ਅੰਮ੍ਰਿਤਸਰ(ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਗੁਰਮਤਿ ਦੀਵਾਨ ਸਜਾਏ ਗਏ ਜਿਹਨਾਂ ਵਿਚ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਬੰਧੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਮੁੱਖ ਗੁਰਮਤਿ ਸਮਾਗਮ ਆਯੋਜਿਤ ਹੋਇਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਲ ਉਮਰ ਵਿਚ ਹੀ ਦਿੱਲੀ ਦੀ ਸੰਗਤ ’ਤੇ ਪਰਉਪਕਾਰ ਕਰਦੇ ਹੋਏ ਚੇਚਕ ਦੀ ਬਿਮਾਰੀ ਦਾ ਇਲਾਜ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਪਰਉਪਕਾਰ ਕਰਦੇ ਹੋਏ ਬੇਸ਼ੱਕ ਆਪ ਜੋਤੀ ਜੋਤ ਸਮਾ ਪਏ, ਉਨ੍ਹਾਂ ਦੀ ਨਿਡਰਤਾ ਤੇ ਦਿਆਲਤਾ ਅੱਜ ਵੀ ਸਾਡੀ ਮਾਰਗ ਦਰਸ਼ਕ ਹੈ।
ਉਨ੍ਹਾਂ ਕਿਹਾ ਕਿ ਅੱਜ ਵੀ ਲੱਖਾਂ ਹੀ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਵਿਚ ਰੋਜ਼ਾਨਾ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਅਸਥਾਨ ਹੈ ਜਿਥੇ ਜਦੋਂ ਸੰਗਤਾਂ ਨੂੰ ਭੀੜ ਪੈਂਦੀ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਸਥਾਨ ਸੰਗਤਾਂ ਨੂੰ ਪਨਾਹ ਦਿੰਦਾ ਹੈ। ਇਹੀ ਕੁਝ ਪਿਛਲੇ ਸਮੇਂ ਵਿਚ ਦਿੱਲੀ ਵਿਚ ਵਾਪਰਿਆ ਜਦੋਂ ਬੱਚਿਆਂ ਨੂੰ ਇਥੇ ਪਨਾਹ ਦਿੱਤੀ ਗਈ, ਲੰਗਰ ਛਕਾਇਆ ਗਿਆ, ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ਵਿਚ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਵਿਚੋਂ ਚੁਣੇ ਜਾਣ ਵਾਲੇ ਕੀਰਤਨੀ ਸਿੰਘਾਂ ਨੂੰ ਸ਼੍ਰੋਮਣੀ ਕੀਰਤਨੀਆ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਸਤੇ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਜਿਸ ਵਿਚ ਦੇਸ਼ ਵਿਦੇਸ਼ ਦੇ ਮਾਹਿਰ ਸ਼ਾਮਲ ਕੀਤੇ ਗਏ। ਉਨ੍ਹਾਂ ਕਿਹਾ ਕਿ ਕਮੇਟੀ ਦੇ ਫੈਸਲੇ ਮੁਤਾਬਕ ਹੀ ਪਹਿਲਾ ਐਵਾਰਡ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਗਿਆ ਅਤੇ 11 ਲੱਖ ਦਾ ਇਨਾਮ ਵੀ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੈਨਲ ਵੱਲੋਂ ਦਿੱਤੇ ਨਾਮ ਮੁਤਾਬਕ ਦੂਜਾ ਐਵਾਰਡ ਡਾ. ਗੁਰਨਾਮ ਸਿੰਘ ਨੂੰ ਅੱਜ ਸ਼੍ਰੋਮਣੀ ਕੀਰਤਨੀਏ ਐਵਾਰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੀਰਤਨ ਸੇਵਾ ਐਵਾਰਡ ਜੋ ਪਹਿਲੀਵਾਰ ਦਿੱਤਾ ਜਾ ਰਿਹਾ ਹੈ, ਉਹ ਉਸ ਸ਼ਖਸੀਅਤ ਨੂੰ ਦਿੱਤਾ ਜਾ ਰਿਹਾ ਹੈ ਜੋ ਭਾਈ ਅਵਤਾਰ ਸਿੰਘ ਦੇ ਸਾਥੀ ਭਾਈ ਸਵਰਨ ਸਿੰਘ 90 ਸਾਲ ਦੀ ਉਮਰ ਵਿਚ ਪਿਛਲੇ 74 ਸਾਲਾਂ ਤੋਂ ਜੋੜੀ ਦੀ ਸੇਵਾ ਭਾਈ ਕੁਲਤਾਰ ਸਿੰਘ ਨਾਲ ਮਿਲ ਕੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਫੈਸਲੇ ਅਸੀਂ ਤਾਂ ਕੀਤੇ ਹਨ ਤੇ ਐਵਾਰਡ ਗੁਰੂ ਘਰ ਦੇ ਵਜ਼ੀਰਾਂ ਨੂੰ ਤਾਂ ਦੇ ਰਹੇ ਹਾਂ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਤੇ ਗੁਰੂ ਘਰ ਦੇ ਵਜ਼ੀਰ ਵੀ ਇਹ ਸਮਝ ਸਕਣ ਕਿ ਅਸੀਂ ਆਪਣੇ ਕਿਰਦਾਰ ਨੂੰ ਕਿਸ ਤਰੀਕੇ ਉੱਚਾ ਰੱਖਣਾ ਹੈ। ਉਨ੍ਹਾਂ ਕਿਹਾ ਕਿ ਇਕ ਫੈਸਲਾ ਅਸੀਂ ਹੋਰ ਕੀਤਾ ਹੈ ਕਿ ਜਿਹੜਾ ਵੀ ਰਾਗੀ ਸਿੰਘ ਆਪਣੇ ਚੰਗੀ ਸ਼ੈਲੀ ਨਾਲ ਕੀਰਤਨ ਕਰਨਗੇ, ਉਹਨਾਂ ਦਾ ਪਹਿਰਾਵਾ,ਲੋਕਾਂ ਪ੍ਰਤੀ ਵਿਵਹਾਰ ਤੇ ਡਿਊਟੀ ਪ੍ਰਤੀ ਕਿਵੇਂ ਪਰਪੱਕ ਜੋ ਹੋਣਾ ਹੈ, ਉਸਨੂੰ ਵੀ ਹਰ ਸਾਲ ਸਵਾ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ 12 ਸਤੰਬਰ ਤੋਂ ਅਸੀਂ ਇਹ ਐਵਾਰਡ ਦਿੱਲੀ ਕਮੇਟੀ ਅਧੀਨ ਰਾਗੀ ਸਿੰਘਾਂ ਨੂੰ ਦੇਵਾਂਗੇ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਾਸਤੇ ਅਪੀਲ
ਇਸ ਮੌਕੇ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਮੌਜੂਦਾ ਕਮੇਟੀ ਦੀ ਟੀਮ ਨੇ ਕਮੇਟੀ ਅਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪਿਛਲੇ ਪ੍ਰਬੰਧਕਾਂ ਵੱਲੋਂ ਕੀਤੇ ਕੁਪ੍ਰਬੰਧ ਨੂੰ ਖ਼ਤਮ ਕਰ ਕੇ ਇਹਨਾਂ ਸਕੂਲਾਂ ਨੂੰ ਮੁੜ ਲੀਹ ’ਤੇ ਪਾਉਣ ਦਾ ਯਤਨ ਕੀਤਾ ਹੈ। ਇਸ ਮੌਕੇ 11 ਲੱਖ ਰੁਪਏ ਇਨਾਮੀ ਰਾਸ਼ੀ ਦੀ ਸੇਵਾ ਹੋਈ ਹੈ ਉਸਦੀ ਸੇਵਾ ਗੁਰਜੀਤ ਸਿੰਘ ਚਲਾਵਾ ਨਿਊ ਜਰਸੀ ਅਮਰੀਕਾ ਤੋਂ ਪਰਿਵਾਰ ਨੇ ਕੀਤੀ ਹੈ। ਉਨ੍ਹਾਂ ਪਹਿਲਾਂ ਵੀ ਇਹ ਸੇਵਾ ਕੀਤੀ ਸੀ ਤੇ ਅੱਜ ਫਿਰ ਸੇਵਾ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਬੇਅਦਬੀ ਵਿਰੋਧੀ ਕਾਨੂੰਨ ਮਾਮਲਾ: ਅਕਾਲ ਤਖ਼ਤ ਦੀ ਕਮੇਟੀ ਨੇ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਮੰਗੀ ਰਿਪੋਰਟ
NEXT STORY