ਸੁਜਾਨਪੁਰ- ਪਠਾਨਕੋਟ ਵਿੱਚ ਪੈਂਦੇ ਸੁਜਾਨਪੁਰ ਦੇ ਅਧੀਨ ਆਉਂਦੇ ਪਿੰਡ ਬਹੇੜੀਆ ਵਿੱਚ ਵੀਰਵਾਰ ਸਵੇਰੇ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਨੇ 13 ਪਰਿਵਾਰਾਂ ਨੂੰ ਬੇਘਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਕਈ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਜਿਸ ਵਿੱਚ ਗਰੀਬ ਪਰਿਵਾਰਾਂ ਦਾ ਘਰੇਲੂ ਸਾਮਾਨ, ਰਾਸ਼ਨ ਅਤੇ ਮਿਹਨਤ ਦੀ ਕਮਾਈ ਪਲਾਂ ਵਿੱਚ ਹੀ ਸੜ ਗਿਆ।
ਜਾਣਕਾਰੀ ਮੁਤਾਬਕ, ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਜ਼ਿਆਦਾਤਰ ਮਜ਼ਦੂਰ ਆਪਣੇ ਰੋਜ਼ਾਨਾ ਦੇ ਕੰਮਾਂ 'ਤੇ ਗਏ ਹੋਏ ਸਨ, ਜਿਸ ਕਾਰਨ ਝੁੱਗੀਆਂ ਖਾਲੀ ਸਨ। ਚਸ਼ਮਦੀਦਾਂ ਅਨੁਸਾਰ, ਅਚਾਨਕ ਇੱਕ ਝੁੱਗੀ ਵਿੱਚੋਂ ਉੱਠੀਆਂ ਲਪਟਾਂ ਨੇ ਸੁੱਕੀਆਂ ਲੱਕੜਾਂ ਅਤੇ ਤਿਰਪਾਲ ਕਾਰਨ ਤੇਜ਼ੀ ਨਾਲ ਪੂਰੀ ਬਸਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਹਵਾਵਾਂ ਨੇ ਅੱਗ ਨੂੰ ਬੁਝਾਉਣਾ ਹੋਰ ਵੀ ਮੁਸ਼ਕਲ ਕਰ ਦਿੱਤਾ।
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪੀੜਤ ਮਜ਼ਦੂਰਾਂ— ਰਾਮ ਲਖਨ, ਮੁਨਾ ਲਾਲ, ਸੋਮਵਤੀ, ਕਾਂਤੀ, ਦਵਿੰਦਰ ਸਿੰਘ ਅਤੇ ਰੂਪਲਾਲ ਨੇ ਦੱਸਿਆ ਕਿ ਇਸ ਅੱਗ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਦੇ ਕੱਪੜੇ, ਬਰਤਨ, ਗਹਿਣੇ, ਰਾਸ਼ਨ ਅਤੇ ਜ਼ਰੂਰੀ ਨਕਦੀ ਸਭ ਕੁਝ ਸੜ ਗਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਦੀ ਆਵਾਜਾਈ ਦੇ ਸਾਧਨ 3 ਮੋਟਰਸਾਈਕਲ ਵੀ ਇਸ ਅਗਨੀਕਾਂਡ ਦੀ ਭੇਟ ਚੜ੍ਹ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਮਿੱਟੀ ਅਤੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਕੁਝ ਸੁਆਹ ਹੋ ਚੁੱਕਾ ਸੀ। ਹੁਣ ਇਨ੍ਹਾਂ ਪਰਿਵਾਰਾਂ ਸਾਹਮਣੇ ਰੋਟੀ ਅਤੇ ਸਿਰ ਲੁਕਾਉਣ ਲਈ ਛੱਤ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।
ਅੱਗ ਲੱਗਣ ਨਾਲ ਗੁੱਜਰ ਦੀਆਂ 200 ਗੱਠਾਂ ਪਰਾਲੀ ਸੜ ਕੇ ਹੋਈਆਂ ਸੁਆਹ, 2 ਲੱਖ ਤੋਂ ਵੱਧ ਹੋਇਆ ਨੁਕਸਾਨ
NEXT STORY