ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚੋਂ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਰੀ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਾਧ ਨੂੰ ਵਾਰ-ਵਾਰ ਪੈਰੋਲ ਮਿਲਣੀ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਇਹ ਕਿਆਸਰਾਈਆਂ ਲੱਗ ਰਹੀਆਂ ਸਨ ਕਿ ਸਰਕਾਰਾਂ ਅਤੇ ਕਾਨੂੰਨ ਉਸ ਦੇ ਹੱਕ ਵਿੱਚ ਭੁਗਤ ਰਹੇ ਹਨ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਬਲਾਤਕਾਰੀ ਅਤੇ ਕਾਤਲ ਸਾਧ ਹੈ ਜਿਸ ਨੂੰ ਕਾਨੂੰਨ ਨਾਲ ਖਿਲਵਾੜ ਕਰਦਿਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ, ਅਤੇ ਦੂਜੇ ਪਾਸੇ ਉਹ ਬੰਦੀ ਸਿੰਘ ਹਨ ਜੋ ਪਿਛਲੇ ਲਗਭਗ 32 ਸਾਲਾਂ ਤੋਂ ਧਰਮ ਦੀ ਖਾਤਰ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਅਫਸੋਸ ਜਤਾਇਆ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਿੱਖ ਕੈਦੀਆਂ ਨੂੰ ਨਾ ਪੈਰੋਲ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਰਿਹਾਅ ਕੀਤਾ ਜਾ ਰਿਹਾ ਹੈ।
ਉਨ੍ਹਾਂ ਭਾਰਤੀ ਲੋਕਤੰਤਰ ਵਿੱਚ ਨਿਆਂ ਦੇ ਦੋਹਰੇ ਮਾਪਦੰਡਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸੰਗੀਨ ਜ਼ੁਰਮਾਂ ਵਾਲੇ ਵਿਅਕਤੀ ਨੂੰ ਬਰੀ ਕਰਨਾ ਅਤੇ ਸਿੱਖਾਂ ਨਾਲ ਲਗਾਤਾਰ ਵਿਤਕਰਾ ਕਰਨਾ ਇਹ ਸਾਬਤ ਕਰਦਾ ਹੈ ਕਿ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹੈਰਾਨੀਜਨਕ ਹੈ ਅਤੇ ਸਿੱਖ ਕੌਮ ਦੇ ਮਨਾਂ ਵਿੱਚ ਬੇਗਾਨਗੀ ਦਾ ਅਹਿਸਾਸ ਹੋਰ ਗੂੜ੍ਹਾ ਕਰਦਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 7 ਹੋਰ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ
NEXT STORY