ਗੁਰਦਾਸਪੁਰ (ਵਿਨੋਦ) : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਪਰ ਕੀਤੇ ਗਏ ਹਮਲੇ ਤੋਂ ਬਾਅਦ ਮਿਡਲ ਈਸਟ (ਮੱਧ ਪੂਰਬ) ਤੋਂ ਤੇਲ ਅਤੇ ਗੈਸ ਦੀ ਸਪਲਾਈ ਵਿਚ ਵਿਘਨ ਪੈਣ ਦੇ ਖ਼ਦਸ਼ੇ ਦਰਮਿਆਨ ਗੈਸ ਕੰਪਨੀਆਂ ਵੱਲੋਂ ਰਸੋਈ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਗੈਸ ਏਜੰਸੀ ਮਾਲਕਾਂ ਵੱਲੋਂ ਕਥਿਤ ਤੌਰ 'ਤੇ ਨਕਲੀ ਥੁੜ ਪੈਦਾ ਕਰਕੇ ਖ਼ਪਤਕਾਰਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਲੋਕ ਸਵੇਰੇ ਸੱਤ-ਅੱਠ ਵਜੇ ਤੋਂ ਹੀ ਗੈਸ ਏਜੰਸੀਆਂ ਦੇ ਦਫ਼ਤਰਾਂ ਸਾਹਮਣੇ ਘੰਟਿਆਂ ਬੱਧੀ ਇੰਤਜ਼ਾਰ ਕਰਦੇ ਹਨ ਪਰ ਗੈਸ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ ਵੱਡੀ UPDATE
ਡਿਜੀਟਲ ਇੰਡੀਆ ’ਤੇ ਸਵਾਲ
ਇਸ ਗੰਭੀਰ ਸਮੱਸਿਆ ਨੂੰ ਲੈ ਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਨੇ ਪ੍ਰੈੱਸ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦਾਅਵਾ ਕਰ ਰਹੇ ਹਨ ਕਿ ਦੇਸ਼ ਅੰਦਰ ਗੈਸ ਤੇ ਤੇਲ ਦੀ ਕੋਈ ਕਮੀ ਨਹੀਂ ਹੈ, ਜਦਕਿ ਦੂਜੇ ਪਾਸੇ ਲੋਕ ਕਿੱਲਤ ਕਾਰਨ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਗੈਸ ਦੀ ਆਨਲਾਈਨ ਬੁਕਿੰਗ ਕੈਂਸਲ ਕਰ ਕੇ ਲੋਕਾਂ ਨੂੰ ਮੁੜ ਲੰਬੀਆਂ ਲਾਈਨਾਂ ਵਿਚ ਲਿਆ ਖੜ੍ਹਾ ਕਰਨਾ ‘ਡਿਜੀਟਲ ਇੰਡੀਆ’ ਦੀ ਅਸਲ ਤਸਵੀਰ ਬਿਆਨ ਕਰਦਾ ਹੈ।
ਇਹ ਵੀ ਪੜ੍ਹੋ- ਹੋਟਲਾਂ 'ਚ ਨਿਹੰਗ ਸਿੰਘ ਕਰ ਰਹੇ ਛਾਪੇਮਾਰੀ, ਦੇਖੋ ਪੂਰੀ ਵੀਡੀਓ
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਨਿਸ਼ਾਨਾ
ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਦੇ ਆਪਣੇ ਜ਼ਿਲ੍ਹੇ ਅਤੇ ਹਲਕੇ (ਪਿੰਡ ਤੰਗੋਸ਼ਾਹ, ਹਲਕਾ ਭੋਆ) ਵਿਚ ਗੈਸ ਏਜੰਸੀਆਂ ਸਾਹਮਣੇ ਲੋਕਾਂ ਦੀ ਖੱਜਲ-ਖੁਆਰੀ ਦੇਖੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਦੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ‘ਕੁੰਭਕਰਨੀ ਨੀਂਦ’ ਸੁੱਤਾ ਪਿਆ ਹੈ। ਪਠਾਨਕੋਟ ਸ਼ਹਿਰ ਦੀਆਂ ਦਸ ਦੇ ਕਰੀਬ ਗੈਸ ਏਜੰਸੀਆਂ ਦੇ ਬਾਹਰ ਵੀ ਹਾਹਾਕਾਰ ਮੱਚੀ ਹੋਈ ਹੈ ਅਤੇ ਬਾਕੀ ਜ਼ਿਲ੍ਹਿਆਂ ਦੇ ਹਾਲਾਤ ਵੀ ਮਾੜੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਪਾਰਟੀ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਸੀਆਂ ਸਾਹਮਣੇ ਖੱਜਲ ਹੋਣ ਦੀ ਬਜਾਏ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਤਾਂ ਜੋ ਸਰਕਾਰ ਨੂੰ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਮਜ਼ਬੂਰ ਕੀਤਾ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫ਼ੌਰੀ ਤੌਰ 'ਤੇ ਹੱਲ ਨਾ ਕੱਢਿਆ ਗਿਆ ਤਾਂ ਆਰ.ਐੱਮ.ਪੀ.ਆਈ. ਆਮ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗਗਨਦੀਪ ਸਿੰਘ ਖੁਦਕੁਸ਼ੀ ਮਾਮਲੇ ਵਿਚ ਬਿਕਰਮ ਮਜੀਠੀਆ ਨੇ ਕਰ 'ਤਾ ਸਨਸਨੀਖੇਜ਼ ਖ਼ੁਲਾਸਾ
NEXT STORY