ਬਟਾਲਾ (ਸਾਹਿਲ) : ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਜਿਸ ਨੂੰ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ, ਇਕ ਮੌਕਾਪ੍ਰਸਤ ਲੀਡਰ ਹੈ। ਸਿੱਧੂ ਨੇ ਅਕਾਲੀ ਦਲ ’ਚ ਰਹਿੰਦਿਆਂ ਹਮੇਸ਼ਾ ਕਾਂਗਰਸ ਦਾ ਵਿਰੋਧ ਕੀਤਾ ਅਤੇ ਹੁਣ ਕਾਂਗਰਸ ’ਚ ਕਾਂਗਰਸ ਦੇ ਗੁਣ ਗਾ ਰਿਹਾ ਹੈ ਤੇ ਉਸ ਦੀ ਕਿਸੇ ਵੀ ਸਿਆਸੀ ਪਾਰਟੀ ’ਚ ਮਿਆਦ ਸਿਰਫ ਦੋ ਤੋਂ ਢਾਈ ਸਾਲ ਤੱਕ ਹੈ। ਅਜਿਹੇ ਮੌਕਾਪ੍ਰਸਤ ਲੀਡਰਾਂ ਲਈ ਸਿਆਸਤ ’ਚ ਕੋਈ ਥਾਂ ਨਹੀਂ ਹੋਣੀ ਚਾਹੀਦੀ । ਇਹ ਗੱਲ ਬਟਾਲਾ ਦੇ ਅਰਬਨ ਅਸਟੇਟ ਸਥਿਤ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੀ ਕੋਠੀ ਵਿਖੇ ਭਰਵੀਂ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ’ਤੇ ਸਿਆਸੀ ਵਾਰ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਹੀ।
ਇਹ ਵੀ ਪੜ੍ਹੋ : ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਨਵਜੋਤ ਸਿੱਧੂ, ਬੱਸ ਹਾਦਸੇ ਦੇ ਪੀੜਤਾਂ ਦਾ ਜਾਣਿਆ ਹਾਲ
ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਿਰੇ ਨਹੀਂ ਚੜ੍ਹਾਇਆ, ਜਿਸ ਦਾ ਫ਼ੈਸਲਾ ਹੁਣ ਆਉਣ ਵਾਲੇ ਸਮੇਂ ’ਚ ਸੂਬਾ ਪੰਜਾਬ ਦੀ ਜਨਤਾ ਮੌਜੂਦਾ ਕਾਂਗਰਸ ਸਰਕਾਰ ਨੂੰ ਬਾਹਰ ਰਸਤਾ ਦਿਖਾ ਕੇ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਜਨਤਾ ਨੂੰ ਬਿਜਲੀ ਕੱਟਾਂ ਤੇ ਬਿਜਲੀ ਬਿੱਲਾਂ ਦੀ ਮਾਰ ਪੈ ਰਹੀ ਹੈ, ਜਦਕਿ ਝੋਨੇ ਦੇ ਖੇਤਾਂ ਨੂੰ ਪਾਣੀ ਲਗਾਉਣ ਦੇ ਸਮੇਂ ਕਿਸਾਨ ਹੁਣ ਸੜਕਾਂ ’ਤੇ ਰੁਲ ਰਿਹਾ ਹੈ। ਇੰਡਸਟਰੀ ਨੂੰ ਵੀ 5 ਰੁਪਏ ਪ੍ਰਤੀ ਯੂਨਿਟ ਬਿਜਲੀ ਤੱਕ ਮੁਹੱਈਆ ਨਹੀਂ ਕਰਵਾਈ ਜਾ ਰਹੀ। ਅਕਾਲੀ ਦਲ ਬਾਦਲ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜੁਆਬ ’ਚ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਈ ਸਾਰੇ ਵਰਕਰ ਸਤਿਕਾਰਯੋਗ ਹਨ ਅਤੇ ਕਈ ਥਾਵਾਂ ’ਤੇ ਦਾਅਵੇਦਾਰ ਜ਼ਿਆਦਾ ਹੋਣ ਕਰਕੇ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਜਿੱਤਣ ਵਾਲੇ ਉਮੀਦਵਾਰ ਨੂੰ ਪਾਰਟੀ ਹਾਈਕਮਾਂਡ ਵਲੋਂ ਟਿਕਟ ਦੇ ਕੇ ਨਿਵਾਜਿਆ ਜਾਵੇਗਾ ਤਾਂ ਜੋ ਅਕਾਲੀ ਦਲ-ਬਸਪਾ ਗੱਠਜੋੜ ਦੀ ਪੰਜਾਬ ’ਚ ਸਰਕਾਰ ਬਣਨ ’ਤੇ ਪੰਜਾਬੀਆਂ ਨੂੰ ਇਨਸਾਫ ਦਿਵਾਇਆ ਜਾ ਸਕੇ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਮੀਂਹ ਨੇ ਮਚਾਈ ਤਬਾਹੀ, ਕੋਰੋਨਾ ਹਸਪਤਾਲ ’ਚ ਪਾਣੀ ਵੜਨ ਨਾਲ 8 ਮਰੀਜ਼ਾਂ ਦੀ ਗਈ ਜਾਨ
ਹਲਕਾ ਸ੍ਰੀ ਹਰਗੋਬਿੰਦਪੁਰ ’ਚ ਉਮੀਦਵਾਰ ਨਾ ਐਲਾਨੇ ਜਾਣ ਸਬੰਧੀ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਬਲਬੀਰ ਸਿੰਘ ਬਾਠ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਜੇਤੂ ਰਹੇ ਸਨ ਅਤੇ ਕੈਪਟਨ ਬਾਠ ਦੀ ਸਲਾਹ ਨਾਲ ਹੀ ਹਲਕਾ ਸ੍ਰੀ ਹਰਗੋਬਿੰਦਪੁਰ ’ਚ ਅਕਾਲੀ ਹਾਈਕਮਾਂਡ ਆਪਣਾ ਉਮੀਦਵਾਰ ਐਲਾਨੇਗੀ। ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਅਕਾਲੀ ਲੀਡਰ ਰਾਜਨਬੀਰ ਸਿੰਘ ਘੁਮਾਣ ਦੀ ਪਾਰਟੀ ਪ੍ਰਤੀ ਕੰਮਾਂ ਨੂੰ ਲੈ ਕੇ ਕਾਰਜਸ਼ੈਲੀ ਤੋਂ ਉਹ ਕਾਫੀ ਪ੍ਰਭਾਵਿਤ ਹਨ, ਜਿਸ ਨੂੰ ਅਕਾਲੀ ਹਾਈਕਮਾਂਡ ਅੱਗੇ ਰੱਖਣਗੇ ਪਰ ਬਾਕੀ ਅੰਤਿਮ ਫੈਸਲਾ ਹਾਈਕਮਾਂਡ ਦਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਕੈਬਨਿਟ ਮੰਤਰੀ ਪੰਜਾਬ, ਲਖਬੀਰ ਸਿੰਘ ਲੋਧੀਨੰਗਲ ਵਿਧਾਇਕ ਬਟਾਲਾ, ਤਰਲੋਕ ਸਿੰਘ ਲਾਡੀ ਬਾਠ ਸਾਬਕਾ ਚੇਅਰਮੈਨ, ਰਾਜਨਬੀਰ ਸਿੰਘ ਘੁਮਾਣ ਸੀਨੀਅਰ ਅਕਾਲੀ ਆਗੂ ਸ੍ਰੀ ਹਰਗੋਬਿੰਦਪੁਰ, ਗੁਰਜੀਤ ਸਿੰਘ ਬਿਜਲੀਵਾਲ ਜ਼ਿਲਾ ਯੂਥ ਪ੍ਰਧਾਨ ਸ਼ਹਿਰੀ ਅਕਾਲੀ ਦਲ, ਬਲਬੀਰ ਸਿੰਘ ਬਿੱਟੂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਰਜਿੰਦਰ ਸਿੰਘ ਰਾਜਾ ਚੌਧਰੀਵਾਲ ਆਦਿ ਹਾਜ਼ਰ ਸਨ।
84 ਸਾਲਾ ਬਜ਼ੁਰਗ ਨੂੰ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰਨ ਵਾਲੇ ਨੂੰ ਗੁਰਦਾਸਪੁਰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
NEXT STORY