ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਰਾਜਿੰਦਰ) : ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਮਾਝੇ ਦੇ ਇਤਿਹਾਸਕ ਕਸਬਾ ਝਬਾਲ ਤੋਂ ਤੰਦਰੁਸਤ ਤਰਨਤਾਰਨ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਇਸ ਮੁਹਿੰਮ ਦਾ ਉਦਾਘਟਨ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਵਧੀਕ ਡੀ. ਸੀ. ਪ੍ਰੋ. ਰਾਕੇਸ਼ ਕੁਮਾਰ ਅਤੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਵਲੋਂ ਕੀਤਾ ਗਿਆ। ਜਥੇਦਾਰ ਸਰਮੁੱਖ ਸਿੰਘ ਯਾਦਗਰੀ ਖੇਡ ਸਟੇਡੀਅਮ ਝਬਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਡਾ. ਸੰਦੀਪ ਰਿਸ਼ੀ ਦੀ ਅਗਵਾਈ ਹੇਠ ਕਰਵਾਏ ਗਏ ਜ਼ਿਲਾ ਪੱਧਰੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਇਸ ਮਿਸ਼ਨ ਦੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਤਰਨਤਾਰਨ ਨੂੰ ਸਾਫ-ਸੁਥਰਾ ਅਤੇ ਹਰੇ-ਭਰੇ ਜ਼ਿਲੇ ਵਜੋਂ ਸਥਾਪਤ ਕਰਨ ਦੇ ਨਾਲ ਨਸ਼ਾ ਮੁਕਤ ਜ਼ਿਲਾ ਬਨਾਉਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਿਸ਼ਨ ਤਹਿਤ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ-ਪਿੰਡ ਖੇਡ ਮੇਲੇ ਕਰਾਉਣ ਦੇ ਪ੍ਰੋਗਰਾਮ ਵੀ ਉਲੀਕੇ ਗਏ ਹਨ। ਉਨ੍ਹਾਂ ਨੇ ਜ਼ਿਲਾ ਤਰਨਤਾਰਨ ਦੇ ਵਾਸੀਆਂ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਤਰਨਤਾਰਨ ਜ਼ਿਲੇ ਨੂੰ ਪਵਿੱਤਰ ਨਗਰੀ ਦਾ ਦਰਜਾ ਦਿਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਜ਼ਿਲੇ ਦੇ 3 ਪਿੰਡ ਕਲੰਜਰ, ਮੱਸਤਗੜ੍ਹ ਅਤੇ ਮਨਾਵਾਂ ਨੂੰ ਨਸ਼ਾ ਮੁਕਤ ਪਿੰਡਾਂ ਵਜੋਂ ਐਲਾਨਿਆਂ ਗਿਆ ਹੈ। ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੀ ਅਣਥੱਕ ਮਿਹਨਤ ਸਦਕਾ ਜਿਸ ਤਰ੍ਹਾਂ ਜ਼ਿਲਾ ਤਰਨਤਾਰਨ ਨੂੰ 'ਬੇਟੀ ਬਚਾਓ, ਬੇਟੀ ਪੜਾਓ' ਮਿਸ਼ਨ 'ਚ ਕੇਂਦਰ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ, ਅਸੀਂ ਉਮੀਦ ਕਰਦੇ ਹਾਂ ਕਿ ਉਸੇ ਤਰ੍ਹਾਂ ਤੰਦਰੁਸਤ ਮਿਸ਼ਨ ਤਹਿਤ ਵੀ ਜ਼ਿਲਾ ਤਰਨਤਾਰਨ ਪੰਜਾਬ ਦਾ ਮੋਹਰੀ ਜ਼ਿਲਾ ਬਣੇਗਾ।
ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸਰਪੰਚ ਸੋਨੂੰ ਚੀਮਾ ਨੇ ਕਿਹਾ ਕਿ ਉਹ ਤੰਦਰੁਸਤ ਤਰਨਤਾਰਨ ਮਿਸ਼ਨ ਨੂੰ ਸਫਲ ਬਨਾਉਣ ਲਈ ਪ੍ਰਸ਼ਾਸਨ ਦਾ ਹਰ ਸੰਭਵ ਸਹਿਯੋਗ ਦੇਣਗੇ ਅਤੇ ਇਲਾਕੇ ਦੀਆਂ ਪੰਚਾਇਤਾਂ ਨੂੰ ਇਸ ਮਿਸ਼ਨ ਤਹਿਤ ਆਪਣੀ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਗੇ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਕਬੱਡੀ ਟੀਮਾਂ ਗੋਪੀ ਫਰੰਦੀਪੁਰੀਆ ਅਤੇ ਸੁਖਮਨ ਚੋਹਲਾ ਦੀਆਂ ਟੀਮਾਂ ਵਿਚਾਲੇ ਮੈਚ ਕਰਾਏ ਜਾਣ ਤੋਂ ਇਲਾਵਾ ਰੱਸਾਕਸ਼ੀ ਅਤੇ ਖੌ-ਖੌ ਆਦਿ ਖੇਡਾਂ ਵੀ ਕਰਾਈਆਂ ਗਈਆਂ। ਘਰ-ਘਰ ਹਰਿਆਲੀ ਤਹਿਤ ਡੀ.ਸੀ. ਪ੍ਰਦੀਪ ਕੁਮਾਰ ਸੱਭਰਵਾਲ, ਹਲਕਾ ਵਿਧਾਇਕ ਡਾ. ਅਗਨੀਹੋਤਰੀ ਅਤੇ ਸਰਪੰਚ ਸੋਨੂੰ ਚੀਮਾਂ ਵਲੋਂ ਸਟੇਡੀਅਮ 'ਚ ਬੂਟੇ ਵੀ ਲਗਾਏ ਗਏ, ਜਦਕਿ 2 ਹਜ਼ਾਰ ਬੂਟੇ ਵੰਡੇ ਵੀ ਗਏ। ਰਿਫਰੈਸ਼ਮੈਂਟ ਪ੍ਰੋਗਰਾਮ ਤਹਿਤ ਖਿਡਾਰੀਆਂ ਨੂੰ ਵਧੀਆ ਫਰੂਟ ਵੰਡੇ ਗਏ। ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਸਿਵਲ ਸਪਲਾਈ ਵਿਭਾਗ ਤਰਨਤਾਰਨ ਵਲੋਂ 1 ਹਜ਼ਾਰ ਮੁਫਤ ਗੈਸ ਕੁਨੈਕਸ਼ਨ ਵੀ ਲਾਭਪਾਤਰੀਆਂ ਨੂੰ ਤਕਸੀਮ ਕੀਤੇ ਗਏ।
ਡੇਪੋ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਨਹਿਰੂ ਯੂਵਾ ਕੇਂਦਰ ਤਰਨਤਾਰਨ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਗਿੱਲ ਦੀ ਅਗਵਾਈ ਵਾਲੀਆਂ ਟੀਮਾਂ ਵਲੋਂ ਪਿੰਡਾਂ ਅੰਦਰ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਤਿੰਨ ਹਜ਼ਾਰ ਨੌਜਵਾਨ ਓਟ ਸੈਂਟਰਾਂ 'ਚ ਦਵਾਈਆਂ ਲੈ ਰਹੇ ਹਨ, ਜੋ ਨਸ਼ਾ ਛੱਡਣ ਦਾ ਅਹਿਦ ਕਰ ਚੁੱਕੇ ਹਨ। ਜੂਨ 2018 ਤੱਕ ਇਹ ਅੰਕੜਾ 500 ਤੱਕ ਸੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ 'ਚ ਜ਼ਿਲਾ ਤਰਨਤਾਰਨ ਨੂੰ 100 ਫੀਸਦੀ ਨਸ਼ਾ ਮੁਕਤ ਕਰਨ ਦਾ ਅਹਿਦ ਪ੍ਰਸ਼ਾਸਨ ਵਲੋਂ ਲਿਆ ਗਿਆ ਹੈ ਜਿਸਨੂੰ ਪੂਰਾ ਕਰ ਲਿਆ ਜਾਵੇਗਾ। ਇਸ ਜ਼ਿਲਾ ਪੱਧਰੀ ਸਮਾਗਮ 'ਚ ਖੇਡਾਂ ਤੇ ਨਸ਼ਿਆਂ ਸਬੰਧੀ ਜਾਣਕਾਰੀ ਦੇਣ, ਰੁੱਖਾਂ ਦੀ ਦੇਖਭਾਲ ਤੇ ਹਰਿਆਲੀ ਸਬੰਧੀ ਸਟਾਲ ਵੀ ਲਾਏ ਗਏ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਹ ਮਿਸ਼ਨ ਇਕ ਪੰਦਰਵਾੜ੍ਹੇ ਵਜੋਂ ਚਲਾਇਆ ਗਿਆ ਹੈ ਅਤੇ 31 ਜੁਲਾਈ ਤੋਂ ਬਾਅਦ ਇਸ ਮਿਸ਼ਨ ਤਹਿਤ ਟੀਮਾਂ ਗਠਤ ਕਰਕੇ ਜ਼ਿਲੇ ਦੇ ਹਰ ਪਿੰਡ 'ਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਮਾਗਮ ਦੀ ਸਟੇਜ ਸੰਚਾਲਣ ਦੀ ਭੂਮਿਕਾ ਲੈਕਚਰਾਰ ਸੁਖਜੀਤ ਕੁਮਾਰ ਵਲੋਂ ਨਿਭਾਈ ਗਈ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਐੱਸ.ਡੀ.ਐੱਮ. ਮੈਡਮ ਅਮਨਦੀਪ ਕੌਰ, ਜ਼ਿਲਾ ਵਿਕਾਸ 'ਤੇ ਪੰਚਾਇਤ ਅਫਸਰ ਜਗਜੀਤ ਸਿੰਘ ਬੱਲ, ਬੀ.ਡੀ.ਪੀ.ਓ. ਤਰਨਤਾਰਨ ਗੁਰਪ੍ਰਤਾਪ ਸਿੰਘ ਗਿੱਲ ਆਦਿ ਸਮੇਤ ਸਮੂਹ ਵਿਭਾਗਾਂ ਦੇ ਮੁੱਖੀਆਂ ਵਲੋਂ ਸ਼ਿਰਕਤ ਕੀਤੀ ਗਈ
ਹਵਾਈ ਝੂਟਿਆਂ ਨੂੰ ਲੈ ਕੇ ਕੈਪਟਨ-ਬਾਦਲ 'ਤੇ ਵਰ੍ਹੇ ਖਹਿਰਾ (ਵੀਡੀਓ)
NEXT STORY