ਬੁਢਲਾਡਾ,(ਮਨਜੀਤ)— ਅੱਜ ਇਥੇ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਦੀ ਕੋਮੀ ਸੰਸਥਾ ਦੀ 33 ਵੇਂ ਸਲਾਨਾ ਸਮਾਗਮ 'ਚ ਉਚੇਚੇ ਤੌਰ 'ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸ਼ਾਮਲ ਹੋਈ । ਇਸ ਮੌਕੇ ਉਨ੍ਹਾਂ ਦੇਸ਼ ਦੀਆਂ ਵੱਖ-ਵੱਖ ਬ੍ਰਾਂਚਾਂ 'ਚੋਂ ਪੁੱਜੇ ਆਗੂਆਂ ਨਾਲ ਗੱਲਬਾਤ ਕਰਕੇ ਅੰਰਨਾਥ ਦੀ ਗੁਫਾ ਨੇੜੇ ਬਾਲਟਾਲ ਜੰਮੂ-ਕਸ਼ਮੀਰ ਵਿਖੇ ਲੱਗਣ ਵਾਲੇ ਭੰਡਾਰੇ ਲਈ ਆਪਣਾ ਯੋਗਦਾਨ ਪਾਇਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਐਸ਼ਪ੍ਰਸ਼ਤੀ 'ਚ ਰੁੱਝਿਆ ਹੋਇਆ ਹੈ ਅਤੇ ਖਜ਼ਾਨਾ ਮੰਤਰੀ ਵਿਕਾਸ ਲਈ ਇੱਕ ਨਵਾਂ ਪੈਸਾ ਵੀ ਖਰਚ ਕਰਕੇ ਰਾਜੀ ਨਹੀਂ ਹੈ। ਜਿਸ ਦੇ ਚੱਲਦਿਆਂ ਸਮੁੱਚੇ ਪੰਜਾਬ ਦੇ ਵਿਕਾਸ ਕੰਮ ਠੱਪ ਹੋ ਕੇ ਰਹਿ ਗਏ ਹਨ । ਬੀਬੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਦਾ ਸ਼ੁਰੂ ਤੋਂ ਹੀ ਕੰਜੂਸੀ ਭਰਿਆ ਸੁਭਾਅ ਰਿਹਾ ਹੈ। ਇਸ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਵਿੱਤ ਮੰਤਰੀ ਹੁੰਦਿਆਂ ਹੋਇਆਂ ਕਿਸਾਨੀ ਬਿਜਲੀ ਪਾਣੀ ਦੀਆਂ ਬੇਲੋੜੀਆਂ ਸਲਾਹਾਂ ਦੇ ਕੇ ਸਰਕਾਰ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਦਲ ਨੇ ਇਸ ਦੀ ਨੀਤ ਨੂੰ ਮੌਕੇ 'ਤੇ ਸਮਝ ਕੇ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ।
ਅੱਜ ਇਹ ਆਪਣੀਆਂ ਨੀਤੀਆਂ ਨਾਲ ਕਾਂਗਰਸ ਨੂੰ ਅਜਿਹੇ ਹੀ ਚਾਰ ਚੰਨ ਮੁੜ ਤੋਂ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਨੂੰ ਦੇਖਦਿਆਂ ਲੋਕ ਮੁੜ ਤੋਂ ਅਕਾਲੀ-ਭਾਜਪਾ ਸਰਕਾਰ ਨੂੰ ਯਾਦਕਰਨ ਲੱਗ ਪਏ ਹਨ ਅਤੇ ਕਾਂਗਰਸ ਦੇ ਝੂਠੇ ਵਾਅਦਿਆਂ ਅਤੇ ਲਾਰਿਆਂ ਤੋਂ ਅੱਕੇ ਲੋਕ ਹੁਣ 2019 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ 'ਚ ਕਾਂਗਰਸ ਦਾ ਸਫਾਇਆ ਕਰਕੇ ਰੱਖ ਦੇਣਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਸਮੇਤ ਵੱਖ-ਵੱਖ ਦੇਸ਼ ਦੀਆਂ ਸਾਖਾਵਾਂ 'ਚੋਂ ਪਹੁੰਚੇ ਆਗੂਆਂ ਨੇ ਬੀਬੀ ਬਾਦਲ ਨੂੰ ਫੁਕਾਰੀ ਦੇ ਕੇ ਸਨਮਾਨਿਤ ਕੀਤਾ । ਅਖੀਰ ਵਿੱਚ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਠੇਕੇਦਾਰ ਗੁਰਪਾਲ ਸਿੰਘ, ਕੋਂਸਲਰ ਵਿੱਕੀ ਜਲਾਨ ਨੇ ਕੇਂਦਰੀ ਮੰਤਰੀ ਬੀਬੀ ਬਾਦਲ ਅਤੇ ਉਨ੍ਹਾਂ ਦੀ ਟੀਮ ਦਾ ਪਹੁੰਚਣ 'ਤੇ ਧੰਨਵਾਦ ਕੀਤਾ।
ਮਕਾਨ ਦੀ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਦੇ ਮੁਲਾਜਮ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ
NEXT STORY