ਕੇਂਦਰ ਅਤੇ ਰਾਜ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਕਿੰਨੇ ਹੀ ਦਾਅਵੇ ਕਿਉਂ ਨਾ ਕਰਨ, ਤੱਥ ਇਹ ਹੈ ਕਿ ਭ੍ਰਿਸ਼ਟਾਚਾਰ ’ਤੇ ਪੂਰੀ ਤਰ੍ਹਾਂ ਨਕੇਲ ਕੱਸਣਾ ਅਜੇ ਮੁਸ਼ਕਲ ਨਜ਼ਰ ਆ ਰਿਹਾ ਹੈ। ਇਹ ਬੁਰਾਈ ਇਸ ਕਦਰ ਵਧ ਚੁੱਕੀ ਹੈ ਕਿ ਇਸ ’ਚ ਪਟਵਾਰੀ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਤੱਕ ਸ਼ਾਮਲ ਪਾਏ ਜਾ ਰਹੇ ਹਨ, ਜੋ ਪਿਛਲੇ ਸਿਰਫ 15 ਦਿਨਾਂ ਦੀਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :
* 4 ਅਪ੍ਰੈਲ, 2026 ਨੂੰ ‘ਦਿੱਲੀ’ ’ਚ ਸੀ. ਬੀ. ਆਈ. ਨੇ ਪੱਛਮ ਵਿਹਾਰ ਥਾਣੇ ਦੇ ਇਕ ਸਬ-ਇੰਸਪੈਕਟਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।
* 8 ਅਪ੍ਰੈਲ ਨੂੰ ‘ਰਾਨੀਪੇਟ’ (ਤਾਮਿਲਨਾਡੂ) ’ਚ ਸੀ. ਬੀ. ਆਈ. ਨੇ ਜੀ. ਐੱਸ. ਟੀ. ਦੇ ਸੁਪਰਿੰਟੈਂਡੈਂਟ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਉਸ ਨੇ ‘ਟ੍ਰੈਪ ਟੀਮ’ ਨੂੰ ਦੇਖ ਕੇ ਰਿਸ਼ਵਤ ਦੀ ਰਕਮ ਟਾਇਲਟ ਦੇ ਕਮੋਡ ’ਚ ਲੁਕਾ ਦਿੱਤੀ ਸੀ।
* 11 ਅਪ੍ਰੈਲ ਨੂੰ ‘ਬੇਲਗਾਵੀ’ (ਕਰਨਾਟਕ) ਦੇ ਲੋਕ ਆਯੁਕਤ ਨੇ ‘ਜ਼ਿਲਾ ਸ਼ਹਿਰੀ ਵਿਕਾਸ ਵਿਭਾਗ’ ਦੇ ਇਕ ਸਹਾਇਕ ਇੰਜੀਨੀਅਰ ‘ਅਜੇ ਸਿੰਘ’ ਦੇ ਬੇਲਗਾਵੀ ’ਚ ਸਥਿਤ ਵੱਖ-ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 14 ਕਰੋੜ ਰੁਪਏ ਮੁੱਲ ਦੀ ਆਮਦਨ ਦੇ ਜਾਣੇ ਜਾਂਦੇ ਸਰੋਤਾਂ ਤੋਂ ਵੱਧ ਗੈਰ-ਕਾਨੂੰਨੀ ਤਰੀਕਿਆਂ ਨਾਲ ਇਕੱਠੀ ਕੀਤੀ ਜਾਇਦਾਦ ਜ਼ਬਤ ਕੀਤੀ।
* 13 ਅਪ੍ਰੈਲ ਨੂੰ ‘ਪੰਜਾਬ ਵਿਜੀਲੈਂਸ ਬਿਊਰੋ’ ਨੇ ‘ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ’ ਲੁਧਿਆਣਾ ’ਚ ਤਾਇਨਾਤ ‘ਸੀਡ ਸਰਟੀਫਿਕੇਸ਼ਨ ਅਧਿਕਾਰੀ’ ‘ਅੰਮ੍ਰਿਤਪਾਲ ਸਿੰਘ’ ਨੂੰ 50,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।
* 16 ਅਪ੍ਰੈਲ ਨੂੰ ‘ਪਾਇਲ’ (ਜ਼ਿਲਾ ਲੁਧਿਆਣਾ) ’ਚ ਤਾਇਨਾਤ ਪਟਵਾਰੀ ‘ਹਰਵਿੰਦਰ ਸਿੰਘ’ ਨੂੰ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੇ ਇੰਤਕਾਲ ’ਚ ਸੋਧ ਕਰਨ ਦੇ ਬਦਲੇ ’ਚ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ਹੀ ‘ਬਲਾਚੌਰ’ (ਪੰਜਾਬ) ਦੇ ਸਰਕਲ ‘ਕਾਠਗੜ੍ਹ’ ’ਚ ਤਾਇਨਾਤ ਕਾਨੂੰਨਗੋ ‘ਰਮਨ ਕੁਮਾਰ’ ਨੂੰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ 33,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ। ਮੁਲਜ਼ਮ ਨੇ 15,000 ਰੁਪਏ ਨਕਦ ਅਤੇ 18,000 ਰੁਪਏ ਆਨਲਾਈਨ ਕਿਊ. ਆਰ. ਕੋਡ ਰਾਹੀਂ ਪ੍ਰਾਪਤ ਕੀਤੇ।
* 16 ਅਪ੍ਰੈਲ ਨੂੰ ਹੀ ‘ਲੁਧਿਆਣਾ’ ਦੇ ‘ਅਜੀਤਸਰ ਮੋਹੀ’ ਸਥਿਤ ‘ਖਾਲਸਾ ਸੀਨੀਅਰ ਸੈਕੰਡਰੀ ਸਕੂਲ’ ਦੇ ਪ੍ਰਿੰਸੀਪਲ ‘ਗੁਰਮੀਤ ਸਿੰਘ’ ਨੂੰ 6,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 16 ਅਪ੍ਰੈਲ ਨੂੰ ਹੀ ‘ਨੂਹ’ (ਹਰਿਆਣਾ) ’ਚ ਐਂਟੀ ਕਰੱਪਸ਼ਨ ਬਿਊਰੋ ਨੇ ਬਲਾਕ ਖੇਤੀਬਾੜੀ ਅਧਿਕਾਰੀ ‘ਸੁਨੀਲ ਕੁਮਾਰ’ ਅਤੇ ਖੇਤੀਬਾੜੀ ਸੁਪਰਵਾਈਜ਼ਰ ‘ਪੰਕਜ’ ਨੂੰ ਇਕ ਕਿਸਾਨ ਤੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ਹੀ ‘ਕਲਿਆਣ’ (ਮਹਾਰਾਸ਼ਟਰ) ’ਚ ਵਣ ਵਿਭਾਗ ਦੇ 2 ਅਧਿਕਾਰੀਆਂ ‘ਵਿਲਾਸ ਸ਼ਿਵਾਜੀ ਸਾਨਪ’ (ਫਾਰੈਸਟਰ) ਅਤੇ ‘ਰੇਖਾ ਗਾਇਕਵਾੜ’ (ਫਾਰੈਸਟ ਗਾਰਡ) ਨੂੰ ਪੈਟਰੋਲ ਪੰਪ ਲਈ ਐੱਨ. ਓ. ਸੀ. ਜਾਰੀ ਕਰਨ ਦੇ ਬਦਲੇ ’ਚ 25,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
* 16 ਅਪ੍ਰੈਲ ਨੂੰ ਹੀ ‘ਮਹਾਸਮੁੰਦ’ (ਛੱਤੀਸਗੜ੍ਹ) ’ਚ ‘ਬੇਮਚਾ’ ਪਿੰਡ ਦੇ ਸਰਪੰਚ ‘ਦੇਵੇਂਦਰ ਚੰਦਰਾਕਰ’ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
* 16 ਅਪ੍ਰੈਲ ਨੂੰ ਹੀ ‘ਪੂਰਨੀਆ’ (ਬਿਹਾਰ) ’ਚ ਅਧਿਕਾਰੀਆਂ ਨੇ ‘ਬਿਹਾਰ ਸਿੱਖਿਆ ਪ੍ਰਾਜੈਕਟ’ ਦੇ ਸਹਾਇਕ ਇੰਜੀਨੀਅਰ ‘ਭੂਸ਼ਣ ਪ੍ਰਸਾਦ’ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 17 ਅਪ੍ਰੈਲ ਨੂੰ ‘ਕਰੌਲੀ’ (ਰਾਜਸਥਾਨ) ’ਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ‘ਨਾਦੌਤੀ’ ਦੀ ਐੱਸ. ਡੀ. ਐੱਮ. ‘ਕਾਜਲ ਮੀਣਾ’ ਨੂੰ ਸ਼ਿਕਾਇਤਕਰਤਾ ਦੇ ਜ਼ਮੀਨੀ ਵਿਵਾਦ ਦੇ ਨਿਪਟਾਰੇ ਲਈ 60,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 17 ਅਪ੍ਰੈਲ ਨੂੰ ਹੀ ‘ਪੂਰਨੀਆ’ (ਬਿਹਾਰ) ’ਚ ਅਧਿਕਾਰੀਆਂ ਨੇ ਮਾਲ ਕਰਮਚਾਰੀ ‘ਲਾਲ ਬਾਬੂ ਰਜਕ’ ਅਤੇ ‘ਰੂਬੀ ਕੁੰਡੂ’ ਨੂੰ ਜ਼ਮੀਨ ਦੇ ਕਾਗਜ਼ਾਤ ਸੁਧਾਰਨ ਦੇ ਬਦਲੇ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 17 ਅਪ੍ਰੈਲ ਨੂੰ ਹੀ ‘ਕਾਮਾਰੈੱਡੀ’ (ਤੇਲੰਗਾਨਾ) ’ਚ ਅਧਿਕਾਰੀਆਂ ਨੇ ਆਬਕਾਰੀ ਇੰਸਪੈਕਟਰ ‘ਦੀਨੂ ਸਤਿਆਨਾਰਾਇਣ’ ਨੂੰ ਕੁਝ ਦੁਕਾਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚਲਾਉਣ ਦੀ ਇਜਾਜ਼ਤ ਦੇਣ ਦੇ ਬਦਲੇ 2 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
ਉਕਤ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਭ੍ਰਿਸ਼ਟਾਚਾਰ ਦਾ ਰੋਗ ਕਿਸੇ ਇਕ ਸਥਾਨ ਤੱਕ ਸੀਮਤ ਨਾ ਰਹਿ ਕੇ ਦੇਸ਼ ਵਿਆਪੀ ਬਣ ਗਿਆ ਹੈ ਅਤੇ ਸਾਰੇ ਪੱਧਰਾਂ ’ਤੇ ਨੌਕਰਸ਼ਾਹੀ ਕਿੰਨੀ ਜ਼ਿਆਦਾ ਭ੍ਰਿਸ਼ਟ ਹੋ ਚੁੱਕੀ ਹੈ। ਇਸ ਲਈ ਦੇਸ਼ ’ਚ ਸਾਰੇ ਪੱਧਰਾਂ ’ਤੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ।
—ਵਿਜੇ ਕੁਮਾਰ
ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
NEXT STORY