ਅੰਮ੍ਰਿਤਸਰ, (ਦਲਜੀਤ)- ਮੈਡੀਕਲ ਕਾਲਜ ਪ੍ਰਸ਼ਾਸਨ ਵੱਲੋਂ ਰੈਗਿੰਗ ਦੇ ਦੋਸ਼ ’ਚ ਐੱਮ. ਬੀ. ਬੀ. ਐੱਸ. ਦੂਸਰਾ ਸਾਲ ਦੇ 3 ਵਿਦਿਆਰਥੀਅਾਂ ਨੂੰ ਹੋਸਟਲ ’ਚੋਂ ਕੱਢ ਦਿੱਤਾ ਗਿਆ ਹੈ। ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਅਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦ ਕੇ ਵੀ ਘਟਨਾ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਕਾਲਜ ਪ੍ਰਸ਼ਾਸਨ ਨੇ ਇਹ ਕਾਰਵਾਈ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਨਿਰਦੇਸ਼ਾਂ ’ਤੇ ਕੀਤੀ।
ਜਾਣਕਾਰੀ ਅਨੁਸਾਰ ਕਾਲਜ ਪ੍ਰਸ਼ਾਸਨ ਵੱਲੋਂ ਰੈਗਿੰਗ ਨੂੰ ਰੋਕਣ ਲਈ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਹੈ। ਐੱਮ. ਬੀ. ਬੀ. ਐੱਸ. ਪਹਿਲੇ ਸਾਲ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਐਂਟੀ-ਰੈਗਿੰਗ ਹੈਲਪਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨਾਲ ਕਾਲਜ ’ਚ ਰੈਗਿੰਗ ਕੀਤੀ ਜਾ ਰਹੀ ਹੈ। ਇਸ ਸ਼ਿਕਾਇਤ ’ਚ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦਾ ਨਾਂ ਲਿਆ ਗਿਆ ਸੀ। ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਇਹ ਲੋਕ ਰਾਤ ਨੂੰ ਰੈਗਿੰਗ ਕਰਦੇ ਹਨ। ਰਾਤ 1 ਵਜੇ ਤੱਕ ਉਨ੍ਹਾਂ ਨੂੰ ਸੌਣ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦੀ ਕਲਾਸ ਲਾਈ ਜਾਂਦੀ ਹੈ। ਇਹੀ ਸ਼ਿਕਾਇਤ ਵਿਦਿਆਰਥੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਵੀ ਕਰ ਦਿੱਤੀ ਸੀ।
ਉਥੇ ਹੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਨੂੰ ਸੁਨੇਹਾ ਆਇਆ ਕਿ ਇਸ ’ਤੇ ਕਾਰਵਾਈ ਕਰ ਕੇ ਜਵਾਬ ਦਿੱਤਾ ਜਾਵੇ। ਇਸ ’ਤੇ ਐਂਟੀ-ਰੈਗਿੰਗ ਕਮੇਟੀ ਦੇ ਮੈਂਬਰਾਂ ਨੇ ਕਾਲਜ ਦੇ ਵਿਦਿਆਰਥੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ। ਰਾਤ ਨੂੰ ਹੋਸਟਲ ਵਿਚ ਜਾ ਕੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ, ਤਦ ਬੱਚਿਆਂ ਨੇ ਇਨ੍ਹਾਂ ਤਿੰਨਾਂ ਦਾ ਨਾਂ ਲੈ ਦਿੱਤਾ। ਮੈਡੀਕਲ ਕਾਲਜ ਵਿਚ ਐਂਟੀ-ਰੈਗਿੰਗ ਕਮੇਟੀ ਦੀ ਚੇਅਰਪਰਸਨ ਅਤੇ ਵਾਈਸ ਪ੍ਰਿੰਸੀਪਲ ਡਾ. ਵੀਨਾ ਚਤਰਥ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਰੈਗਿੰਗ ਵਿਚ ਸ਼ਾਮਿਲ ਪਾਇਆ ਗਿਆ ਸੀ। ਫਿਲਹਾਲ ਉਨ੍ਹਾਂ ਨੂੰ 7 ਨਵੰਬਰ ਤੱਕ ਹੋਸਟਲ ’ਚੋਂ ਕੱਢ ਦਿੱਤਾ ਗਿਆ ਹੈ, ਨਾਲ ਹੀ ਉਨ੍ਹਾਂ ’ਤੇ ਰੋਕ ਲਾ ਦਿੱਤੀ ਗਈ ਹੈ ਕਿ ਉਹ ਮੈੱਸ ਵਿਚ ਖਾਣਾ ਖਾਣ ਨਹੀਂ ਆਉਣਗੇ।
ਐੱਸ.ਜੀ.ਪੀ.ਸੀ ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤੀ ਤੇਜ਼ (ਵੀਡੀਓ)
NEXT STORY