਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਅਣਜਾਣ ਵਿਅਕਤੀਆਂ ਵੱਲੋਂ ਭੇਜੇ ਗਏ ਸੁਨੇਹਿਆਂ ਅਤੇ ਸ਼ੱਕੀ ਭੁਗਤਾਨ ਲਿੰਕਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀ ਨਾਲ ਸਾਈਬਰ ਠੱਗੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਦੌਰਾਨ ਆਪਣੀ ਮਿਹਨਤ ਦੀ ਕਮਾਈ ਦੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ।
ਪਿਕਅੱਪ ਗੱਡੀ ਵਿਚੋਂ 1.012 ਕਿਲੋ ਚਰਸ ਬਰਾਮਦ, ਮੰਡੀ ਦੇ ਦੋ ਮੁਲਜ਼ਮ ਗ੍ਰਿਫ਼ਤਾਰ
NEXT STORY