ਅੰਮ੍ਰਿਤਸਰ (ਅਨਜਾਣ) : ਜਬਰੀ ਧਰਮ ਤਬਦੀਲੀ ਦੇ ਭਖਦੇ ਮਾਮਲਿਆਂ ਨੂੰ ਲੈ ਕੇ ਕ੍ਰਿਸ਼ਚਿਅਨ ਕਮਿਉਨਿਟੀ ਦੇ ਆਗੂ ਬਿਸ਼ਪ ਐਨਜੀਲੋ ਡਾਈਸਸ ਜਲੰਧਰ ਰੋਮਨ ਕੈਥੋਲਿਕ ਚਰਚ, ਬਿਸ਼ਪ ਡਾ: ਪੀ ਕੇ ਸਮੰਤਰਾਏ ਡਾਈਸਸ ਅੰਮ੍ਰਿਤਸਰ ਸੀ.ਐੱਨ.ਆਈ., ਸੇਂਟ ਫਰਾਂਸਿਸ ਸਕੂਲ ਦੇ ਫਾਦਰ ਜੋਸਫ਼ ਮੈਥਿਊ, ਫਾਦਰ ਰੂਬੀ ਡਾਇਰੈਕਟਰ ਕਾਵੇਰੀ ਸਕੂਲ ਚਰਚ ਲੁਧਿਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕ੍ਰਿਸ਼ਚਨ ਧਰਮ ਦੇ ਆਗੂਆਂ ਨੇ ਕਿਹਾ ਕਿ ਸਿੰਘ ਸਾਹਿਬਾਨ ਨਾਲ ਮੁਲਾਕਾਤ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕੋਈ ਪਾਦਰੀ ਜਾਂ ਕੋਈ ਪ੍ਰਚਾਰਕ ਜੇ ਸਿੱਖ ਧਰਮ ਜਾਂ ਕਿਸੇ ਹੋਰ ਧਰਮ ਖ਼ਿਲਾਫ਼ ਬੋਲਦਾ ਹੈ ਜਾਂ ਜਬਰੀ ਧਰਮ ਤਬਦੀਲ ਕਰਦਾ ਹੈ ਤਾਂ ਉਸਨੂੰ ਜੁਆਇੰਟ ਕਮੇਟੀ ਦੀ ਮੀਟਿੰਗ ‘ਚ ਬੁਲਾ ਕੇ ਸਮਝਾਇਆ ਜਾਵੇਗਾ। ਜੇ ਉਹ ਨਹੀਂ ਸਮਝਦਾ ਤਾਂ ਉਸਦਾ ਬਾਈਕਾਟ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਕੋਈ ਦੂਸਰੇ ਧਰਮ ਦਾ ਆਗੂ ਕ੍ਰਿਸ਼ਚਨ ਧਰਮ ਖ਼ਿਲਾਫ਼ ਕੋਈ ਗਤੀਵਿਧੀ ਕਰਦਾ ਹੈ ਤਾਂ ਉਸਨੂੰ ਵੀ ਸਮਝਾਇਆ ਜਾਵੇਗਾ। ਜੇ ਕੋਈ ਪਾਦਰੀ ਸਿੱਖ ਧਰਮ ਜਾਂ ਕਿਸੇ ਹੋਰ ਧਰਮ ਖ਼ਿਲਾਫ਼ ਕੋਈ ਗਤੀਵਿਧੀ ਕਰਦਾ ਹੈ ਜਾਂ ਜਬਰੀ ਧਰਮ ਤਬਦੀਲ ਕਰਦਾ ਹੈ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਭ ਨਾਲ ਹਾਂ। ਜੋ ਕਿਸੇ ਧਰਮ ਦੇ ਪੈਰੋਕਾਰਾਂ ਨੂੰ ਦੁੱਖੀ ਕਰਦਾ ਹੈ, ਉਹ ਇਨਸਾਨ ਨਹੀਂ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਚਮਤਕਾਰ ਸਿਰਫ਼ ਪਰਮ ਪਿਤਾ ਪ੍ਰਮਾਤਮਾ ਹੀ ਕਰ ਸਕਦਾ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਜੋ ਐਸਾ ਕਰਦੇ ਨੇ ਉਨ੍ਹਾਂ ਨੂੰ ਸਮਝਾਇਆ ਜਾਵੇਗਾ। ਜੇਕਰ ਨਹੀਂ ਸਮਝਣਗੇ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਮਿਲਣ ਵਰਤਣ ਖ਼ਤਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਈ ਵੀ ਪਾਦਰੀ 10 ਤੋਂ 15 ਸਾਲ ਦੀ ਮਿਹਨਤ ਤੋਂ ਬਾਅਦ ਤੇ ਕੋਰਸ ਕਰਕੇ ਬਣਦਾ ਹੈ, ਜੋ ਕਿਸੇ ਧਰਮ ਖ਼ਿਲਾਫ਼ ਉਲਝਣ ਪੈਦਾ ਕਰਦਾ ਹੈ ਤਾਂ ਉਸ ਕੋਲੋ ਸਪੱਸ਼ਟੀਕਰਨ ਮੰਗਿਆ ਜਾਵੇਗਾ। ਸਮੁੱਚੇ ਕ੍ਰਿਸ਼ਚੀਅਨ ਭਾਈਚਾਰੇ ਦੀ ਤਰਫ਼ੋਂ ਜੁਆਇੰਟ ਕਮੇਟੀ ਦੀ ਮੀਟਿੰਗ ਕਰਕੇ ਇਕ ਹੁਕਮਨਾਮਾ ਕੱਢ ਕੇ ਸਭ ਨੂੰ ਸੁਚੇਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿੱਖ ਆਗੂਆਂ ਨਾਲ ਮੀਟਿੰਗਾਂ ਕਰਕੇ ਹਰ ਸਮੱਸਿਆ ਦਾ ਹੱਲ ਸ਼ਾਂਤੀ ਪੂਰਵਕ ਕੱਢਿਆ ਜਾਵੇਗਾ। ਜੋ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਗੋਇੰਦਵਾਲ ਸਾਹਿਬ ਦੇ ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ
NEXT STORY