ਜਲੰਧਰ (ਖੁਰਾਣਾ)-ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਹੁਣ ਸਤੰਬਰ ਮਹੀਨੇ ਤੱਕ ਟਲਣ ਦੇ ਆਸਾਰ ਵਿਖਾਈ ਦੇ ਰਹੇ ਹਨ। ਹਾਲਾਂਕਿ ਡਿਵੀਜ਼ਨਲ ਕਮਿਸ਼ਨਰ ਅਤੇ ਕਲੱਬ ਦੇ ਪ੍ਰਧਾਨ ਰਾਮਵੀਰ ਸਿੰਘ ਨੇ ਕਲੱਬ ਦੀ ਸਾਲਾਨਾ ਆਮ ਸਭਾ (ਏ. ਜੀ. ਐੱਮ.) ਵਿਚ 23 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ ਅਤੇ ਚੋਣਾਂ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਵੀ ਲਾ ਦਿੱਤੀ ਗਈ ਸੀ, ਪਰ ਹੁਣ ਤੱਕ ਚੋਣਾਂ ਦਾ ਆਫ਼ੀਸ਼ੀਅਲ ਇਲੈਕਸ਼ਨ ਸ਼ਡਿਊਲ ਜਾਰੀ ਨਹੀਂ ਹੋ ਸਕਿਆ। ਅਜਿਹੇ ਵਿਚ 23 ਅਗਸਤ ਨੂੰ ਚੋਣਾਂ ਕਰਵਾਉਣਾ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਚੋਣਾਂ ਦੀ ਐਲਾਨੀ ਤਰੀਕ ਵਿਚ ਹੁਣ ਸਿਰਫ ਲਗਭਗ ਦੋ ਹਫ਼ਤਿਆਂ ਦਾ ਸਮਾਂ ਬਚਿਆ ਹੈ, ਜਦਕਿ ਅਜੇ ਤੱਕ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਵੀ ਨਹੀਂ ਹੋਈ ਹੈ। ਅਜਿਹੇ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸਾਰੀਆਂ ਜ਼ਰੂਰੀ ਰਸਮਾਂ ਸਮੇਂ ਸਿਰ ਪੂਰੀਆਂ ਕਰਨਾ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ
ਜਾਣਕਾਰੀ ਅਨੁਸਾਰ, ਜਿਮਖਾਨਾ ਕਲੱਬ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਸ਼ੁਭੀ ਆਂਗਰਾ ਅਤੇ ਆਨਰੇਰੀ ਸੈਕਟਰੀ ਤੇਜਦੀਪ ਸਿੰਘ ਸੈਣੀ ਨੇ ਬੀਤੇ ਦਿਨੀਂ ਐਡਹਾਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਚੋਣ ਪ੍ਰਕਿਰਿਆ ’ਤੇ ਚਰਚਾ ਕੀਤੀ। ਹਾਲਾਂਕਿ ਕਲੱਬ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਐਡਹਾਕ ਕਮੇਟੀ ਦਾ ਚੋਣ ਪ੍ਰਕਿਰਿਆ ਨਾਲ ਸਿੱਧਾ ਸਬੰਧ ਨਹੀਂ ਹੁੰਦਾ ਅਤੇ ਚੋਣਾਂ ਸਬੰਧੀ ਫ਼ੈਸਲੇ ਪੂਰੀ ਤਰ੍ਹਾਂ ਰਿਟਰਨਿੰਗ ਅਫ਼ਸਰ ਦੇ ਅਧਿਕਾਰ ਖੇਤਰ ਵਿਚ ਆਉਂਦੇ ਹਨ। ਇਸ ਦੇ ਬਾਵਜੂਦ ਅਜੇ ਤੱਕ ਨਾ ਤਾਂ ਚੋਣ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਉਸ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿਚ 23 ਅਗਸਤ ਨੂੰ ਚੋਣਾਂ ਕਰਵਾਉਣਾ ਸੰਭਵ ਨਹੀਂ ਦਿਸ ਰਿਹਾ। ਅਜਿਹੇ ਵਿਚ ਹੁਣ ਚੋਣਾਂ ਸਤੰਬਰ ਮਹੀਨੇ ਵਿਚ ਹੋਣ ਦੀ ਸੰਭਾਵਨਾ ਜ਼ਿਆਦਾ ਮੰਨੀ ਜਾ ਰਹੀ ਹੈ। ਹਾਲਾਂਕਿ ਜੇਕਰ ਕਿਸੇ ਕਾਰਨ ਪ੍ਰਸ਼ਾਸਨਿਕ ਪੱਧਰ ’ਤੇ ਤੇਜ਼ੀ ਨਾਲ ਪ੍ਰਕਿਰਿਆ ਪੂਰੀ ਕੀਤੀ ਗਈ ਤਾਂ 30 ਅਗਸਤ ਨੂੰ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ, ਪਰ ਇਸ ਦੀ ਸੰਭਾਵਨਾ ਵੀ ਫਿਲਹਾਲ ਕਾਫ਼ੀ ਘੱਟ ਮੰਨੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਚੋਣਾਂ ਕਰਵਾਉਣ ਲਈ ਨਿਯੁਕਤ ਅਧਿਕਾਰੀਆਂ ਨੇ ਜਿਮਖਾਨਾ ਕਲੱਬ ਦੇ ਇਲੈਕਸ਼ਨ ਰੂਲਜ਼ ਦਾ ਵਿਸਥਾਰ ਨਾਲ ਅਧਿਐਨ ਕੀਤਾ ਹੈ। ਰੂਲਜ਼ ਵਿਚ ਵੱਖ-ਵੱਖ ਚੋਣ ਪ੍ਰਕਿਰਿਆਵਾਂ ਲਈ ਲਗਭਗ 45 ਦਿਨਾਂ ਦਾ ਸਮਾਂ ਤੈਅ ਹੈ। ਹਾਲਾਂਕਿ ਕਲੱਬ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਲੋੜ ਪੈਣ ’ਤੇ ਕੁਝ ਪ੍ਰਕਿਰਿਆਵਾਂ ਨੂੰ ਘੱਟ ਸਮੇਂ ਵਿਚ ਪੂਰਾ ਕਰਦੇ ਹੋਏ 4-5 ਹਫ਼ਤਿਆਂ ਦੇ ਅੰਦਰ ਵੀ ਚੋਣਾਂ ਕਰਵਾ ਸਕਦੇ ਹਨ। ਜਿਮਖਾਨਾ ਕਲੱਬ ਚੋਣਾਂ ਦੀ ਸਭ ਤੋਂ ਮਹੱਤਵਪੂਰਨ ਪ੍ਰਕਿਰਿਆ ਵੋਟਰ ਲਿਸਟ ਤਿਆਰ ਕਰਨਾ ਮੰਨੀ ਜਾ ਰਹੀ ਹੈ। ਸਭ ਤੋਂ ਪਹਿਲਾਂ ਯੋਗ ਮੈਂਬਰਾਂ ਦੀ ਸੂਚੀ ਤਿਆਰ ਕਰਨੀ ਹੋਵੇਗੀ। ਵੋਟ ਪਾਉਣ ਲਈ ਹਰੇਕ ਮੈਂਬਰ ਦਾ ਕਲੱਬ ਦਾ ਬਕਾਇਆ ਚਾਰਜ (ਡਿਊਜ਼) ਪੂਰੀ ਤਰ੍ਹਾਂ ਜਮ੍ਹਾ ਹੋਣਾ ਜ਼ਰੂਰੀ ਹੋਵੇਗਾ। ਇਸ ਲਈ ਮੈਂਬਰਾਂ ਨੂੰ ਸਮਾਂ ਦੇਣਾ ਪਵੇਗਾ।
ਇਹ ਵੀ ਪੜ੍ਹੋ: ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ
ਇਸ ਤੋਂ ਬਾਅਦ ਸ਼ੁਰੂਆਤੀ ਵੋਟਰ ਸੂਚੀ ਨੋਟਿਸ ਬੋਰਡ ’ਤੇ ਲਾਈ ਜਾਵੇਗੀ, ਤਾਂ ਜੋ ਜੇਕਰ ਕਿਸੇ ਮੈਂਬਰ ਨੂੰ ਨਾਂ ਸ਼ਾਮਲ ਕਰਨ ਜਾਂ ਹਟਾਉਣ ਨੂੰ ਲੈ ਕੇ ਕੋਈ ਇਤਰਾਜ਼ ਹੋਵੇ ਤਾਂ ਉਹ ਤੈਅ ਸਮੇਂ ਅੰਦਰ ਆਪਣਾ ਇਤਰਾਜ਼ ਦਰਜ ਕਰਵਾ ਸਕੇ। ਇਤਰਾਜ਼ਾਂ ਦਾ ਨਿਪਟਾਰਾ ਕਰਨ ਤੋਂ ਬਾਅਦ ਅੰਤਿਮ ਵੋਟਰ ਸੂਚੀ ਤਿਆਰ ਹੋਵੇਗੀ। ਜੇਕਰ ਅੰਤਿਮ ਸੂਚੀ ’ਤੇ ਵੀ ਕਿਸੇ ਮੈਂਬਰ ਨੂੰ ਇਤਰਾਜ਼ ਰਹਿੰਦਾ ਹੈ ਤਾਂ ਉਸ ਲਈ ਅਪੀਲ ਦਾ ਮੌਕਾ ਦੇਣਾ ਵੀ ਜ਼ਰੂਰੀ ਹੋਵੇਗਾ। ਵੋਟਰ ਸੂਚੀ ਫਾਈਨਲ ਹੋਣ ਤੋਂ ਬਾਅਦ ਨਾਮਜ਼ਦਗੀ ਕਾਗਜ਼ ਭਰਨ, ਉਨ੍ਹਾਂ ਦੀ ਪੜਤਾਲ (ਸਕਰੂਟਨੀ), ਨਾਂ ਵਾਪਸ ਲੈਣ ਅਤੇ ਹੋਰ ਚੋਣ ਪ੍ਰਕਿਰਿਆਵਾਂ ਲਈ ਵੀ ਵੱਖ-ਵੱਖ ਸਮਾਂ ਦੇਣਾ ਲਾਜ਼ਮੀ ਹੋਵੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕੀਤੇ ਬਿਨਾਂ ਚੋਣਾਂ ਕਰਵਾਉਣਾ ਸੰਭਵ ਨਹੀਂ ਹੈ।
ਕਲੱਬ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਲਦਬਾਜ਼ੀ ਵਿਚ ਚੋਣਾਂ ਕਰਵਾਉਣ ਨਾਲ ਪਾਰਦਰਸ਼ਿਤਾ ’ਤੇ ਸਵਾਲ ਉੱਠ ਸਕਦੇ ਹਨ ਅਤੇ ਅਧਿਕਾਰੀਆਂ ’ਤੇ ਪੱਖਪਾਤ ਵਰਗੇ ਦੋਸ਼ ਵੀ ਲੱਗ ਸਕਦੇ ਹਨ। ਇਹੋ ਕਾਰਨ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਅਤੇ ਨਿਰਪੱਖ ਤਰੀਕੇ ਨਾਲ ਪੂਰੀ ਕਰਨਾ ਚਾਹੁੰਦੇ ਹਨ। ਅਜਿਹੇ ਵਿਚ ਫਿਲਹਾਲ ਇਹੋ ਮੰਨਿਆ ਜਾ ਰਿਹਾ ਹੈ ਕਿ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਹੁਣ ਸਤੰਬਰ ਮਹੀਨੇ ਵਿਚ ਹੀ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਚੋਣ ਸਮੀਕਰਨ ਬਦਲਣ ਦੀ ਤਿਆਰੀ, ਕਈ ਮੈਂਬਰ ਲੜਨ ਦਾ ਬਣਾ ਰਹੇ ਮਨ
ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਜੇਕਰ 23 ਅਗਸਤ ਦੀ ਬਜਾਏ ਕੁਝ ਹਫ਼ਤਿਆਂ ਲਈ ਟਲਦੀਆਂ ਹਨ, ਤਾਂ ਇਸ ਦਾ ਸਭ ਤੋਂ ਵੱਡਾ ਅਸਰ ਚੋਣ ਸਮੀਕਰਨਾਂ ’ਤੇ ਦੇਖਣ ਨੂੰ ਮਿਲ ਸਕਦਾ ਹੈ। ਹੁਣ ਤੱਕ ਜਿੱਥੇ ਚੋਣਾਂ ਸੀਮਤ ਮੁਕਾਬਲੇ ਵੱਲ ਵਧਦੀਆਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਚੋਣਾਂ ਟਲਣ ਦੀ ਸਥਿਤੀ ਵਿਚ ਕਈ ਨਵੇਂ ਚਿਹਰੇ ਵੀ ਮੈਦਾਨ ਵਿਚ ਉਤਰ ਸਕਦੇ ਹਨ। ਕਲੱਬ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਚੋਣ ਪ੍ਰੋਗਰਾਮ ਵਿਚ ਦੇਰੀ ਨਾਲ ਉਨ੍ਹਾਂ ਮੈਂਬਰਾਂ ਨੂੰ ਵੀ ਤਿਆਰੀ ਦਾ ਮੌਕਾ ਮਿਲ ਜਾਵੇਗਾ, ਜੋ ਹੁਣ ਤੱਕ ਸਮਾਂ ਘੱਟ ਹੋਣ ਕਾਰਨ ਚੋਣ ਲੜਨ ਦਾ ਫ਼ੈਸਲਾ ਨਹੀਂ ਕਰ ਸਕਦੇ ਸਨ। ਅਜਿਹੇ ਵਿਚ ਵੱਖ-ਵੱਖ ਅਹੁਦਿਆਂ ’ਤੇ ਮੁਕਾਬਲਾ ਪਹਿਲਾਂ ਨਾਲੋਂ ਕਿਤੇ ਵੱਧ ਰੌਚਕ ਹੋ ਸਕਦਾ ਹੈ। ਹੁਣ ਤੱਕ ਅਚੀਵਰਜ਼ ਗਰੁੱਪ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਕੇ ਚੋਣ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਇਹ ਚਰਚਾ ਵੀ ਸ਼ੁਰੂ ਹੋ ਗਈ ਸੀ ਕਿ ਕੁਝ ਅਹੁਦਿਆਂ ’ਤੇ ਸਰਬਸੰਮਤੀ ਬਣ ਸਕਦੀ ਹੈ। ਪਰ ਹੁਣ ਚੋਣਾਂ ਅੱਗੇ ਖਿਸਕਣ ਦੀ ਸੰਭਾਵਨਾ ਨਾਲ ਇਹ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ।
ਸੂਤਰਾਂ ਮੁਤਾਬਕ ਕਲੱਬ ਦੇ ਕਈ ਮੈਂਬਰ ਚਾਹੁੰਦੇ ਹਨ ਕਿ ਸਾਰੇ ਅਹੁਦਿਆਂ ’ਤੇ ਲੋਕਤੰਤਰੀ ਤਰੀਕੇ ਨਾਲ ਚੋਣਾਂ ਹੋਣ ਅਤੇ ਮੈਂਬਰਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਪੂਰਾ ਮੌਕਾ ਮਿਲੇ। ਇਸੇ ਕਾਰਨ ਆਉਣ ਵਾਲੇ ਦਿਨਾਂ ਵਿਚ ਕਈ ਨਵੇਂ ਉਮੀਦਵਾਰਾਂ ਦੇ ਚੋਣ ਮੈਦਾਨ ਵਿਚ ਉਤਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕਲੱਬ ਦੇ ਅੰਦਰ ਤੀਜੇ ਮੋਰਚੇ (ਥਰਡ ਫਰੰਟ) ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਚੋਣਾਂ ਸਤੰਬਰ ਤੱਕ ਟਲਦੀਆਂ ਹਨ ਤਾਂ ਇਹ ਥਰਡ ਫਰੰਟ ਆਪਣੀ ਰਣਨੀਤੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵੱਖ-ਵੱਖ ਅਹੁਦਿਆਂ ’ਤੇ ਨਵੇਂ ਉਮੀਦਵਾਰ ਉਤਾਰੇਗਾ। ਇਸ ਤੋਂ ਪਹਿਲਾਂ ਐਲਾਨੇ ਉਮੀਦਵਾਰਾਂ ਸਾਹਮਣੇ ਵੀ ਸਖਤ ਚੁਣੌਤੀ ਖੜ੍ਹੀ ਹੋ ਸਕਦੀ ਹੈ। ਚੋਣ ਜਾਣਕਾਰਾਂ ਦਾ ਮੰਨਣਾ ਹੈ ਕਿ ਵਾਧੂ ਸਮਾਂ ਮਿਲਣ ਨਾਲ ਕਈ ਸੀਨੀਅਰ ਮੈਂਬਰ ਵੀ ਚੋਣ ਲੜਨ ਦਾ ਮਨ ਬਣਾ ਸਕਦੇ ਹਨ। ਅਜਿਹੇ ਵਿਚ ਜਿਹੜੇ ਅਹੁਦਿਆਂ ’ਤੇ ਹੁਣ ਤੱਕ ਬਿਨਾਂ ਮੁਕਾਬਲਾ ਚੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ, ਉੱਥੇ ਵੀ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਫਿਲਹਾਲ ਸਭ ਦੀਆਂ ਨਜ਼ਰਾਂ ਚੋਣ ਪ੍ਰੋਗਰਾਮ ’ਤੇ ਟਿਕੀਆਂ ਹੋਈਆਂ ਹਨ। ਜੇਕਰ ਚੋਣਾਂ ਅਸਲ ਵਿਚ ਕੁਝ ਹਫ਼ਤੇ ਅੱਗੇ ਵਧਦੀਆਂ ਹਨ ਤਾਂ ਜਲੰਧਰ ਜਿਮਖਾਨਾ ਕਲੱਬ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਬਦਲ ਸਕਦਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕਈ ਨਵੇਂ ਨਾਂ ਸਾਹਮਣੇ ਆ ਸਕਦੇ ਹਨ। ਇਸ ਨਾਲ ਚੋਣਾਂ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਦਿਲਚਸਪ ਹੋਣ ਦੀ ਸੰਭਾਵਨਾ ਹੈ। ਵੈਸੇ ਪਹਿਲਾਂ ਹੀ ਇੰਜੀਨੀਅਰ ਵਿਜੇ ਸਹਿਦੇਵ, ਅਨੂ ਮਾਟਾ, ਐਡਵੋਕੇਟ ਤਰਨਜੋਤ ਸਿੰਘ ਸਿਦਾਨਾ, ਜ਼ੁਬਿਨ ਸ਼ਿੰਗਾਰੀ ਆਦਿ ਮੈਦਾਨ ਵਿਚ ਨਿੱਤਰ ਚੁੱਕੇ ਹਨ, ਉੱਥੇ ਹੀ ਅੱਜ ਕਲੱਬ ਦੀ ਸਿਆਸਤ ਨਾਲ ਜੁੜੇ ਮੋਨੂੰ ਪੁਰੀ ਨੇ ਵੀ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਕਲੱਬ ਚੋਣਾਂ ’ਚ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਨੂੰ ਵੀ ਮਿਲੀ ਜ਼ਿੰਮੇਵਾਰੀ
ਵੋਟਰ ਲਿਸਟ ਤਿਆਰ ਕਰਨ ਤੋਂ ਲੈ ਕੇ ਅੰਤਿਮ ਸੂਚੀ ਜਾਰੀ ਕਰਨ ਤੱਕ ਨਿਭਾਉਣਗੇ ਅਹਿਮ ਭੂਮਿਕਾ
ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਡਵੀਜ਼ਨਲ ਕਮਿਸ਼ਨਰ ਅਤੇ ਕਲੱਬ ਦੇ ਪ੍ਰਧਾਨ ਰਾਮਵੀਰ ਸਿੰਘ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੂੰ ਕਲੱਬ ਚੋਣਾਂ ਲਈ ਇਲੈਕਟੋਰਲ ਅਫ਼ਸਰ ਨਿਯੁਕਤ ਕੀਤਾ ਹੈ। ਇਸ ਸਬੰਧ ਵਿਚ ਉਨ੍ਹਾਂ ਵੀਰਵਾਰ ਨੂੰ ਹੁਕਮ ਜਾਰੀ ਕਰ ਦਿੱਤੇ। ਇਸ ਤੋਂ ਪਹਿਲਾਂ ਕਲੱਬ ਚੋਣਾਂ ਲਈ ਪੀ. ਸੀ. ਐੱਸ. ਅਧਿਕਾਰੀ ਸ਼ੁਭੀ ਆਂਗਰਾ ਨੂੰ ਰਿਟਰਨਿੰਗ ਅਫ਼ਸਰ ਅਤੇ ਤਹਿਸੀਲਦਾਰ ਜਲੰਧਰ ਸਵਪਨਦੀਪ ਕੌਰ ਨੂੰ ਅਸਿਸਟੈਂਟ ਰਿਟਰਨਿੰਗ ਅਫ਼ਸਰ (ਏ. ਆਰ. ਓ.) ਨਿਯੁਕਤ ਕੀਤਾ ਜਾ ਚੁੱਕਾ ਹੈ।
ਇਲੈਕਟੋਰਲ ਅਫ਼ਸਰ ਦੇ ਰੂਪ ਵਿਚ ਡਾ. ਸੁਮਨਦੀਪ ਕੌਰ ਦਾ ਸਭ ਤੋਂ ਮਹੱਤਵਪੂਰਨ ਕੰਮ ਕਲੱਬ ਦੇ ਯੋਗ ਮੈਂਬਰਾਂ ਦੇ ਆਧਾਰ ’ਤੇ ਡਰਾਫ਼ਟ ਇਲੈਕਟੋਰਲ ਰੋਲ (ਵੋਟਰ ਲਿਸਟ) ਤਿਆਰ ਕਰਨਾ, ਉਸ ’ਤੇ ਪ੍ਰਾਪਤ ਇਤਰਾਜ਼ਾਂ ਦਾ ਨਿਪਟਾਰਾ ਕਰਵਾਉਣਾ ਅਤੇ ਅੰਤਿਮ ਵੋਟਰ ਸੂਚੀ ਤਿਆਰ ਕਰਨਾ ਹੋਵੇਗਾ। ਚੋਣ ਪ੍ਰਕਿਰਿਆ ਵਿਚ ਇਹ ਸਭ ਤੋਂ ਅਹਿਮ ਪੜਾਅ ਮੰਨਿਆ ਜਾਂਦਾ ਹੈ, ਕਿਉਂਕਿ ਇਸੇ ਸੂਚੀ ਦੇ ਆਧਾਰ ’ਤੇ ਮੈਂਬਰ ਵੋਟ ਪਾ ਸਕਣਗੇ।
ਜ਼ਿਕਰਯੋਗ ਹੈ ਕਿ ਡਾ. ਸੁਮਨਦੀਪ ਕੌਰ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਦੀਆਂ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਸਫ਼ਲਤਾਪੂਰਵਕ ਨਿਭਾ ਚੁੱਕੇ ਹਨ। ਉਨ੍ਹਾਂ ਮਰਦਮਸ਼ੁਮਾਰੀ (ਜਨਗਣਨਾ) ਅਤੇ ਐੱਸ. ਆਈ. ਆਰ. ਵਰਗੇ ਕੰਮਾਂ ਦਾ ਸੰਚਾਲਨ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ। ਅਜਿਹੇ ਵਿਚ ਹੁਣ ਜਿਮਖਾਨਾ ਕਲੱਬ ਚੋਣਾਂ ਦੀ ਸ਼ੁਰੂਆਤੀ ਅਤੇ ਮਹੱਤਵਪੂਰਨ ਜ਼ਿੰਮੇਵਾਰੀ ਵੀ ਉਨ੍ਹਾਂ ਦੇ ਮੋਢਿਆਂ ’ਤੇ ਰਹੇਗੀ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਦੀ ਜ਼ਮਾਨਤ 'ਤੇ ਨਵੀਂ ਅਪਡੇਟ! ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਦੀ ਵੱਡੀ ਕਾਰਵਾਈ, ਟਿਕਟ ਚੈਕਿੰਗ ਮੁਹਿੰਮ ਤਹਿਤ ਜੁਲਾਈ ’ਚ 34,410 ਯਾਤਰੀਆਂ ਨੂੰ 2.71 ਕਰੋੜ ਜੁਰਮਾਨਾ
NEXT STORY