ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਹਲਕਾ ਦੀਨਾਨਗਰ ਅੰਦਰ ਸੱਤਾਧਾਰੀ ਪਾਰਟੀ ਨੂੰ ਜ਼ੋਰਦਾਰ ਝੱਟਕਾ ਦਿੰਦਿਆਂ ਕਾਂਗਰਸੀ ਵਿਧਾਇਕਾ ਅਰੁਣਾ ਚੌਧਰੀ ਅੱਜ ਬਲਾਕ ਦੋਰਾਂਗਲਾ ਵਿੱਚ ਆਪਣੀ ਪਾਰਟੀ ਦਾ ਚੇਅਰਮੈਨ ਤੇ ਵਾਈਸ ਚੇਅਰਪਰਸਨ ਬਣਾਉਣ ਵਿੱਚ ਸਫ਼ਲ ਰਹੇ ਹਨ। ਹਾਲਾਂਕਿ ਦੀਨਾਨਗਰ ਬਲਾਕ ਦੀ ਚੋਣ ਇੱਕ ਵਾਰ ਮੁੜ ਸਿਆਸੀ ਤੰਗਦਿਲੀ ਦਾ ਸ਼ਿਕਾਰ ਹੋਈ ਅਤੇ ਮੀਟਿੰਗ ਵਿੱਚ ‘ਆਪ’ ਦੇ ਮੈਂਬਰਾਂ ਦੀ ਗ਼ੈਰਹਾਜ਼ਰੀ ਕਾਰਨ 16 ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ’ਤੇ ਇਹ ਚੋਣ ਅਗਲੀ ਤਾਰੀਖ਼ ਲਈ ਮੁਲਤਵੀ ਕਰ ਦਿੱਤੀ ਗਈ।
ਦੋਰਾਂਗਲਾ ਬਲਾਕ ’ਚ ਕਾਂਗਰਸ ਨੇ 15 ਵਿੱਚੋਂ 11 ਜ਼ੋਨ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ ਅਤੇ ਇਸ ਚੋਣ ਮੀਟਿੰਗ ਵਿੱਚ ਕੋਰਮ ਦੀ ਅੜਚਣ ਨਾ ਪੈਣ ਕਾਰਨ ਅਖ਼ੀਰ ਕਾਂਗਰਸ ਦੇ ਬਲਬੀਰ ਚੰਦ ਬਲਾਕ ਸੰਮਤੀ ਦੋਰਾਂਗਲਾ ਦੇ ਨਵੇਂ ਚੇਅਰਮੈਨ ਚੁਣੇ ਗਏ ਜਦਕਿ ਮੈਡਮ ਗੁਰਮੀਤ ਕੌਰ ਨੂੰ ਵਾਈਸ ਚੇਅਰਪਰਸਨ ਦਾ ਅਹੁਦਾ ਮਿਲਿਆ ਹੈ। ਇਸ ਕਾਮਯਾਬੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਅਤੇ ਇਸਦੇ ਲਈ ਉਹ ਮਾਣਯੋਗ ਹਾਈਕੋਰਟ ਦੇ ਧੰਨਵਾਦੀ ਹਨ, ਜਿਨ੍ਹਾਂ ਦੇ ਹੁਕਮਾਂ ਤੋਂ ਬਾਅਦ ਇਹ ਚੋਣ ਪ੍ਰਕਿਰਿਆ ਸਿਰੇ ਚੜ੍ਹੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਦੋਨਾਂ ਬਲਾਕਾਂ ’ਚ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ ਅਤੇ ਇੱਥੇ ਕਾਂਗਰਸ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਬਣਨੇ ਯਕੀਨੀ ਸਨ। ਪਰ ਸੱਤਾਧਾਰੀਆਂ ਨੇ ਹਰ ਤਰ੍ਹਾਂ ਨਾਲ ਵਿਘਣ ਪਾਉਂਦਿਆਂ ਇਹ ਚੋਣਾਂ ਰੋਕੀਆਂ ਅਤੇ ਦੋ ਵਾਰੀ ਤਾਰੀਖ਼ ਦੇਣ ਦੇ ਬਾਵਜੂਦ ਬਹਾਨਾ ਬਣਾ ਕੇ ਚੋਣ ਨੂੰ ਮੁਲਤਵੀ ਕਰਵਾ ਦਿੱਤਾ ਗਿਆ। ਅਖ਼ੀਰ ਉਨ੍ਹਾਂ ਨੂੰ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਕੋਰਟ ਦੇ ਆਦੇਸ਼ਾਂ ’ਤੇ ਹੀ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਬਲਾਕ ਦੋਰਾਂਗਲਾ ਦੀ ਚੋਣ ਨੇਪਰੇ ਚੜ੍ਹੀ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਭਾਵੇਂ ਵਿਰੋਧੀ ਅਜੇ ਵੀ ਚਾਲਾਂ ਖੇਡ ਰਹੇ ਹਨ ਪਰ ਅਗਲੀ ਤਾਰੀਖ਼ ’ਚ ਬਲਾਕ ਦੀਨਾਨਗਰ ਦੀ ਚੇਅਰਮੈਨੀ ਤੇ ਉਪ ਚੇਅਰਮੈਨੀ ’ਤੇ ਵੀ ਕਾਂਗਰਸ ਦਾ ਹੀ ਕਬਜ਼ਾ ਹੋਵੇਗਾ।
ਇਸ ਮੌਕੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਸੱਤਾਧਾਰੀਆਂ ’ਤੇ ਚੋਣ ਮੀਟਿੰਗ ਤੋਂ ਭੱਜਣ ਦਾ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਮੈਦਾਨ ਹਮੇਸ਼ਾ ਉਹ ਲੋਕ ਛੱਡਦੇ ਹਨ, ਜਿਨ੍ਹਾਂ ਦੇ ਪੱਲੇ ਕੁਝ ਨਾ ਹੋਵੇ। ਉਨ੍ਹਾਂ ਦੱਸਿਆ ਕਿ ਅੱਜ ਦੀ ਚੋਣ ਮੀਟਿੰਗ ਨੂੰ ਮੁੜ ਤੋਂ ਰੱਦ ਕਰਵਾਉਣ ਦੀ ਮਨਸ਼ਾ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕੋਈ ਵੀ ਸੰਮਤੀ ਮੈਂਬਰ ਮੀਟਿੰਗ ਵਿੱਚ ਨਹੀਂ ਪੁੱਜਾ, ਜੋ ਇਨ੍ਹਾਂ ਦੀ ਸਿਆਸੀ ਹਾਰ ਤੇ ਨਮੋਸ਼ੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨਵਨਿਯੁਕਤ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੂੰ ਮਿਲੀ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਇਹ ਦੋਨੋਂ ਅਹੁਦੇਦਾਰ ਬਾਕੀ ਮੈਂਬਰਾਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਨਗੇ। ਇਸ ਦੌਰਾਨ ਚੇਅਰਮੈਨ ਤੇ ਵਾਈਸ ਚੇਅਰਪਰਸਨ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਾਰਿਆਂ ਦੀਆਂ ਉਮੀਦਾਂ ’ਤੇ ਖ਼ਰੇ ਉੱਤਰਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਅਹਿਮ ਜ਼ਿੰਮੇਵਾਰੀ ਦੇਣ ਲਈ ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਦਾ ਧੰਨਵਾਦ ਵੀ ਕੀਤਾ।
ਪਿੰਡ ਮੌਚਪੁਰ ਦੇ ਨੌਜਵਾਨ ਦੀ ਦੁਬਈ 'ਚ ਸ਼ੱਕੀ ਹਾਲਤਾਂ 'ਚ ਹੋਈ ਮੌਤ
NEXT STORY