ਚੰਡੀਗੜ੍ਹ (ਰਮਨਜੀਤ ਸਿੰਘ) : ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮੋਗਾ ਦੇ ਪਿੰਡ ਰੋਡੇ ਤੋਂ ਹੋਈ ਹੈ। ਇਹ ਪਿੰਡ ਸਾਬਕਾ ਖਾਲਿਸਤਾਨ ਸਮਰਥਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੱਦੀ ਪਿੰਡ ਹੈ। ਅੰਮ੍ਰਿਤਪਾਲ ਸਿੰਘ ਲਈ ਇਹ ਪਿੰਡ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਉਹ ਪਿੰਡ ਹੈ, ਜਿੱਥੇ ਅੰਮ੍ਰਿਤਪਾਲ ਸਿੰਘ ਚਰਚਾ ’ਚ ਆਇਆ ਅਤੇ ਤੁਰੰਤ ਹੀ ਮੀਡੀਆ ਦੀਆਂ ਸੁਰਖੀਆਂ ’ਚ ਆਉਣ ਲੱਗਾ। ਦਰਅਸਲ, ਅੰਮ੍ਰਿਤਪਾਲ ਸਿੰਘ ਦੇ ਦੁਬਈ ਤੋਂ ਪਰਤਣ ਤੋਂ ਬਾਅਦ ਅਕਤੂਬਰ 2022 ਦੌਰਾਨ ਇਸ ਪਿੰਡ ’ਚ ਇਕ ਵੱਡੇ ਇਕੱਠ ’ਚ ਦਸਤਾਰਬੰਦੀ ਕਰ ਕੇ ਚਰਚਾਵਾਂ ਸ਼ੁਰੂ ਹੋਈਆਂ ਸੀ, ਜਦੋਂ ਦੁਬਈ ਤੋਂ ਵਾਪਸ ਪੰਜਾਬ ਆਇਆ ਤਾਂ ਮੋਗਾ ਦੇ ਰੋਡੇ ਪਿੰਡ ਹੀ ਸੀ, ਜਿੱਥੇ ਅੰਮ੍ਰਿਤਪਾਲ ਸਿੰਘ ਨੇ ਕਈ ਸਿੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਹਾਜ਼ਰੀ ’ਚ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਮੁੱਖ ਦੇ ਤੌਰ ’ਤੇ ਸੇਵਾ ਸੰਭਾਲੀ ਅਤੇ ਫਿਰ ਚਰਚਾਵਾਂ ਤੇ ਵਿਵਾਦਾਂ ’ਚ ਰਹਿਣ ਲੱਗਾ। ਅਜਨਾਲਾ ਪੁਲਸ ਥਾਣੇ ਦੀ ਘਟਨਾ ਤੋਂ ਬਾਅਦ ਰਾਸ਼ਟਰੀ ਪੱਧਰ ’ਤੇ ਵੀ ਚਰਚਾਵਾਂ ’ਚ ਸ਼ਾਮਲ ਹੋਏ ਅੰਮ੍ਰਿਤਪਾਲ ਸਿੰਘ ਨੂੰ ਉਕਤ ਘਟਨਾ ਦੇ ਕਈ ਦਿਨਾਂ ਬਾਅਦ 18 ਮਾਰਚ ਨੂੰ ਪੰਜਾਬ ਪੁਲਸ ਨੇ ਫੜਨ ਦਾ ਪਲਾਇਨ ਬਣਾਇਆ ਅਤੇ ਇਸ ਲਈ ਜਲੰਧਰ ਮੋਗਾ ਅਤੇ ਲੁਧਿਆਣਾ ਪੁਲਸ ਦੀਆਂ ਟੀਮਾਂ ਨੂੰ ਚੌਕਸ ਕਰ ਦਿੱਤਾ ਗਿਆ ਪਰ ਸ੍ਰੀ ਮੁਕਤਸਰ ਸਾਹਿਬ ਵੱਲ ਜਾਂਦੇ ਸਮੇਂ ਪੰਜਾਬ ਪੁਲਸ ਵੱਲੋਂ ਇੱਕ ਥਾਂ ’ਤੇ ਰੋਕੇ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਉਥੋਂ ਇਸ ਤਰ੍ਹਾਂ ਫਰਾਰ ਹੋਇਆ ਕਿ ਦੁਬਾਰਾ ਪੁਲਸ ਦੇ ਹੱਥੀ ਪੂਰੇ 36 ਦਿਨਾਂ ਬਾਅਦ ਲੱਗਾ। ਚਰਚਾਵਾਂ ਰਹੀਆਂ ਹਨ ਅਤੇ ਪੁਲਸ ਵੀ ਇਹ ਦਾਅਵਾ ਕਰਦੀ ਰਹੀ ਹੈ ਕਿ 18 ਮਾਰਚ ਨੂੰ ਪੁਲਸ ਨੂੰ ਚਕਮਾ ਦੇਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ਸਤਲੁਜ ਦਰਿਆ ਪਾਰ ਕਰ ਕੇ ਲੁਧਿਆਣਾ ਪਹੁੰਚ ਗਏ ਸਨ।
ਇਹ ਵੀ ਪੜ੍ਹੋ : ਇਤਿਹਾਸ ਗਵਾਹ ਹੈ, ਜਿਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਦੇ ਵੀ ਕਾਮਯਾਬ ਨਹੀਂ ਹੋਏ : ਚੀਮਾ
ਉਸ ਤੋਂ ਬਾਅਦ 23 ਮਾਰਚ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਪਹੁੰਚੇ, ਜਿਥੋਂ ਮਿਲੇ ਸੀ. ਸੀ. ਟੀ. ਵੀ. ਫੁਟੇਜ ਤੋਂ ਪੁਲਸ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਸ ਤੋਂ ਬਾਅਦ ਹੀ ਪੰਜਾਬ ਪੁਲਸ ਵੱਲੋਂ ਨਾ ਸਿਰਫ ਉੱਤਰਾਖੰਡ ਪੁਲਸ, ਸਗੋਂ ਉੱਤਰ ਪ੍ਰਦੇਸ਼ ਅਤੇ ਨੇਪਾਲ ਨੂੰ ਵੀ ਅੰਮ੍ਰਿਤਪਾਲ ਸਿੰਘ ਬਾਰੇ ਅਲਰਟ ਕਰ ਦਿੱਤਾ ਗਿਆ। ਇਸ ਜਾਂਚ ਦੌਰਾਨ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਪਟਿਆਲਾ ਸ਼ਹਿਰ ਦੀ ਇਕ ਔਰਤ ਦਾ ਸਕੂਟਰ ਲੈ ਕੇ ਕੁਰੂਕਸ਼ੇਤਰ ਪੁੱਜੇ ਸਨ। ਬਾਅਦ ’ਚ ਮਿਲੇ ਕੁਝ ਇਨਪੁਟਸ ’ਚ ਅੰਮ੍ਰਿਤਪਾਲ ਸਿੰਘ ਉਤਰਾਖੰਡ ਦੇ ਤਰਾਈ ਇਲਾਕੇ ’ਚ ਮੌਜੂਦ ਹੋਣ ਦਾ ਪਤਾ ਲੱਗਾ ਪਰ ਉਹ ਦੋਵੇਂ ਉਥੋਂ ਵੀ ਚਲੇ ਗਏ। 29 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਦਾ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ’ਚ ਉਸ ਨੇ ਆਪਣੀ ਗ੍ਰਿਫਤਾਰੀ ਅਤੇ ਹਾਲਤ ਬਾਰੇ ਦੱਸਿਆ ਸੀ। ਇਸ ਤੋਂ ਪੁਲਸ ਨੂੰ ਪਤਾ ਲੱਗਾ ਕਿ ਉਕਤ ਵੀਡੀਓ ਪੰਜਾਬ ਦੇ ਹੁਸ਼ਿਆਰਪੁਰ ਅਤੇ ਫਗਵਾੜਾ ਦੇ ਇਲਾਕੇ ’ਚ ਸ਼ੂਟ ਅਤੇ ਅਪਲੋਡ ਕੀਤੀ ਗਈ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਪਿੰਡਾਂ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਦੋਵਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਪਰ ਇਸ ਗੱਲ ਦੀ ਪੁਸ਼ਟੀ ਜ਼ਰੂਰ ਹੋਈ ਕਿ ਇਹ ਦੋਵੇਂ ਉਤਰਾਖੰਡ ਤੋਂ ਪੰਜਾਬ ਆਏ ਸਨ ਅਤੇ ਜਿਸ ਗੱਡੀ ’ਚ ਉਹ ਪਹੁੰਚੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਕਥੂਨੰਗਲ ਇਲਾਕੇ ਤੋਂ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਠੋਸ ਜਾਣਕਾਰੀ ਹਾਸਲ ਹੋਈ।
ਪਤਨੀ ਨੂੰ ਲੰਡਨ ਜਾਣ ਤੋਂ ਰੋਕਿਆ
ਪੰਜਾਬ ਪੁਲਸ ਨੇ 21 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੂੰ ਪੁਲਸ ਦੇ ਕਹਿਣ ’ਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਲੰਡਨ ਜਾਣ ਤੋਂ ਰੋਕ ਲਿਆ ਗਿਆ। ਚਰਚਾ ਹੈ ਕਿ ਇਸ ਘਟਨਾ ਨੇ ਅੰਮ੍ਰਿਤਪਾਲ ਸਿੰਘ ਨੂੰ ਕਾਨੂੰਨ ਨਾਲ ਚੱਲ ਰਹੀ ਲੁਕਣ-ਮੀਟੀ ਨੂੰ ਖਤਮ ਕਰਨ ਲਈ ਮਜਬੂਰ ਕਰ ਦਿੱਤਾ।
ਇਹ ਵੀ ਪੜ੍ਹੋ : ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਬਿਨਾ ਕਿਸੇ ਖੂਨ -ਖਰਾਬੇ ਦੇ ਇੰਨੇ ਵੱਡੇ ਆਪ੍ਰੇਸ਼ਨ ਨੂੰ ਸਫ਼ਲਤਾ ਮਿਲੀ : ਕੰਗ
ਪੰਜਾਬ ’ਚ ਰੱਖਣ ਨਾਲ ਕਾਨੂੰਨ-ਵਿਵਸਥਾ ’ਤੇ ਪੈ ਸਕਦਾ ਹੈ ਅਸਰ
ਇਨ੍ਹਾਂ ਨੂੰ ਪੰਜਾਬ ਤੋਂ ਸੈਂਕੜੇ ਮੀਲ ਦੂਰ ਡਿਬਰੂਗੜ੍ਹ ਜੇਲ ’ਚ ਭੇਜਣ ਪਿੱਛੇ ਕੇਂਦਰੀ ਏਜੰਸੀਆਂ ਦੀ ਮਨਸ਼ਾ ਇਹ ਰਹੀ ਹੈ ਕਿ ਇਨ੍ਹਾਂ ਨੂੰ ਪੰਜਾਬ ’ਚ ਰੱਖਣ ਨਾਲ ਅਮਨ-ਕਾਨੂੰਨ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕ ਪੁੱਜੇ ਸਨ, ਉਸੇ ਤਰ੍ਹਾਂ ਦੀ ਸਥਿਤੀ ਜੇਲ ਦੇ ਬਾਹਰ ਵੀ ਪੈਦਾ ਹੋ ਸਕਦੀ ਹੈ, ਜਿੱਥੇ ਅੰਮ੍ਰਿਤਪਾਲ ਸਿੰਘ ਜਾਂ ਉਸ ਦੇ ਸਮਰਥਕਾਂ ਨੂੰ ਰੱਖਿਆ ਗਿਆ ਹੋਵੇਗਾ ਪਰ ਆਸਾਮ ਵਰਗੇ ਸੂਬੇ ’ਚ ਇਨ੍ਹਾਂ ਖਾਲਿਸਤਾਨ ਸਮਰਥਕਾਂ ਨੂੰ ਭੇਜ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਇਸ ਪ੍ਰੇਸ਼ਾਨੀ ਤੋਂ ਮੁਕਤ ਹੋ ਗਈ ਹੈ। ਉਕਤ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਤੋਂ ਸੈਂਕੜੇ ਸਮਰਥਕਾਂ ਦਾ ਆਸਾਮ ਜਾਣਾ ਬਹੁਤ ਔਖਾ ਹੈ। ਦੂਜੇ ਪਾਸੇ ਜੇਕਰ ਉਸ ਦੇ ਸਮਰਥਕ ਵੀ ਉੱਥੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਦੀ ਸਪੱਸ਼ਟ ਪਛਾਣ ਹੋ ਸਕੇਗੀ ਕਿਉਂਕਿ ਉਨ੍ਹਾਂ ਦੀ ਪੰਜਾਬ ਜਾਂ ਉੱਤਰੀ ਭਾਰਤ ਦੀ ਬਜਾਏ ਆਸਾਮ ’ਚ ਆਸਾਨੀ ਨਾਲ ਪਛਾਣ ਹੋ ਜਾਵੇਗੀ।
ਬਿਨਾਂ ਅਦਾਲਤ ’ਚ ਪੇਸ਼ ਕੀਤੇ 6 ਮਹੀਨੇ ਰੱਖ ਸਕਦੇ ਹਾਂ ਹਿਰਾਸਤ ’ਚ
ਉਕਤ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਫੜੇ ਗਏ ਦੋਸ਼ੀ ਨੂੰ 6 ਮਹੀਨੇ ਤੱਕ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ। ਉਸ ਨੂੰ ਬਿਨਾਂ ਕਿਸੇ ਅਦਾਲਤ ’ਚ ਪੇਸ਼ ਕੀਤੇ 6 ਮਹੀਨੇ ਤੱਕ ਰੱਖਣ ਦੀ ਵਿਵਸਥਾ ਹੈ। ਇਸ ਤੋਂ ਬਾਅਦ ਵੀ ਐੱਨ. ਐੱਸ. ਸਲਾਹਕਾਰ ਬੋਰਡ ਫੈਸਲਾ ਕਰਦਾ ਹੈ ਕਿ ਕੀ ਦੋਸ਼ੀ ਅਜੇ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਜਾਂ ਨਹੀਂ। ਇਹ ਬੋਰਡ ਹੀ ਫੈਸਲਾ ਕਰਦਾ ਹੈ ਕਿ ਉਸ ਦੋਸ਼ੀ ਦੀ ਹਿਰਾਸਤ ਦੀ ਮਿਆਦ ਵਧਾਈ ਜਾਵੇ ਜਾਂ ਨਹੀਂ। ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਸਵਾਲ ’ਤੇ ਉੱਚ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਇਜਾਜ਼ਤ ਜਾਂਚ ਏਜੰਸੀਆਂ ਦੇ ਹੱਥ ’ਚ ਹੈ। ਆਗਿਆ ਅਤੇ ਸ਼ਰਤ ਦੇ ਨਾਲ, ਭਾਵ, ਜੇ ਉਹ ਆਗਿਆ ਦਿੰਦੇ ਵੀ ਹਨ, ਤਾਂ ਕਿਸੇ ਨਾ ਕਿਸੇ ਸ਼ਰਤ ਨਾਲ।
ਕਦੋਂ-ਕਦੋਂ ਤੇ ਕੀ ਹੋਇਆ
20 ਮਾਰਚ : ਅੰਮ੍ਰਿਤਪਾਲ ਦੇ ਚਾਚੇ ਅਤੇ ਡਰਾਈਵਰ ਨੇ ਕੀਤਾ ਆਤਮ- ਸਮਰਪਣ, 5 ’ਤੇ ਲੱਗਾ ‘ਰਾਸ਼ਟਰੀ ਸੁਰੱਖਿਆ ਐਕਟ’ ।
21 ਮਾਰਚ : ਜਿਸ ਬ੍ਰੇਜ਼ਾ ਕਾਰ ’ਚ ਅੰਮ੍ਰਿਤਪਾਲ ਫਰਾਰ ਹੋਇਆ ਸੀ, ਉਸ ਨੂੰ ਪੁਲਸ ਨੇ ਬਰਾਮਦ ਕੀਤਾ, ਉਸ ’ਚ ਅੰਮ੍ਰਿਤਪਾਲ ਸਿੰਘ ਦੇ ਕੱਪੜੇ ਮਿਲੇ।
22 ਮਾਰਚ : ਰੇਹੜੇ ’ਤੇ ਮੋਟਰਸਾਈਕਲ ਲੈ ਕੇ ਜਾਂਦਾ ਅੰਮ੍ਰਿਤਪਾਲ ਤੇ ਉਸ ਦਾ ਸਾਥੀ ਪਪਲਪ੍ਰੀਤ ਸਿੰਘ ਦੇਖਿਆ ਗਿਆ, ਦਾਰਾਪੁਰ ਤੋਂ ਮੋਟਰਸਾਈਕਲ ਬਰਾਮਦ ਹੋਇਆ।
23 ਮਾਰਚ : ਕੁਰੂਕਸ਼ੇਤਰ ਜ਼ਿਲੇ ਦੇ ਸ਼ਾਹਾਬਾਦ ਦੀ ਇਕ ਕਾਲੋਨੀ ’ਚ 2 ਦਿਨ ਤਕ ਰੁਕਿਆ ਅੰਮ੍ਰਿਤਪਾਲ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਫਰਾਰ ਹੋਇਆ।
28 ਮਾਰਚ : ਦਿੱਲੀ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵਾਇਰਲ, ਜਿਸ ’ਚ ਪਪਲਪ੍ਰੀਤ ਨਾਲ ਦੇਖਿਆ ਗਿਆ ਅੰਮ੍ਰਿਤਪਾਲ।
29 ਮਾਰਚ : ਵੀਡੀਓ ਜਾਰੀ ਕਰ ਕੇ ਕਿਹਾ, ਮੈਂ ਸੁਰੱਖਿਅਤ ਹਾਂ, ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
10 ਅਪ੍ਰੈਲ : ਅੰਮ੍ਰਿਤਪਾਲ ਦਾ ਕਰੀਬੀ ਪਪਲਪ੍ਰੀਤ ਸਿੰਘ ਕੱਥੂਨੰਗਲ ਤੋਂ ਗ੍ਰਿਫਤਾਰ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਬਿਨਾ ਕਿਸੇ ਖੂਨ -ਖਰਾਬੇ ਦੇ ਇੰਨੇ ਵੱਡੇ ਆਪ੍ਰੇਸ਼ਨ ਨੂੰ ਸਫ਼ਲਤਾ ਮਿਲੀ : ਕੰਗ
NEXT STORY