ਤਰਨਤਾਰਨ (ਰਮਨ)- ਨੌਜਵਾਨਾਂ ’ਚ ਅੱਜ ਕੱਲ ਆਪਣੀ ਬਾਹਰੀ ਚੰਗੀ ਸਿਹਤ ਬਨਾਉਣ ਦੇ ਚੱਕਰ ’ਚ ਅੰਦਰੂਨੀ ਸਿਹਤ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡੀ ਰਹੀ ਹੈ,ਜਿਸ ਕਾਰਨ ਬਾਜ਼ਾਰਾਂ ਅਤੇ ਹੈੱਲਥ ਕਲੱਬਾਂ ’ਚ ਧੜੱਲੇ ਨਾਲ ਵਿਕ ਰਹੇ ਫੂਡ ਪ੍ਰੋਡੈਕਟਾਂ ਦੀ ਵਰਤੋਂ ਕਰਨ ਨਾਲ ਨੌਜਵਾਨ ਕਥਿਤ ਤੌਰ ’ਤੇ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਿਹਤ ਬਨਾਉਣ ਦਾ ਦਾਅਵਾ ਕਰਨ ਵਾਲੇ ਪ੍ਰੋਡੈਕਟਾਂ ਦੀ ਵਰਤੋਂ 15 ਤੋਂ 40 ਸਾਲ ਤੱਕ ਦੇ ਨੌਜਵਾਨਾਂ ਵਲੋਂ ਜ਼ਿਆਦਾ ਕੀਤੀ ਜਾ ਰਹੀ ਹੈ, ਜਿਸ ਦੇ ਨੁਕਸਾਨ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਜਲਦ ਠੋਸ ਕਦਮ ਚੁੱਕਣ ਦੀ ਲੋੜ ਹੈ।
ਸਿਹਤ ਕਰ ਰਹੇ ਖਰਾਬ
ਵੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਸਿਹਤ ਬਨਾਉਣ ਦੇ ਚੱਕਰ ’ਚ ਚੰਗੀ ਖੁਰਾਕ ਨੂੰ ਛੱਡ ਬਾਜ਼ਾਰ ’ਚ ਵਿਕਣ ਵਾਲੇ ਘਟੀਆ ਅਤੇ ਨਕਲੀ ਫੂਡ ਪ੍ਰੋਡੈਕਟਾਂ ਦਾ ਇਸਤੇਮਾਲ ਬਿਨਾਂ ਕਿਸੇ ਮਾਹਿਰ ਦੀ ਸਲਾਹ ਤੋਂ ਕਰਨ 'ਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਇਨ੍ਹਾਂ ਫੂਡ ਪ੍ਰੋਡੈਕਟਾਂ (ਮਸਲ ਬਨਾਉਣ ਵਾਲੇ) ਦੇ ਇਸਤੇਮਾਲ ਨਾਲ ਜ਼ਿਆਦਾਤਰ ਨੌਜਵਾਨ ਆਪਣੇ ਸਰੀਰ ਦੇ ਅਹਿਮ ਅੰਗਾਂ ਜਿਵੇਂ ਕਿ ਕਿਡਨੀ, ਲੀਵਰ, ਕੈਂਸਰ, ਆਂਤੜੀਆਂ ਆਦਿ ਨੂੰ ਭਾਰੀ ਨੁਕਸਾਨ ਪਹੁੰਚਾ ਆਪਣੇ ਜੀਵਨ ਨੂੰ ਹਨ੍ਹੇਰੇ ਵੱਲ ਧੱਕ ਰਹੇ ਹਨ। ਹੈਲਥ ਕਲੱਬਾਂ ਅਤੇ ਦੁਕਾਨਾਂ ’ਤੇ ਵਿਕਣ ਵਾਲੇ ਕਰੋਟੀਨ, ਪ੍ਰੋਟੀਨ, ਵੇ-ਪ੍ਰੋਟੀਨ, ਗਲੁਕੋਸਾਮਾਈਨ ਪਾਉਡਰ, ਮੈਗਾ ਮਾਸ, ਕੈਲੋਰੀਆ, ਬੌਡੀ ਗਰੋਅ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰੋਡੈਕਟ ਸ਼ਾਮਲ ਹਨ। ਇਹ ਪ੍ਰੋਡੈਕਟ ਜ਼ਿਲੇ ਦੇ ਹਰ ਖੇਤਰ 'ਚ ਮੌਜੂਦ ਜਿੰਮਾਂ ਤੋਂ ਇਲਾਵਾ ਸ਼ੌ ਰੂਮਾਂ ’ਚ ਡਿਸਪਲੇਅ ਕਰ ਧਡ਼ੱਲੇ ਨਾਲ ਵਿੱਕ ਰਹੇ ਹਨ, ਜਿਨ੍ਹਾਂ ਦੀ ਕੀਮਤ 200 ਤੋਂ 8000 ਰੁਪਏ ਤੱਕ ਵਸੂਲ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਜ਼ਿਆਦਾਤਰ ਵਪਾਰੀਆਂ ਵਲੋਂ ਉੱਕਤ ਪ੍ਰੋਡੈਕਟ ਖੁੱਦ ਫੈਕਟਰੀਆਂ ਤੋਂ ਤਿਆਰ ਕਰਵਾ ਮਨ ਮਰਜ਼ੀ ਦੇ ਰੇਟ ਵਸੂਲ ਕੀਤੇ ਜਾ ਰਹੇ ਹਨ।
ਸਿਹਤ ਵਿਭਾਗ ਵਲੋਂ ਚੁੱਕੇ ਜਾਣ ਠੋਸ ਕਦਮ
ਜੇ ਕਾਨੂੰਨ ਦੀ ਗੱਲ ਕਰੀਏ ਤਾਂ ਕਲੱਬਾਂ ਆਦਿ ’ਚ ਫੂਡ ਪ੍ਰੋਡੈਕਟਾਂ ਦਾ ਕਾਰੋਬਾਰ ਕਰਨ ਲਈ ਐੱਫ. ਐੱਸ. ਐੱਸ. ਆਈ ਦਾ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ ਪ੍ਰੰਤੂ ਜ਼ਿਲੇ ਅੰਦਰ ਮੌਜੂਦ ਹੈੱਲਥ ਕਲੱਬਾਂ ਅਤੇ ਦੁਕਾਨ ਮਾਲਕਾਂ ਵਲੋਂ ਬਿਨਾਂ ਮਨਜੂਰੀ ਘਟੀਆ ਕਿਸਮ ਦੇ ਪ੍ਰੋਡੈਕਟ ਵੇਚਦੇ ਹੋਏ ਮੋਟੀ ਕਮਾਈ ਕੀਤੀ ਜਾ ਰਹੀ ਹੈ। ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਜੇ ਜਲਦ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ’ਚ ਦੇਸ਼ ਦਾ ਭਵਿੱਖ ਹੋਰ ਖ਼ਤਰੇ ’ਚ ਪੈ ਜਾਵੇਗਾ।
ਸਿਹਤ ਦਾ ਹੋ ਰਿਹਾ ਨੁਕਸਾਨ
ਅਮਨਦੀਪ ਕਮਲ ਹਸਪਤਾਲ ਦੇ ਮਾਲਕ ਅਤੇ ਢਿੱਡ ਰੋਗਾਂ ਦੇ ਮਾਹਿਰ ਡਾਕਟਰ ਡਾ. ਸੰਤੋਖ ਸਿੰਘ (ਐੱਮ.ਡੀ) ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਫੂਡ ਪ੍ਰੋਡੈਕਟਾਂ ਦੀ ਵਰਤੋਂ ਬਡ਼ੇ ਧਿਆਨ ਨਾਲ ਕਰਨ ਦੀ ਲੋੜ ਹੈ ਕਿਉਂਕਿ ਇਨ੍ਹਾਂ ਫੂਡ ਪ੍ਰੋਡੈਕਟਾਂ ਦੀ ਜ਼ਿਆਦਾ ਵਰਤੋਂ ਨਾਲ ਇਨਸਾਨ ਦੀਆਂ ਕਿਡਨੀਆਂ, ਲੀਵਰ, ਹਾਰਟ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਸਤੂ ਦੀ ਬਿਨਾਂ ਸਲਾਹ ਤੋਂ ਵਰਤੋਂ ਨਹੀਂ ਕਰਨੀ ਚਾਹੀਦੀ।
ਇਹ ਖ਼ਬਰ ਵੀ ਪੜ੍ਹੋ : ਕੀ ਖਾਲੀ ਢਿੱਡ ਗਰਮ ਪਾਣੀ ਪੀਣ ਨਾਲ ਭਾਰ ਘੱਟ ਹੁੰਦਾ ਹੈ? ਜਾਣੋ ਕੀ ਹੈ ਸੱਚ
ਨੌਜਵਾਨ ਚੰਗੀ ਖੁਰਾਕ ਦੀ ਕਰਨ ਵਰਤੋਂ
ਆਲ ਇਜ਼ ਵੈੱਲ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਲੋਡ਼ ਤੋਂ ਜ਼ਿਆਦਾ ਪ੍ਰੋਟੀਨ, ਕੈਲਸ਼ੀਅਮ ਆਦਿ ਦੀ ਵਰਤੋਂ ਸਾਡੇ ਸਰੀਰ ਲਈ ਨੁਕਸਾਨਦਾਇਕ ਬਣ ਸਕਦੀ ਹੈ। ਜਿਸ ਲਈ ਸਾਨੂੰ ਰੋਜ਼ਾਨਾ ਹਰੀਆਂ ਸਬਜ਼ੀਆਂ, ਫੱਲ, ਫਾਈਬਰ ਆਦਿ ਦੀ ਵਰਤੋਂ ਜ਼ਿਆਦਾ ਕਰਨ ਦੀ ਲੋੜ ਹੈ। ਰੋਜ਼ਾਨਾ ਰਾਤ ਦਾ ਖਾਣਾ ਸਮੇਂ ਸਿਰ ਲੈਣ ਦੇ ਨਾਲ-ਨਾਲ ਰੋਜ਼ਾਨਾ 3 ਲੀਟਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸੈਰ ਅਤੇ ਯੋਗ ਬਹੁਤ ਜ਼ਰੂਰੀ ਹੈ।
ਚੰਗੀ ਖੁਰਾਕ ਨਾਲ ਬਣਾਓ ਸਿਹਤ
ਇਨਡੋਰ ਸਟੇਡੀਅਮ ਵਿਖੇ ਖਿਡਾਰੀਆਂ ਦੇ ਕੋਚ ਪਹਿਲਵਾਨ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਜ਼ਾਰੀ ਪ੍ਰੋਡੈਕਟਾਂ ਦੀ ਵਰਤੋਂ ਕਰਨ ਦੀ ਬਜਾਏ ਨੌਜਵਾਨ ਡ੍ਰਾਈ ਫਰੂਟ, ਦੁੱਧ, ਫੱਲ, ਹਰੀਆਂ ਸਬਜ਼ੀਆਂ, ਘਿਓ ਦੀ ਲੋੜ ਅਨੁਸਾਰ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਮਾੜੇ ਕੰਮਾਂ ਤੋਂ ਕਿਨਾਰਾ ਕਰਦੇ ਹੋਏ ਆਪਣਾ ਧਿਆਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਜ਼ਰੂਰ ਲਗਾਉਣਾ ਚਾਹੀਦਾ ਹੈ।
ਜਲਦ ਹੋਵੇਗੀ ਕਾਰਵਾਈ
ਸਿਵਲ ਸਰਜਨ ਡਾ. ਕਮਲਦੀਪ ਸਿੱਧੂ ਨੇ ਦੱਸਿਆ ਕਿ ਜਲਦ ਹੀ ਫੂਡ ਪ੍ਰੋਡੈਕਟਾਂ ਦੀ ਵਿਕਰੀ ਕਰਨ ਵਾਲਿਆਂ ਦੇ ਸੈਂਪਲ ਸੀਲ ਕੀਤੇ ਜਾਣਗੇ, ਜਿਸ ’ਚ ਕਿਸੇ ਦਾ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ।ਉਨ੍ਹਾਂ ਚੇਤਾਵਨੀ ਦਿੱਤੀ ਕਿ ਬਿਨਾਂ ਮਨਜੂਰੀ ਕੋਈ ਵੀ ਅਜਿਹਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚੋਂ ਚਾਰ ਤੋਲੇ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਚੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
NEXT STORY