ਤਰਨ ਤਾਰਨ/ਚੋਹਲਾ ਸਾਹਿਬ, (ਰਾਕੇਸ਼ ਨਈਅਰ) : ਸਰਕਾਰ ਵੱਲੋਂ ਰਾਜ ਭਰ ਦੇ ਨੋਜਵਾਨਾਂ ਦੀ ਜ਼ਿੰਦਗੀ ਦੀ ਬਿਹਤਰੀ ਲਈ 13 ਫਰਵਰੀ ਤੋਂ 22 ਫਰਵਰੀ ਤੱਕ ਸਾਰੇ ਜ਼ਿਲ੍ਹਿਆਂ 'ਚ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿੰਨਾਂ 'ਚ 1,13,011 ਨੌਕਰੀਆਂ ਲਈ ਇੰਟਰਵਿਊ ਲਏ ਜਾਣਗੇ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ 'ਘਰ-ਘਰ ਰੋਜ਼ਗਾਰ' ਤਹਿਤ ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲਾ 14 ਫਰਵਰੀ ਨੂੰ ਹਲਕਾ ਤਰਨ ਤਾਰਨ, 15 ਫਰਵਰੀ ਨੂੰ ਹਲਕਾ ਪੱਟੀ, 18 ਫਰਵਰੀ ਨੂੰ ਹਲਕਾ ਖੇਮਕਰਨ ਅਤੇ 21 ਫਰਵਰੀ ਨੂੰ ਹਲਕਾ ਖਡੂਰ ਸਾਹਿਬ ਦੇ ਉਮੀਦਵਾਰਾਂ ਵਾਸਤੇ ਮਾਈ ਭਾਗੋ ਕਾਲਜ ਆਫ ਨਰਸਿੰਗ (ਸੇਰੋ) ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸੈਕਟਰ 'ਚ ਨੌਜਵਾਨ ਲੜਕਿਆਂ ਅਤੇ ਲੜਕੀਆਂ ਦੀ ਭਰਤੀ ਲਈ ਰੋਜ਼ਗਾਰ ਮੇਲੇ ਰਾਜ ਭਰ 'ਚ ਆਯੋਜਿਤ ਕੀਤੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਪ੍ਰਸਿੱਧ ਉਦਯੋਗਿਕ ਅਤੇ ਵਪਾਰਕ ਕੰਪਨੀਆਂ ਦੇਣ ਨਾਲ-ਨਾਲ ਸਥਾਨਕ ਕੰਪਨੀਆਂ ਵੀ ਇੰਟਰਵਿਊ ਕਰਨਗੀਆਂ । ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਵਿਚ 63 ਦੇ ਕਰੀਬ ਕੰਪਨੀਆਂ/ਅਦਾਰੇ ਸਮੂਲੀਅਤ ਕਰ ਰਹੀਆਂ ਹਨ । ਉਹਨਾਂ ਦੱਸਿਆ ਕਿ 2289 ਦੇ ਕਰੀਬ ਨੌਕਰੀਆਂ ਲਈ ਅੱਠਵੀ ਪਾਸ ਤੋ ਲੈ ਕੇ ਗ੍ਰੈਜੂਏਟ, ਮੈਡੀਕਲ ਸਿੱਖਿਆ, ਤਕਨੀਕੀ ਸਿੱਖਿਆ ਨਾਲ ਸਬੰਧਤ ਕਿੱਤਿਆਂ ਤੇ ਸਿੱਖਿਆ ਦੇ ਖੇਤਰ 'ਚ ਪ੍ਰਾਰਥੀਆਂ ਦੀ ਇੰਟਰਵਿਊ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਆਫਰ ਲੈਟਰ ਦਿੱਤੇ ਜਾਣਗੇ।
ਇਸ ਸਬੰਧੀ ਸੂਚਨਾ ਘਰ-ਘਰ ਰੋਜ਼ਗਾਰ ਪੋਰਟਲ 'ਤੇ ਅਪਲੋਡ ਕੀਤੀ ਜਾ ਰਹੀ ਹੈ। ਚਾਹਵਾਨ ਪ੍ਰਾਰਥੀ ਜੋ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ 'ਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਪਣੀ ਰਜਿਸਟ੍ਰੇਸ਼ਨ ਘਰ -ਘਰ ਰੋਜ਼ਗਾਰ ਪੋਰਟਲ 'ਤੇ ਕਰਵਾਉਣ ਤੇ ਮੇਲੇ 'ਚ ਹਿੱਸਾ ਲੈਣ ਲਈ ਹਾਲ ਟਿਕਟ ਜਨਰੇਟ ਕਰ ਲੈਣ। ਜਿੰਨ੍ਹਾ ਪ੍ਰਾਰਥੀਆਂ ਨੇ ਪਹਿਲਾ ਹੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ, ਉਨ੍ਹਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀ ਪਰ ਉਹ ਆਪਣੀ ਹਾਲ ਟਿਕਟ ਜਨਰੇਟ ਕਰ ਲੈਣ ਤਾਂ ਜੋ ਆਪਣੀ ਮਨਪਸੰਦ ਕੰਪਨੀ 'ਚ ਇੰਟਰਵਿਊ ਦੇ ਸਕਣ। ਉਨ੍ਹਾਂ ਦੱਸਿਆ ਕਿ ਜੋ ਪ੍ਰਾਰਥੀ ਕਿਸੇ ਕਾਰਨ ਕਰਕੇ ਆਪਣੀ ਹਾਲ ਟਿਕਟ ਜਨਰੇਟ ਨਹੀ ਕਰ ਸਕੇ ਉਹ ਪ੍ਰਾਰਥੀ ਵੀ ਮੌਕੇ 'ਤੇ ਹੀ ਪੀ-1 ਫਾਰਮ ਭਰ ਕੇ ਮੇਲੇ 'ਚ ਹਿੱਸਾ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓੂਰੋ ਤਰਨ ਤਾਰਨ ਵਿਖੇ ਇਸ ਸਬੰਧੀ ਰਜਿਸਟ੍ਰੇਸ਼ਨ ਕਾਊਂਟਰ ਬਣਾਏ ਗਏ ਹਨ, ਪ੍ਰਾਰਥੀ ਉੱਥੇ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਹਾਲ ਟਿਕਟ ਜਨਰੇਟ ਕਰ ਸਕਦੇ ਹਨ। ਇਨ੍ਹਾਂ ਮੇਲਿਆਂ 'ਚ ਸਵੈ-ਰੋਜ਼ਗਾਰ ਨਾਲ ਸਬੰਧਤ ਕੰਮ ਕਰਨ ਵਾਲੇ ਪ੍ਰਾਰਥੀਆਂ ਲਈ ਲੋਨ ਸਹੂਲਤਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਨੇ ਅਪੀਲ ਕਿ ਵੱਧ ਤੋਂ ਵੱਧ ਉਮੀਦਵਾਰ ਇਨ੍ਹਾਂ ਮੇਲਿਆਂ 'ਚ ਹਿੱਸਾ ਲੈ ਕੇ ਇਸ ਦਾ ਲਾਭ ਉਠਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓੂਰੋ ਤਰਨ ਤਾਰਨ ਵਿਖੇ ਸੰਪਰਕ ਕਰ ਸਕਦੇ ਹਨ।
ਪੱਖੋਕੇ 'ਤੇ ਲੱਗੇ ਕਾਂਗਰਸੀ ਸਰਪੰਚ 'ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼
NEXT STORY