ਅੰਮ੍ਰਿਤਸਰ (ਛੀਨਾ)- ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਵੱਡੀ ਗਿਣਤੀ 'ਚ ਸੰਗਤ ਰਵਾਨਾ ਹੋਈ। ਇਹ ਵਿਸ਼ੇਸ਼ ਰੇਲ ਗੱਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਦੇ ਯਤਨਾਂ ਸਦਕਾ ਚਲਾਈ ਗਈ। ਇਸ ਧਾਰਮਿਕ ਯਾਤਰਾ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਸ੍ਰੀ ਹਜ਼ੂਰ ਸਾਹਿਬ ਵਿਖੇ ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਅੰਮ੍ਰਿਤਸਰ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਪਹੁੰਚੀ ਸੰਗਤ ਨਾਲ ਮੱਥਾ ਟੇਕਿਆ। ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਪੰਜਾਬ ਅਤੇ ਦੇਸ਼ ਦੀ ਚੜ੍ਹਦੀ ਕਲਾ, ਆਪਸੀ ਭਾਈਚਾਰੇ ਅਤੇ ਸੁਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਹਰਦੀਪ ਸਿੰਘ ਗਿੱਲ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਦੇ ਵੀ ਦਰਸ਼ਨ ਕੀਤੇ। ਉਨ੍ਹਾਂ ਨਾਲ ਧਾਰਮਿਕ ਅਤੇ ਸਮਾਜਿਕ ਮੁੱਦਿਆਂ ਸਬੰਧੀ ਵਿਚਾਰ- ਵਟਾਂਦਰਾ ਕੀਤਾ। ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਿੱਖ ਇਤਿਹਾਸ ਵਿੱਚ ਬਹਾਦਰੀ, ਸੇਵਾ, ਸਿਦਕ ਅਤੇ ਕੁਰਬਾਨੀ ਦੀ ਮਹਾਨ ਮਿਸਾਲ ਹੈ। ਉਨ੍ਹਾਂ ਦੀ ਸ਼ਹਾਦਤ ਤੇ ਗੁਰੂ ਸਾਹਿਬ ਪ੍ਰਤੀ ਸਮਰਪਣ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਅਜਿਹੇ ਮਹਾਨ ਸ਼ਹੀਦਾਂ ਦੇ ਜਨਮ ਦਿਹਾੜੇ ਮੌਕੇ ਸੰਗਤ ਨੂੰ ਇਤਿਹਾਸਕ ਤੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਰਗੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਨਾਲ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜਨ ਅਤੇ ਆਪਣੀ ਵਿਰਾਸਤ ਨੂੰ ਹੋਰ ਨੇੜਿਓਂ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾਵਾਂ ਸੰਗਤ ਨੂੰ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੀਆਂ ਹਨ। ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਵੱਲੋਂ ਦਰਸਾਏ ਸੇਵਾ, ਸਿਮਰਨ, ਨਿਮਰਤਾ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਅਤੇ ਸਮਾਜ ਵਿੱਚ ਪਿਆਰ ਤੇ ਸਦਭਾਵਨਾ ਦਾ ਸੰਦੇਸ਼ ਫੈਲਾਉਣ। ਉਨ੍ਹਾਂ ਵਿਸ਼ੇਸ਼ ਰੇਲ ਗੱਡੀ ਰਾਹੀਂ ਸ੍ਰੀ ਹਜ਼ੂਰ ਸਾਹਿਬ ਪਹੁੰਚੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਿੱਖ ਸੰਗਤ ਨੂੰ ਆਪਣੇ ਮਹਾਨ ਧਾਰਮਿਕ ਇਤਿਹਾਸ ਅਤੇ ਗੁਰਧਾਮਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
NEXT STORY