ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ 2024 ਦੌਰਾਨ 70 ਫ਼ੀਸਦੀ ਵੋਟਿੰਗ ਦੇ ਟੀਚੇ ਨੂੰ ਪਾਰ ਕਰਨ ਲਈ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਵਿਚ ਜ਼ਿਲ੍ਹੇ ਦੇ ਲਗਭਗ 40 ਟਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਸਲਟੈਂਟਾਂ ਨੇ ਸਵੈ-ਇੱਛਾ ਨਾਲ 1 ਤੋਂ 7 ਜੂਨ ਤਕ ਫਲਾਈਟ ਟਿਕਟ ਦੀ ਬੁਕਿੰਗ ਦੇ ਸਰਵਿਸ ਚਾਰਜ ’ਤੇ 50 ਫ਼ੀਸਦੀ ਛੋਟ ਅਤੇ ਆਈਲੈੱਟਸ ਸੈਂਟਰਾਂ ਨੇ ਇਕ ਮਹੀਨੇ ਦੀ ਕੋਚਿੰਗ ਫ਼ੀਸ ਵਿਚ 50 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਲਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਇਕ ਬੈਠਕ ਦੌਰਾਨ ਮੁਹਿੰਮ ਵਿਚ ਸ਼ਾਮਲ ਹੋਣ ਲਈ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਆਈਲੈੱਟਸ ਸੈਂਟਰਾਂ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਇਸ ਮੁਹਿੰਮ ਨਾਲ ਜੁੜਨ ’ਤੇ ਧੰਨਵਾਦ ਕੀਤਾ, ਜਿਸ ਨਾਲ ਨੌਜਵਾਨ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਹੋਣਗੇ।
ਉੁਨ੍ਹਾਂ ਕਿਹਾ ਕਿ 1 ਜੂਨ ਨੂੰ ਵੋਟਿੰਗ ਤੋਂ ਬਾਅਦ ਉਂਗਲੀ ’ਤੇ ਸਿਆਹੀ ਦਾ ਨਿਸ਼ਾਨ ਵਿਖਾ ਕੇ 1 ਤੋਂ 7 ਜੂਨ ਤਕ ਚੋਣਵੇਂ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਆਈਲੈੱਟਸ ਸੈਂਟਰਾਂ ਤੋਂ ਇਹ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਹਿਮਾਂਸ਼ੂ ਅਗਰਵਾਲ ਨੇ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਆਈਲੈੱਟਸ ਸੈਂਟਰਾਂ ਨੂੰ ਵੋਟਿੰਗ ਜਾਗਰੂਕਤਾ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਆਈਲੈੱਟਸ ਸੈਂਟਰਾਂ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਥੇ ਪੜ੍ਹਨ ਵਾਲੇ ਅਜਿਹੇ ਵਿਦਿਆਰਥੀਆਂ ਨੂੰ ਵੋਟਿੰਗ ਲਈ ਉਤਸ਼ਾਹਿਤ ਕਰਨ, ਜਿਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਠੱਗੀ, ਸਿਵਲ ਹਸਪਤਾਲ ਦੇ SMO ਨਾਲ ਹੋਈ ਘਟਨਾ ਜਾਣ ਉੱਡਣਗੇ ਹੋਸ਼
ਉਨ੍ਹਾਂ ਕਿਹਾ ਕਿ 18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਵਿਅਕਤੀ, ਜਿਨ੍ਹਾਂ ਦੀ ਵੋਟ ਅਜੇ ਤਕ ਨਹੀਂ ਬਣੀ, ਉਹ 4 ਮਈ 2024 ਤਕ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਵੋਟ ਬਣਵਾਉਣ ਲਈ ਨਜ਼ਦੀਕੀ ਬੂਥ ਲੈਵਲ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਟਰੈਵਲ ਏਜੰਟਾਂ ਨੂੰ ਕਿਹਾ ਕਿ ਉਹ ਉਨ੍ਹਾਂ ਕੋਲ ਟਿਕਟ ਬੁਕਿੰਗ ਲਈ ਆਉਣ ਵਾਲੇ ਲੋਕਾਂ ਨੂੰ 1 ਜੂਨ ਤੋਂ ਬਾਅਦ ਟਿਕਟ ਬੁੱਕ ਕਰਨ ਲਈ ਉਤਸ਼ਾਹਤ ਕਰਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਹਿਲਾਂ ਸ਼ਹਿਰ ਦੇ ਹੋਟਲ/ਰੈਸਟੋਰੈਂਟ ਦੇ ਮਾਲਕਾਂ ਅਤੇ ਪ੍ਰਬੰਧਕਾਂ ਅਤੇ ਹੁਣ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਆਈਲੈੱਟਸ ਸੈਂਟਰਾਂ ਵੱਲੋਂ ਅੱਗੇ ਆ ਕੇ ਇਕ ਅਨੋਖੀ ਪਹਿਲ ਕੀਤੀ ਗਈ ਹੈ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਸਹਾਇਕ ਨੋਡਲ ਅਧਿਕਾਰੀ (ਸਵੀਪ) ਡਾ. ਸੁਰਜੀਤ ਲਾਲ, ਟਰੈਵਲ ਏਜੰਟ, ਇਮੀਗ੍ਰੇਸ਼ਨ ਕੰਸਲਟੈਂਟ ਅਤੇ ਆਈਲੈੱਟਸ ਸੈਂਟਰਾਂ ਦੇ ਪ੍ਰਬੰਧਕ ਅਤੇ ਮਾਲਕ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
JDA ਵੱਲੋਂ ਸੰਸਾਰਪੁਰ ਦੀ ਰਾਇਲ ਹੋਮਸ ਤੇ ਸੰਤੋਸ਼ ਐਨਕਲੇਵ ਕਾਲੋਨੀ ’ਤੇ ਕਾਰਵਾਈ ਦੀ ਪੂਰੀ ਤਿਆਰੀ
NEXT STORY