ਬਟਾਲਾ – ਹਰ ਖੇਤਰ 'ਚ ਮੱਲਾਂ ਮਾਰਨ ਵਾਲੇ ਪੰਜਾਬੀ ਗੱਭਰੂ ਨੂੰ ਅੱਜ ਨਸ਼ੇ ਨੇ ਇਸ ਕਦਰ ਆਪਣੀ ਗ੍ਰਿਫਤ 'ਚ ਲਿਆ ਹੋਇਆ ਹੈ ਕਿ ਇਹ ਨੌਜਵਾਨ ਨਸ਼ੇ ਦੀ ਪੂਰਤੀ ਲਈ ਜਿਥੇ ਆਪਣੇ ਪੈਰ ਅਪਰਾਧਿਕ ਗਤੀਵਿਧੀਆਂ ਵੱਲ ਪੁੱਟ ਰਹੇ ਹਨ, ਉਥੇ ਨਾਲ ਹੀ ਆਪਣੇ ਘਰਾਂ, ਪਰਿਵਾਰਾਂ ਅਤੇ ਜਾਇਦਾਦਾਂ ਨੂੰ ਵੀ ਤਬਾਹੀ ਅਤੇ ਬਰਬਾਦੀ ਦੇ ਕੰਢੇ 'ਤੇ ਲਿਆ ਰਹੇ ਹਨ। ਬੀਤੇ ਦਿਨ ਇਕ ਨੌਜਵਾਨ ਤਪਦੀ ਦੁਪਹਿਰ ਦੌਰਾਨ ਨਸ਼ੇ ਦੀ ਬੇਸੁਰਤੀ 'ਚ ਸੜਕ ਵਿਚਕਾਰ ਹੀ ਡਿਗਾ ਪਿਆ ਸੀ, ਜਿਸ ਨੂੰ ਵੇਖਣ ਲਈ ਕਈ ਵਿਅਕਤੀ ਆਪਣੇ ਵਾਹਨ ਹੌਲੀ ਕਰ ਕੇ ਨੇੜਿਓਂ ਦੀ ਲੰਘ ਗਏ ਪਰ ਬੇਹੱਦ ਬੁਰੀ ਹਾਲਤ 'ਚ ਪਏ ਇਸ ਨੌਜਵਾਨ ਨੂੰ ਕਿਸੇ ਨੇ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਨੇੜਿਓਂ ਲੰਘ ਰਹੇ ਕੁਝ ਨੌਜਵਾਨਾਂ ਨੇ ਹਿੰਮਤ ਕਰ ਕੇ ਇਸ ਨੌਜਵਾਨ ਨੂੰ ਨਸ਼ੇ ਦੀ ਹਾਲਤ 'ਚੋਂ ਜਗਾਉਣ ਲਈ ਹਿਲਾਉਣ ਦੀ ਕੋਸ਼ਿਸ਼ ਕੀਤੀ ਪਰ ਨਸ਼ਾ ਜ਼ਿਆਦਾ ਹੋਣ ਕਰ ਕੇ ਨੌਜਵਾਨ ਨੂੰ ਹੋਸ਼ ਨਹੀਂ ਆ ਸਕੀ। ਇਸ ਦੌਰਾਨ ਨੌਜਵਾਨਾਂ ਨੇ ਉਸ ਨੂੰ ਚੁੱਕ ਕੇ ਸੜਕ ਕਿਨਾਰੇ ਪਏ ਇਕ ਬੈਂਚ ਦੇ ਸਹਾਰੇ ਬਿਠਾ ਦਿੱਤਾ ਪਰ ਉਸ ਨੂੰ ਕੋਈ ਹੋਸ਼ ਨਹੀਂ ਸੀ, ਜਿਸ ਜਗ੍ਹਾ ਉਪਰ ਇਹ ਨੌਜਵਾਨ ਡਿੱਗਾ ਪਿਆ ਸੀ, ਉਸ ਸੜਕ ਦੇ ਨੇੜੇ ਸ਼ਰਾਬ ਦਾ ਇਕ ਠੇਕਾ ਵੀ ਖੁੱਲ੍ਹਾ ਹੋਇਆ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਸ ਨੌਜਵਾਨ ਨੇ ਗਰਮੀ ਦੇ ਮੌਸਮ ਵਿਚ ਜਾਂ ਤਾਂ ਠੇਕੇ ਤੋਂ ਲੈ ਕੇ ਸ਼ਰਾਬ ਜ਼ਿਆਦਾ ਪੀ ਲਈ ਹੈ ਜਾਂ ਫਿਰ ਇਸ ਨੇ ਕੋਈ ਹੋਰ ਨਸ਼ਾ ਕੀਤਾ ਹੋਇਆ ਹੈ, ਜਿਸ ਕਰ ਕੇ ਇਹ ਨੌਜਵਾਨ ਬੇਹੋਸ਼ੀ ਦੇ ਆਲਮ 'ਚ ਪਿਆ ਹੋਇਆ ਸੀ। ਨੇੜੇ ਖੜ੍ਹੇ ਲੋਕਾਂ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਕਰਨ ਲਈ ਸਰਕਾਰਾਂ, ਪ੍ਰਸ਼ਾਸਨ ਅਤੇ ਪੁਲਸ ਵਿਭਾਗ ਸਖਤੀ ਨਾਲ ਕਾਰਵਾਈ ਕਰੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਕਹਿਰ ਤੋਂ ਬਚਾਇਆ ਜਾ ਸਕੇ।
ਮਹਿੰਦਰਾ ਪਿਕਅੱਪ 'ਚੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਕਾਬੂ (ਵੀਡੀਓ)
NEXT STORY