ਗੁਰਦਾਸਪੁਰ (ਵਿਨੋਦ, ਹਰਮਨਪ੍ਰੀਤ)— ਆਪਣੇ ਸਹੁਰੇ ਘਰ ਆਏ ਜਵਾਈ ਦੀ ਸ਼ੱਕੀ ਹਾਲਤ 'ਚ ਮੌਤ ਹੋਣ ਸਬੰਧੀ ਗੁਰਦਾਸਪੁਰ ਸਦਰ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਅਨੁਸਾਰ ਪੋਸਟਮਾਰਟਮ ਰਿਪੋਰਟ 'ਚ ਜਦ ਕੋਈ ਹੋਰ ਗੱਲ ਸਾਹਮਣੇ ਆਈ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਭਾਸ਼ ਚੰਦਰ ਪੁੱਤਰ ਈਸ਼ਰ ਦਾਸ ਨਿਵਾਸੀ ਸੁਜਾਨਪੁਰ ਦਾ ਵਿਆਹ ਅਨੀਤਾ ਨਿਵਾਸੀ ਪਿੰਡ ਜੀਵਨਵਾਲ ਬੱਬਰੀ ਦੇ ਨਾਲ ਕਾਫੀ ਸਮੇਂ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਲਗਭਗ 16 ਸਾਲ ਦੀ ਲੜਕੀ ਵੀ ਹੈ। ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕ ਦੀ ਲੜਕੀ ਮੁਨੀਸਾ ਪਿੰਡ ਜੀਵਨਵਾਲ ਬੱਬਰੀ 'ਚ ਆਪਣੀ ਨਾਨੀ ਪ੍ਰੀਤੋ ਕੋਲ ਰਹਿੰਦੀ ਹੈ ਅਤੇ ਡੀ. ਏ. ਵੀ. ਸਕੂਲ ਗੁਰਦਾਸਪੁਰ 'ਚ 12ਵੀਂ ਕਲਾਸ ਦੀ ਵਿਦਿਆਰਥਣ ਹੈ। ਮ੍ਰਿਤਕ ਆਪਣੀ ਪਤਨੀ ਨਾਲ ਕੁਝ ਦਿਨ ਪਹਿਲਾਂ ਆਪਣੀ ਲੜਕੀ ਨੂੰ ਮਿਲਣ ਲਈ ਪਿੰਡ ਜੀਵਨਵਾਲ ਬੱਬਰੀ ਆਏ ਹੋਏ ਸਨ। ਬੀਤੇ ਦਿਨ ਉਸ ਦੀ ਤਬੀਅਤ ਖਰਾਬ ਹੋਣ ਕਾਰਣ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਅਨੁਸਾਰ ਮ੍ਰਿਤਕ ਦੇ ਵਾਰਿਸ ਵੀ ਗੁਰਦਾਸਪੁਰ ਪਹੁੰਚ ਗਏ ਹਨ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਅਤੇ ਮ੍ਰਿਤਕ ਦੇ ਸਾਲਾ ਸੁਖਵਿੰਦਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਮੁਤਾਬਕ ਹੀ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵਲੋਂ 79 ਪਟਵਾਰੀਆਂ ਤੇ ਕਾਨੂੰਨਗੋ ਦੇ ਤਬਾਦਲੇ
NEXT STORY