ਤਰਨਤਾਰਨ (ਰਮਨ)- ਜ਼ਿਲ੍ਹੇ ਦੇ ਕਸਬਾ ਹਰੀਕੇ ਪੱਤਣ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਬੀਤੀ 7 ਨਵੰਬਰ ਦੀ ਰਾਤ ਘਰ ’ਚ ਸੁੱਤੇ ਪਏ ਪਤੀ, ਪਤਨੀ ਅਤੇ ਭਰਜਾਈ ਦੇ ਹੱਥ-ਪੈਰ ਬੰਨ੍ਹ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਘਰ ’ਚ ਕੰਮ ਕਰਨ ਵਾਲੇ ਸੀਰੀ ਨੂੰ ਹਰੀਕੇ ਦਰਿਆ ’ਚ ਸੁੱਟ ਦਿੱਤਾ ਗਿਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ 14 ਦਿਨਾਂ ਬਾਅਦ ਜ਼ਿਲ੍ਹੇ ਦੀ ਹਾਈਟੈੱਕ ਪੁਲਸ ਵੱਲੋਂ ਕੇਸ ਨੂੰ ਹੱਲ ਕਰਦੇ ਹੋਏ ਇਕ ਮੁਲਜ਼ਮ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਕੇ ਉਸਦੇ ਫ਼ਰਾਰ ਹੋਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਦੌਰਾਨ 5 ਲੱਖ 55 ਹਜ਼ਾਰ ਦੀ ਜਾਅਲੀ ਕਰੰਸੀ, ਇਕ ਰਾਈਫਲ 315 ਬੋਰ, ਇਕ ਸਵਿਫਟ ਡਿਜ਼ਾਇਰ ਕਾਰ, ਇਕ ਖਿਡੌਣਾ ਪਿਸਤੌਲ, ਇਕ ਦੇਸੀ ਕੱਟਾ, ਜਾਅਲੀ ਕਰੰਸੀ ਬਨਾਉਣ ਵਾਲਾ ਕਾਗਜ਼ ਅਤੇ 37 ਰੌਂਦ ਬਰਾਮਦ ਕੀਤੇ ਹਨ। ਪੁਲਸ ਨੇ ਇਸ ਸਬੰਧੀ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ 8 ਨਵੰਬਰ ਦੀ ਦੇਰ ਰਾਤ ਸਾਢੇ 11 ਵਜੇ ਪਿੰਡ ਤੁੰਗ ਦੇ ਨਿਵਾਸੀ ਇਕਬਾਲ ਸਿੰਘ (55) ਪੁੱਤਰ ਗੁਰਚਰਨ ਸਿੰਘ , ਉਸਦੀ ਪਤਨੀ ਲਖਵਿੰਦਰ ਕੌਰ (52) ਅਤੇ ਇਕਬਾਲ ਸਿੰਘ ਦੀ ਭਰਜਾਈ ਸੀਤਾ ਕੌਰ (53) ਵਿਧਵਾ ਪਤਨੀ ਹਰਦੀਪ ਸਿੰਘ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਘਰ ’ਚ ਕਰੀਬ 25 ਸਾਲ ਦੇ ਵੱਧ ਸਮੇਂ ਤੋਂ ਤਾਇਨਾਤ ਸੀਰੀ ਨੂੰ ਨਾਲ ਲਿਜਾਂਦੇ ਹੋਏ ਹਰੀਕੇ ਦਰਿਆ ’ਚ ਸੁੱਟ ਦਿੱਤਾ ਗਿਆ ਸੀ ਜੋ ਕੁਝ ਘੰਟਿਆਂ ਬਾਅਦ ਆਪਣੀ ਜਾਨ ਬਚਾਅ ਕੇ ਘਰ ਆ ਗਿਆ ਸੀ।
ਇਹ ਵੀ ਪੜ੍ਹੋ- ਮ੍ਰਿਤਕ ਦੋਸਤ ਦੀ ਪਤਨੀ ਨਾਲ ਪਾਈਆਂ ਪਿਆਰ ਦੀਆਂ ਪੀਂਘਾਂ, ਸਰੀਰਕ ਸਬੰਧ ਬਣਾ ਟੱਪ ਗਿਆ ਹੱਦਾਂ-ਬੰਨੇ
ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਦੇ ਕੇਸ ਨੂੰ ਹੱਲ ਕਰਨ ਸਬੰਧੀ ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ , ਜਿਸ ’ਚ ਡੀ. ਐੱਸ. ਪੀ. ਪੱਟੀ ਜਸਪਾਲ ਸਿੰਘ ਢਿੱਲੋਂ, ਸੀ. ਆਈ. ਏ. ਸਟਾਫ ਤਰਨਤਾਰਨ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਸ਼ਾਮਲ ਸਨ, ਵੱਲੋਂ ਥਾਣਾ ਹਰੀਕੇ ਦੀ ਪੁਲਸ ਦੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਕੇਸ ਨੂੰ ਹੱਲ ਕਰਨ ਲਈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਵਾਰਦਾਤ ਨੂੰ 4 ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਮਨਦੀਪ ਸਿੰਘ ਉਰਫ ਮਨਪ੍ਰੀਤ ਸਿੰਘ ਉਰਫ ਬਾਬਾ ਕਲਿਆਣ ਉਰਫ ਮਨੀ ਪੁੱਤਰ ਮੰਦਰ ਸਿੰਘ ਵਾਸੀ ਵਾਰਡ ਨੰਬਰ 7 ਸਾਹਪੀਣੀ ਹਨੂਮਾਨਗੜ੍ਹ ਮੰਘਰੀਆ ਰਾਜਸਥਾਨ ਆਪਣੇ ਇਕ ਹੋਰ ਸਾਥੀ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਦੋ ਦਿਨ ਪਹਿਲਾਂ ਪਿੰਡ ਤੁੰਗ ਵਿਖੇ ਰਾਤ ਰਿਹਾ ਸੀ। ਇਸ ਦੌਰਾਨ ਘਰ ’ਚ ਤਿੰਨ ਮੈਂਬਰ ਹੋਣ ਕਰ ਕੇ ਇਨ੍ਹਾਂ ਦੋਵਾਂ ਵੱਲੋਂ ਕਤਲ ਨੂੰ ਅੰਜਾਮ ਨਹੀਂ ਦਿੱਤਾ ਗਿਆ। 8 ਨਵੰਬਰ ਦੀ ਰਾਤ ਕਰੀਬ 11 ਵਜੇ ਮਨਦੀਪ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਇਕਬਾਲ ਸਿੰਘ ਦੇ ਘਰ ਦਾਖ਼ਲ ਹੋ ਕੇ ਉਨ੍ਹਾਂ ਦਾ ਗਲ ਘੁੱਟ ਕੇ ਕਤਲ ਕਰ ਦਿੰਦੇ ਹਨ।
ਇਹ ਵੀ ਪੜ੍ਹੋ- ਮਾਣ ਵਾਲੀ ਗੱਲ: ਅੰਮ੍ਰਿਤਸਰ ਦੇ ਨੌਜਵਾਨ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ 'ਤੇ ਝੁਲਾਇਆ 'ਨਿਸ਼ਾਨ ਸਾਹਿਬ'
ਐੱਸ. ਐੱਸ. ਪੀ. ਨੇ ਦੱਸਿਆ ਕਿ ਮਨਪ੍ਰੀਤ ਸਿੰਘ ਘਰ ’ਚੋਂ 315 ਬੋਰ ਰਾਈਫਲ ਅਤੇ 14000 ਦੀ ਨਕਦੀ ਲਿਜਾਣ ਸਮੇਂ ਘਰ ’ਚ ਮੌਜੂਦ ਸੀਰੀ ਅਸ਼ੋਕ ਨੂੰ ਨਾਲ ਲੈ ਗਏ ਸਨ, ਜਿਸ ਨੂੰ ਦਰਿਆ ’ਚ ਸੁੱਟ ਦਿੱਤਾ ਗਿਆ ਤਾਂ ਜੋ ਕਤਲ ਦਾ ਸਾਰਾ ਇਲਜ਼ਾਮ ਅਸ਼ੋਕ ਉਪਰ ਲੱਗ ਜਾਵੇ। ਪੁਲਸ ਵੱਲੋਂ ਬਾਰੀਕੀ ਨਾਲ ਇਸ ਕੇਸ ਦੀ ਪੈਰਵਾਈ ਕਰਦੇ ਹੋਏ ਮੁਲਜ਼ਮ ਮਨਦੀਪ ਸਿੰਘ ਉਰਫ ਮਨਪ੍ਰੀਤ ਸਿੰਘ ਨੂੰ ਰਾਜਸਥਾਨ ਤੋਂ ਵਿਸ਼ੇਸ਼ ਟੀਮ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪੁਲਸ ਨੇ 5 ਲੱਖ 55 ਹਜ਼ਾਰ ਦੀ ਜਾਅਲੀ ਕਰੰਸੀ, 1 ਰਾਈਫਲ 315 ਬੋਰ, 1 ਸਵਿਫਟ ਡਿਜ਼ਾਇਰ ਕਾਰ, 1 ਖਿਡੌਣਾ ਪਿਸਤੌਲ, 1 ਦੇਸੀ ਕੱਟਾ, ਜਾਅਲੀ ਕਰੰਸੀ ਬਣਾਉਣ ਵਾਲਾ ਕਾਗਜ਼ ਅਤੇ 37 ਰੌਂਦ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਉਰਫ ਮਨਪ੍ਰੀਤ ਖ਼ਿਲਾਫ਼ ਰਾਜਸਥਾਨ ’ਚ 5 ਅਤੇ ਫਾਜ਼ਿਲਕਾ ਵਿਖੇ ਇਕ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਚਾਲਕ ਦੀ ਮੌਤ
NEXT STORY