ਚੰਡੀਗੜ੍ਹ(ਰਮਨਜੀਤ)- ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕਤਲ ਹੋਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲਸ ਵਲੋਂ ਕਰੀਬ 18 ਘੰਟੇ ਹਿਰਾਸਤ ’ਚ ਰੱਖੇ ਜਾਣ ਉਪਰੰਤ ਬੁੱਧਵਾਰ ਦੁਪਹਿਰੇ ਰਿਹਾਅ ਕਰ ਦਿੱਤਾ ਗਿਆ। ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਲਖੀਮਪੁਰ ਖੀਰੀ ਜਾ ਰਹੇ ਇਸ ਵਫ਼ਦ ਨੂੰ ਮੰਗਲਵਾਰ ਸ਼ਾਮ ਨੂੰ ਯੂ.ਪੀ. ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ‘ਆਪ’ ਦੇ ਭਾਰੀ ਸਿਆਸੀ ਦਬਾਅ ਕਾਰਨ ਯੂ.ਪੀ. ਪੁਲਸ ਨੂੰ ਨਾ ਕੇਵਲ ਪੰਜਾਬ ਦਾ ਵਫ਼ਦ ਬੁੱਧਵਾਰ ਦੁਪਹਿਰ ਰਿਹਾ ਕਰਨਾ ਪਿਆ, ਸਗੋਂ ‘ਸ਼ਹੀਦ ‘ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਵੀ ਦੇਣੀ ਪਈ।
ਇਹ ਵੀ ਪੜ੍ਹੋ- ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਬਰਦਾਸ਼ਤ : ਗਿਲਜੀਆਂ
ਇਸ ਉਪਰੰਤ ‘ਆਪ’ ਦਾ ਵਫ਼ਦ ਸਭ ਤੋਂ ਪਹਿਲਾਂ ਲਖੀਮਪੁਰ ਜ਼ਿਲੇ ਦੇ ਪਿੰਡ ਧੌਰਹਿਰਾ ਦੇ ‘ਸ਼ਹੀਦ’ ਕਿਸਾਨ ਨਛੱਤਰ ਸਿੰਘ ਦੇ ਘਰ ਗਿਆ। ਇਸ ਤੋਂ ਬਾਅਦ ਵਫ਼ਦ ਨੇ ਕਤਲ ਕੀਤੇ ਗਏ ਸਥਾਨਕ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਵਫ਼ਦ ਦੇ ਬਾਕੀ ਮੈਂਬਰਾਂ ’ਚ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ ਅਤੇ ਅਮਰਜੀਤ ਸਿੰਘ ਸੰਦੋਆ (ਸਾਰੇ ਵਿਧਾਇਕ) ਸ਼ਾਮਲ ਸਨ।
ਬਿਆਨ ’ਚ ਰਾਘਵ ਚੱਢਾ ਨੇ ਕਿਹਾ ਕਿ ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ, ਉਨ੍ਹਾਂ (ਚੱਢਾ) ਨੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫ਼ੋਨ ’ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਵਾਈ ਗਈ। ਚੱਢਾ ਅਨੁਸਾਰ, ‘ਮੁੱਖ ਮੰਤਰੀ ਕੇਜਰੀਵਾਲ ਨੇ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਸਾਰੇ ਪੀੜਤ ਕਿਸਾਨ ਪਰਿਵਾਰਾਂ ਦੀ ਹਰ ਸੰਭਵ ਕਾਨੂੰਨੀ ਅਤੇ ਆਰਥਿਕ ਮਦਦ ਕਰੇਗੀ। ਹਮੇਸ਼ਾ ਨਾਲ ਖੜ੍ਹੀ ਰਹੇਗੀ। ਕਿਸੇ ਵੀ ਕਿਸਮ ਦੀ ਮਦਦ ਲਈ ਫ਼ੋਨ ਦੀ ਸਿਰਫ਼ ਇਕ ਘੰਟੀ ’ਤੇ ਹਾਜ਼ਰ ਰਹੇਗੀ।
ਇਹ ਵੀ ਪੜ੍ਹੋ- ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਲਖੀਮਪੁਰ ਖੀਰੀ ਮਾਮਲੇ 'ਤੇ ਯੂ.ਪੀ ਸਰਕਾਰ ਦੇਵੇ ਇਨਸਾਫ : ਬਾਦਲ (ਵੀਡੀਓ)
ਚੱਢਾ ਨੇ ਕਿਹਾ ਕਿ ਵਫ਼ਦ ਨੇ ਪੀੜਤ ਪਰਿਵਾਰਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਹਰ ਮਦਦ ਅਤੇ ਪੱਕੇ ਸਾਥ ਦਾ ਭਰੋਸਾ ਦਿੱਤਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਅਤੇ ਯੋਗੀ ਸਰਕਾਰਾਂ ਨੂੰ ਆਪਣੇ ਹਊਮੈ ਦੀ ਲੜਾਈ ਤਿਆਗ ਕੇ ਅੰਨਦਾਤਾ ਅਤੇ ਕਿਰਤੀ ਮਜ਼ਦੂਰਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਖੇਤੀ ਵਿਰੋਧੀ ਸਾਰੇ ਕਾਲੇ ਕਾਨੂੰਨ ਤੁਰੰਤ ਵਾਪਸ ਲੈ ਕੇ ਸਾਰੀਆਂ ਫ਼ਸਲਾਂ ਦੀ ਐੱਮ.ਐੱਸ.ਪੀ. ’ਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਹੈ।
ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਬਰਦਾਸ਼ਤ : ਗਿਲਜੀਆਂ
NEXT STORY